India Khaas Lekh Punjab

ਦਿੱਲੀ ਚੱਲੋ ਅੰਦੋਲਨ: ਨੌਜਵਾਨਾਂ ਦਾ ਬੌਧਿਕ ਵਿਕਾਸ, ਕਲਾਕਾਰਾਂ ਦੇ ਕ੍ਰਾਂਤੀਕਾਰੀ ਗੀਤ, ਹੁਣ ਤਕ ਅੰਦੋਲਨ ਦੀਆਂ ਪ੍ਰਾਪਤੀਆਂ ’ਤੇ ਖ਼ਾਸ ਰਿਪੋਰਟ

’ਦ ਖ਼ਾਲਸ ਟੀਵੀ (ਗੁਰਪ੍ਰੀਤ ਕੌਰ): ਖੇਤੀ ਸਬੰਧੀ ਬਣਾਏ ਨਵੇਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦਾ ਅੰਦੋਲਨ ਸਿਖ਼ਰਾਂ ’ਤੇ ਹੈ। ਇਹ ਅੰਦੋਲਨ ਕਿਸਾਨਾਂ ਨੇ ਸ਼ੁਰੂ ਕੀਤਾ ਸੀ, ਪਰ ਹੁਣ ਨੌਜਵਾਨ ਅਤੇ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਦਿੱਲੀ ਪੁੱਜ ਕੇ ਕਿਸਾਨਾਂ ਦੇ ਸੰਘਰਸ਼ ’ਚ ਸ਼ਮੂਲੀਅਤ ਕਰ ਰਹੇ ਹਨ। ਇਸ ਅੰਦੋਲਨ ਵਿੱਚ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਚਾਹੇ ਬੱਚੇ ਹੋਣ, ਨੌਜਵਾਨ, ਬੀਬੀਆਂ ਜਾਂ ਕਿਸਾਨ, ਪੰਜਾਬ ਵਿੱਚ ਹਰ ਵਰਗ ਜਾਗਰੂਕ ਹੁੰਦਾ ਨਜ਼ਰ ਆ ਰਿਹਾ ਹੈ।

ਇਕੱਲੇ ਪੰਜਾਬ ਜਾਂ ਭਾਰਤ ਦੇ ਹੀ ਨਹੀਂ, ਬਲਕਿ ਦੇਸ਼-ਵਿਦੇਸ਼ ਦੇ ਕਿਸਾਨ ਅਤੇ ਖ਼ਾਸ ਕਰਕੇ ਨੌਜਵਾਨ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਬੀਤੇ ਕੁਝ ਦਿਨਾਂ ਤੋਂ ਵਿਦੇਸ਼ਾਂ ਵਿੱਚ ਵੀ ਕਿਸਾਨ ਅੰਦੋਲਨ ਦੀਆਂ ਖ਼ਬਰਾਂ ਆ ਰਹੀਆਂ ਹਨ। ਕੈਨੇਡਾ ਵਿੱਚ ਵੀ ਭਾਰਤੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

ਅੰਦੋਲਨ ਵਿੱਚ ਕਿਸਾਨਾਂ ਨੂੰ ਹਾਲੇ ਤਕ ਜਿੱਤ ਤਾਂ ਨਹੀਂ ਮਿਲੀ। ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਹੋ ਰਹੀ ਹੈ। ਸਰਕਾਰ ਕਿਸਾਨਾਂ ਦੇ ਰੋਹ ਅੱਗੇ ਥੋੜਾ ਝੁਕਦੀ ਨਜ਼ਰ ਵੀ ਆ ਰਹੀ ਹੈ। ਹਾਲਾਂਕਿ ਸਰਕਾਰ ਨੇ ਕਾਨੂੰਨ ਵਾਪਿਸ ਲੈਣ ਸਬੰਧੀ ਹਾਲੇ ਤਕ ਕੋਈ ਇਸ਼ਾਰਾ ਨਹੀਂ ਕੀਤਾ। ਪਰ ਇਸ ਸੰਘਰਸ਼ ਤੋਂ ਬਹੁਤ ਕੁਝ ਮਿਲ ਰਿਹਾ ਹੈ। ਖ਼ਾਸ ਕਰਕੇ ਪੰਜਾਬ ਨੂੰ ਇਸ ਅੰਦੋਲਨ ਤੋਂ ਬਹੁਤ ਪ੍ਰਾਪਤੀਆਂ ਹਾਸਲ ਹੋਈਆਂ ਹਨ।

ਹਰਿਆਣਾ ਤੇ ਰਾਜਸਥਾਨ ਪੰਜਾਬ ਨੂੰ ਵੱਡਾ ਭਰਾ ਕਹਿ ਕਿ ਬੁਲਾ ਰਹੇ ਹਨ। ਹਰਿਆਣਾ ਤੋਂ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਦਿੱਲੀ ਦੇ ਲੋਕ ਵੀ ਕਿਸਾਨਾਂ ਦੀ ਪੂਰੀ ਮਦਦ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਵਾਸੀਆਂ ਨੂੰ ਕਿਸਾਨਾਂ ਦੀ ਮਦਦ ਕਰਨ ਲਈ ਕਿਹਾ ਹੈ। ਦਿੱਲੀ ਦੇ ਬਹੁਤ ਸਾਰੇ ਲੋਕ ਆਪ-ਮੁਹਾਰੇ ਹੀ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ਲਈ ਵਹੀਰਾਂ ਘੱਤ ਕੇ ਬਾਰਡਰਾਂ ’ਤੇ ਆ ਰਹੇ ਹਨ।


ਕਿਵੇਂ ਵਧ ਰਿਹਾ ਨੌਜਵਾਨਾਂ ਦਾ ਬੌਧਿਕ ਪੱਧਰ

ਇਸ ਅੰਦੋਲਨ ਵਿੱਚ ਨੌਜਵਾਨਾਂ ਦਾ ਬੌਧਿਕ ਪੱਧਰ ਬਹੁਤ ਵਾਧਾ ਵਧਦਾ ਨਜ਼ਰ ਆ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਨੈਸ਼ਨਲ ਮੀਡੀਆ ਦੇ ਪੱਤਰਕਾਰ ਨੌਜਵਾਨਾਂ ਨੂੰ ਖੇਤੀ ਕਾਨੂੰਨਾਂ ’ਤੇ ਸਵਾਲ ਪੁੱਛਦੇ ਹਨ, ਇਸ ਲਈ ਉਹ ਇਨ੍ਹਾਂ ਕਾਨੂੰਨਾਂ ਦੀ ਵਿਸ਼ੇਸ਼ ਤੌਰ ’ਤੇ ਪੜ੍ਹਾਈ ਕਰ ਰਹੇ ਹਨ, ਤਾਂ ਜੋ ਇਸ ਦੇ ਹਰ ਪਹਿਲੂ ਨੂੰ ਸਮਝਿਆ ਜਾ ਸਕੇ। ਇਸ ਦੇ ਨਾਲ ਉਹ ਖੁੱਲ੍ਹ ਕੇ ਮੀਡੀਆ ਨਾਲ ਗੱਲਬਾਤ ਕਰ ਸਕਣਗੇ ਕਿ ਕਿਸ ਤਰ੍ਹਾਂ ਇਹ ਕਾਨੂੰਨ ਕਿਸਾਨਾਂ ਲਈ ਮਾਰੂ ਹਨ ਅਤੇ ਇਨ੍ਹਾਂ ਖ਼ਿਲਾਫ਼ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ।

ਅੰਦੋਲਨ ਦੇਖ ਕੇ ਨੌਜਵਾਨਾਂ ਵਿੱਚ ਜੋਸ਼ ਭਰ ਗਿਆ ਹੈ। ਬਹੁਤ ਸਾਰੇ ਨੌਜਵਾਨ ਆਪਣਾ ਸ਼ਾਨਾਮੱਤਾ ਇਤਿਹਾਸ ਸੁਣ-ਸੁਣ ਕੇ ਉਤਸ਼ਾਹਿਤ ਹੋ ਰਹੇ ਹਨ। ਬਜ਼ੁਰਗਾਂ ਕੋਲ ਬੈਠ ਕੇ ਸਿੱਖ ਇਤਿਹਾਸ ਦੀਆਂ ਗੱਲਾਂ ਸੁਣਦੇ ਹਨ। ਏਨਾ ਹੀ ਨਹੀਂ, ਬਹੁਤ ਸਾਰੇ ਨੌਜਵਾਨ ਤਾਂ ਇਤਿਹਾਸ ਜਾਣਨ ਲਈ ਕਿਤਾਬਾਂ ਵੀ ਪੜ੍ਹ ਰਹੇ ਹਨ।

ਬਹੁਤ ਸਾਰੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਨਾਂ ਵਿੱਚੋਂ ਹੁਣ ਵਿਦੇਸ਼ ਜਾਣ ਦਾ ਖ਼ਿਆਲ ਦੂਰ ਹੋ ਗਿਆ ਹੈ। ਉਹ ਆਪਣੇ ਹੱਕ ਲੈਣਗੇ ਅਤੇ ਇੱਥੇ ਹੀ ਰਹਿਣਗੇ। ਅਜਿਹਾ ਕਹਿੰਦਿਆਂ ਇੱਕ ਨੌਜਵਾਨ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ।

ਦਿੱਲੀ ਚੱਲੋ ਅੰਦੋਲਨ: ਵੇਖੋ ਦਿਲ ਨੂੰ ਟੁੰਬ ਲੈਣ ਵਾਲੀਆਂ ਕੁਝ ਵਾਇਰਲ ਤਸਵੀਰਾਂ


ਨੌਜਵਾਨਾਂ ਦੀ ‘ਯੂਥ ਬ੍ਰਿਗੇਡ’

ਖ਼ਬਰਾਂ ਆ ਰਹੀਆਂ ਹਨ ਕਿ ਕੁਝ ਸ਼ਰਾਰਤੀ ਤੱਤ ਅੰਦੋਲਨ ਵਿੱਚ ਘੁਸਪੈਠ ਕਰ ਰਹੇ ਹਨ ਤਾਂ ਕਿ ਕਿਸਾਨਾਂ ਤੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਸਕੇ। ਕੁਝ ਅਨਸਰਾਂ ਨੂੰ ਕਿਸਾਨਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਇਸ ਲਈ ਹੁਣ ਨੌਜਵਾਨਾਂ ਨੇ ਅੱਗੇ ਆ ਕੇ ‘ਯੂਥ ਬ੍ਰਿਗੇਡ’ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ।

ਇਸ ਦੇ ਤਹਿਤ ਨੌਜਵਾਨਾਂ ਨੂੰ ਅੰਦੋਲਨ ਵਿੱਚ ਸ਼ਰਾਰਤੀ ਤੱਤਾਂ ਵੱਲ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਘੁਸਪੈਠੀਏ ਆਪਣੇ ਮਨਸੂਬਿਆਂ ਨੂੰ ਪੂਰਾ ਨਾ ਕਰ ਸਕਣ। ਨੌਜਵਾਨ ਵਾਰੀ ਸਿਰ ਸ਼ਿਫਟਾਂ ਲਾ ਕੇ ਨਜ਼ਰ ਰੱਖਣਗੇ। ਇਸ ਨਾਲ ਨੌਜਵਾਨਾਂ ਨੂੰ ਕਾਫੀ ਉਤਸ਼ਾਹ ਮਿਲਿਆ ਹੈ।


ਨਸ਼ਿਆਂ ਦੇ ਧੱਬੇ ਤੋਂ ਛੁਟਕਾਰਾ

ਅਕਸਰ ਪੰਜਾਬ ਦੇ ਨੌਜਵਾਨਾਂ ’ਤੇ ਨਸ਼ਿਆਂ ਵਿੱਚ ਗ਼ਲਤਾਨ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਹਨ। ਬਹੁਤ ਸਾਰੇ ਲੀਡਰ ਚੋਣਾਂ ਵੇਲੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਦੇ ਵਾਅਦੇ ਕਰਦੇ ਹਨ। ਪਰ ਹੁਣ ਹਕੀਕਤ ਕੁਝ ਹੋਰ ਨਜ਼ਰ ਆ ਰਹੀ ਹੈ। ਪਿਛਲੇ ਕਈ ਦਿਨਾਂ ਤੇ ਮਹੀਨਿਆਂ ਤੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਨਾਲ ਖੇਤੀ ਕਾਨੂੰਨਾਂ ਵਿੱਚ ਸੰਘਰਸ਼ ਕਰ ਰਹੇ ਹਨ। ਅੰਦੋਲਨ ਦੌਰਾਨ ਨੌਜਵਾਨਾਂ ਨੇ ਬਹਾਦਰੀ ਦੇ ਸਬੂਤ ਪੇਸ਼ ਕੀਤੇ ਹਨ। ਹੱਥਾਂ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁੱਟੇ ਟੋਇਆਂ ਨੂੰ ਪੂਰਿਆ ਗਿਆ। ਨੌਜਵਾਨਾਂ ਨੇ ਪਾਣੀ ਦੀਆਂ ਬੁਛਾੜਾਂ ਸਹੀਆਂ, ਮੋਹਰੇ ਲੱਗ ਕੇ ਹੰਝੂ ਗੈਸ ਦੇ ਗੋਲ਼ੇ ਸਹੇ।
ਨੌਜਵਾਨਾਂ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਸਿੱਖ ਇਤਿਹਾਸ ਉਨ੍ਹਾਂ ਦੇ ਸਾਹਮਣੇ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਵਿੱਚ ਕਿਸਾਨੀ ਗੁਣ ਪਰਪੱਕ ਹੁੰਦੇ ਆ ਰਹੇ ਹਨ। ਨੌਜਵਾਨਾਂ ਦੇ ਬਿਆਨਾਂ ਮੁਤਾਬਕ ਉਨ੍ਹਾਂ ਨੂੰ ਬਜ਼ੁਰਗਾਂ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖ ਰਹੇ ਹਨ।


ਨੌਜਵਾਨ ਨੇ ਟਵਿੱਟਰ ’ਤੇ ਸਾਂਭਿਆ ਮੋਰਚਾ

ਸੰਘਰਸ਼ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਨੈਸ਼ਨਲ ਮੀਡੀਆ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਲਈ ਉਹ ਸੋਸ਼ਲ ਮੀਡੀਆ ਜ਼ਰੀਏ ਆਪਣੀ ਆਵਾਜ਼ ਦੇਸ਼ ਦੀ ਆਵਾਮ ਤਕ ਪਹੁੰਚਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਨੌਜਵਾਨਾਂ ਨੇ ਮੋਰਚਾ ਸਾਂਭ ਲਿਆ ਹੈ। ਕੁਝ ਨੌਜਵਾਨ ਤਾਂ ਨਵੇਂ ਖ਼ਾਤੇ ਬਣਾ ਕੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਪਾ ਰਹੇ ਹਨ।

ਦਰਅਸਲ ਸੋਸ਼ਲ ਮੀਡੀਆ ਉੱਤੇ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਏਜੰਡਿਆਂ ਨਾਲ ਜੋੜਿਆ ਜਾ ਰਿਹਾ ਹੈ। ਟਵਿੱਟਰ ‘ਤੇ ਆਏ ਦਿਨੀਂ ਕਿਸਾਨ ਵਿਰੋਧੀ ਪੋਸਟ ਵਾਇਰਲ ਹੋ ਰਹੀਆਂ ਹਨ। ਪਰ ਹੁਣ ਕਿਸਾਨਾਂ ਨੇ ਟਵਿਟਰ ਨੂੰ ਟਾਕਰਾ ਦੇਣ ਲਈ ਇੱਕ ਵੱਖਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ‘ਟਰੈਕਟਰ ਟੂ ਟਵਿਟਰ’ ਮੁਹਿੰਮ ਜ਼ਰੀਏ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕਰਨ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਟਵਿੱਟਰ ਖ਼ਾਤਾ ਬਣਾਉਣ ਅਤੇ ਉਸ ਨੂੰ ਵਰਤਣ ਸਬੰਧੀ ਬਕਾਇਦਾ ਵੀਡੀਓ ਬਣਾ ਕੇ ਨੌਜਵਾਨਾਂ ਨੂੰ ਸਿਖਾਇਆ ਵੀ ਜਾ ਰਿਹਾ ਹੈ। ਕਿਸਾਨਾਂ ਦੇ ਸਮਰਥਨ ਵਿੱਚ ਹਰ ਰੋਜ਼ ਨਵੇਂ ਹੈਸ਼ਟੈਗ ਚਲਾਏ ਜਾਂਦੇ ਹਨ। ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਟਵਿੱਟਰ ’ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।

ਮਾਨਸਾ ਤੋਂ ਹੋਈ ਮੁਹਿੰਮ ਦੀ ਸ਼ੁਰੂਆਤ

ਕਿਸਾਨਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੇ ਇਸ ਦਾ ਕਰਾਰਾ ਜਵਾਬ ਦੇਣ ਦਾ ਫੈਸਲਾ ਕੀਤਾ। ਨੌਜਵਾਨਾਂ ਤੇ ਕਿਸਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਟਵਿੱਟਰ ਅਕਾਊਂਟ ਖੋਲ੍ਹਣ ਲਈ ਪ੍ਰੇਰਿਆ ਗਿਆ। ਪੰਜਾਬ ਦੇ ਨੌਜਵਾਨ ਪਹਿਲਾਂ ਟਵਿੱਟਰ ’ਤੇ ਸਰਗਰਮ ਨਹੀਂ ਸਨ।

ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਮਾਨਸਾ ਤੋਂ ਹੋਈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਟਵਿਟਰ ਖ਼ਾਤਿਆਂ ਰਾਹੀਂ ਕਿਸਾਨ ਵਿਰੋਧੀ ਪੋਸਟ ਦਾ ਜਵਾਬ ਦਿੱਤਾ ਜਾਵੇਗਾ ਅਤੇ ਇਸ ਖਿਲਾਫ਼ ਕਿਸਾਨ ਟਵਿੱਟਰ ਵਾਰ ਲਈ ਵੀ ਤਿਆਰ ਹਨ।

ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਆਪਣੇ ਪੇਜ਼ ਉਪਰ ਇਹ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਹੈ। ਇਸ ਦੇ ਮੱਦੇਨਜ਼ਰ ਮਾਨਸਾ ਦੇ ਵਪਾਰ ਮੰਡਲ, ਪੈਸਟੀਸਾਈਡਜ਼ ਐਸੋਸੀਏਸ਼ਨ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਮਾਨਸਾ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਘਰ ਘਰ ਅਤੇ ਦੁਕਾਨ-ਦੁਕਾਨ ’ਤੇ ਜਾ ਕੇ ਜੋ ਵਿਅਕਤੀ ਸਮਾਰਟ ਫੋਨ ਵਰਤਦੇ ਹਨ, ਉਨ੍ਹਾਂ ਨੂੰ ਟਵਿੱਟਰ ਐਪਲੀਕੇਸ਼ਨ ਡਾਊਨਲੋਢ ਕਰਵਾਉਣ ਕਰਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਆ ਗਿਆ।

ਇਸ ਦੇ ਨਾਲ ਹੀ, ਨੌਜਵਾਨ ਬਜ਼ੁਰਗ ਕਿਸਾਨਾਂ ਦੀ ਵਧ ਚੜ੍ਹ ਕੇ ਸੇਵਾ ਕਰ ਰਹੇ ਹਨ। ਜੋਸ਼ ਹੁੰਦਿਆਂ ਹੋਸ਼ ਵਿੱਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਨੂੰ ਅੱਗੇ ਵਧਾ ਰਹੇ ਹਨ। ਲੰਗਰ ਪਕਾਉਣ ਦੀ ਸੇਵਾ ਹੋਵੇ ਜਾਂ ਸਫ਼ਾਈ ਕਰਨ ਦੀ, ਨੌਜਵਾਨ ਕਿਸੇ ਕੰਮ ਵਿੱਚ ਪਿੱਛੇ ਨਹੀਂ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਲਈ ਲੁਧਿਆਣਾ ਤੋਂ ਸ਼ੁਰੂ ਹੋਈ ਫ੍ਰੀ ਬੱਸ ਸੇਵਾ


ਪਿੰਡਾਂ ’ਚੋ ਸਿਆਸੀ ਦਖ਼ਲਅੰਦਾਜ਼ੀ ਖ਼ਤਮ

ਦਿੱਲੀ ਚੱਲੋ ਅੰਦੋਲਨ ਦੌਰਾਨ ਪੰਜਾਬ ਦੇ ਪਿੰਡਾਂ ਵਿੱਚੋਂ ਸਿਆਸੀ ਦਖ਼ਲ ਅੰਦਾਜ਼ ਖ਼ਤਮ ਹੋ ਰਹੀ ਹੈ। ਇੱਥੋਂ ਤਕ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਇਹੋ ਜਿਹਾ ਹੀ ਮਾਹੌਲ ਹੈ। ਹਰਿਆਣਾ ਦੇ ਕਿਸਾਨਾਂ ਨੇ ਦੱਸਿਆ ਕਿ ਕਿੰਝ ਖਾਪ ਪੰਚਾਇਤਾਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ। ‘ਖ਼ਾਲਸ ਟੀਵੀ’ ਦੀ ਟੀਮ ਨੇ ਵੀ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਜਾਇਜ਼ਾ ਲਿਆ ਤਾਂ ਵਸਨੀਕਾਂ ਨੇ ਦੱਸਿਆ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਤੇ ਕਿਸਾਨਾਂ ਦਾ ਸਾਥ ਦੇ ਰਹੇ ਹਨ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਿਆਸੀ ਲੀਡਰਾਂ ਨੂੰ ਕਿਸਾਨੀ ਅੰਦੋਲਨ ਤੋਂ ਬਿਲਕੁਲ ਪਰ੍ਹਾਂ ਰੱਖਿਆ ਗਿਆ ਹੈ। ਕਈ ਪਿੰਡਾਂ ਵਿੱਚ ਤਾਂ ਸਿਆਸਤਦਾਨਾਂ ਦੇ ਆਉਣ ’ਤੇ ਵੀ ਪਾਬੰਧੀ ਲਾਉਣ ਦੀ ਗੱਲ ਕੀਤੀ ਗਈ ਹੈ।


ਅੰਦੋਲਨ ਦਾ ਪੰਜਾਬੀ ਕਲਾਕਾਰਾਂ ’ਤੇ ਪ੍ਰਭਾਵ

ਅੰਦੋਲਨ ਦਾ ਪੰਜਾਬੀ ਕਲਾਕਾਰਾਂ ਤੇ ਵੀ ਖ਼ਾਸ ਪ੍ਰਭਾਵ ਨਜ਼ਰ ਆ ਰਿਹਾ ਹੈ। ਧਰਨਿਆਂ ਵਿੱਚ ਤਾਂ ਸ਼ਮੂਲੀਅਤ ਕਰ ਹੀ ਰਹੇ ਹਨ, ਸੋਸ਼ਲ ਮੀਡੀਆ ’ਤੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾ ਰਹੇ ਹਨ।

ਸਭ ਤੋਂ ਅਹਿਮ ਬਦਲਾਅ ਗਾਇਕੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਕਲਾਕਾਰ ਇਸ ਸਮੇਂ ਮੌਜੂਦਾ ਹਾਲਾਤਾਂ ਵਿੱਚ ਸਿਰਫ਼ ਕ੍ਰਾਂਤੀਕਾਰੀ ਗੀਤ ਪੇਸ਼ ਕਰ ਰਹੇ ਹਨ। ਗਾਇਕਾਂ ਦਾ ਕਹਿਣਾ ਹੈ ਕਿ ਉਹ ਫਿਲਹਾਲ ਕਿਸਾਨੀ ਮੁੱਦੇ ਤੋਂ ਇਲਾਵਾ ਕੋਈ ਹੋਰ ਗੀਤ ਨਹੀਂ ਗਾਉਣਗੇ।

ਕਲਾਕਾਰਾਂ ਦਾ ਨੌਜਵਾਨੀ ’ਤੇ ਖ਼ਾਸ ਅਸਰ ਹੁੰਦਾ ਹੈ, ਇਸ ਲਈ ਕਲਾਕਾਰ ਨੌਜਵਾਨਾਂ ਨੂੰ ਉਤਸ਼ਾਹਿਤ ਵੀ ਕਰ ਰਹੇ ਹਨ। ਬਹੁਤ ਸਾਰੇ ਕਲਾਕਾਰ ਅੰਦੋਲਨ ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਤੇ ਕਿਸਾਨਾਂ ਦਾ ਬਲ ਵਧਾ ਰਹੇ ਹਨ।


 

Comments are closed.