India International Punjab

ਦਿੱਲੀ ਪੁਲਿਸ ਨੇ ਆਸਟ੍ਰੇਲੀਆ ‘ਚ ਹੋਏ ਕਤਲ ਦੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, 2018 ਦਾ ਸੀ ਮਾਮਲਾ…

ਦਿੱਲੀ : ਸੰਨ 2018 ਵਿੱਚ ਆਸਟ੍ਰੇਲੀਆ ਦੀ ਇੱਕ ਬੀਚ ‘ਤੇ ਹੋਏ ਕਤਲ ਦੇ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਸਟਰੇਲੀਆ ਨਿਵਾਸੀ 24 ਸਾਲਾ ਟੋਯਾਹ ਕੋਰਡਿੰਗਲੇ ਦੀ ਹੱਤਿਆ ਦੇ ਦੋਸ਼ ਵਿੱਚ 38 ਸਾਲਾ ਰਾਜਵਿੰਦਰ ਸਿੰਘ ਤੇ ਲੱਗੇ ਸਨ ਤੇ ਉਹ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ।

ਫਾਰਮੇਸੀ ਵਰਕਰ ਟੋਯਾਹ ਕੋਰਡਿੰਗਲੇ ਦੀ ਲਾਸ਼ 21 ਅਕਤੂਬਰ, 2018 ਨੂੰ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਬੀਚ ‘ਤੇ ਮਿਲੀ ਸੀ। ਟੋਯਾਹ ਉਸ ਸਮੇਂ ਆਪਣੇ ਕੁੱਤੇ ਨਾਲ ਬੀਚ ‘ਤੇ ਸੈਰ ਕਰਨ ਗਈ ਸੀ। ਕਤਲ ਤੋਂ ਦੋ ਦਿਨ ਬਾਅਦ ਮੁਲਜ਼ਮ ਭਾਰਤ ਭੱਜ ਗਿਆ। ਆਸਟ੍ਰੇਲੀਆ ਦੀ ਪੁਲਿਸ ਨੇ ਉਸ ਦੀ ਸੂਚਨਾ ਦੇਣ ‘ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਭਾਰਤ ਸਰਕਾਰ ਨੇ ਪਿਛਲੇ ਮਹੀਨੇ ਹੀ ਰਾਜਵਿੰਦਰ ਦੀ ਹਵਾਲਗੀ ਦੀ ਮੰਗ ਮੰਨ ਲਈ ਸੀ।

ਮੁਲਜ਼ਮ ਆਸਟ੍ਰੇਲੀਆ ਦੇ ਇੱਕ ਹਸਪਤਾਲ ਵਿੱਚ ਨਰਸਿੰਗ ਸਹਾਇਕ ਵਜੋਂ ਕੰਮ ਕਰਦਾ ਸੀ। ਕਤਲ ਤੋਂ 2 ਦਿਨ ਬਾਅਦ ਉਹ ਆਪਣੇ 3 ਬੱਚਿਆਂ ਅਤੇ ਪਤਨੀ ਨੂੰ ਛੱਡ ਕੇ ਭੱਜ ਗਿਆ। ਪਿਛਲੇ ਸਾਲ ਮਾਰਚ ਵਿੱਚ ਆਸਟ੍ਰੇਲੀਆ ਸਰਕਾਰ ਨੇ ਭਾਰਤ ਸਰਕਾਰ ਨੂੰ ਉਸਦੀ ਹਵਾਲਗੀ ਲਈ ਬੇਨਤੀ ਕੀਤੀ ਸੀ।

ਨਵੰਬਰ ‘ਚ ਹੀ ਆਸਟ੍ਰੇਲੀਆ ਪੁਲਿਸ ਨੇ ਉਸ ਦੀ ਸੂਚਨਾ ‘ਤੇ 1 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਸੀ। ਇਹ ਆਸਟ੍ਰੇਲੀਆਈ ਰਾਜ ਪੁਲਿਸ ਦੁਆਰਾ ਕਿਸੇ ਨੂੰ ਗ੍ਰਿਫਤਾਰ ਕਰਨ ਲਈ ਦਿੱਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਕਮ ਹੈ। ਰਾਜਵਿੰਦਰ ਅੰਮ੍ਰਿਤਸਰ, ਪੰਜਾਬ ਦਾ ਰਹਿਣ ਵਾਲਾ ਹੈ। ਇਸੇ ਮਹੀਨੇ ਸਿਡਨੀ ਏਅਰਪੋਰਟ ਤੋਂ ਭੱਜਦੇ ਹੋਏ ਉਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ।