’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲੀ ਸਾੜਨ ਖ਼ਿਲਾਫ਼ ਕਿਸਾਨਾਂ ਦੇ ‘ਦਿੱਲੀ ਚੱਲੋ ਅੰਦੋਲਨ’ ਨੂੰ ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ ਤੋਂ ਵੀ ਭਰਪੂਰ ਸਾਥ ਮਿਲ ਰਿਹਾ ਹੈ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ, ਹਾਲਾਂਕਿ ਉਨ੍ਹਾਂ ਨੂੰ ਭਾਰਤ ਸਰਕਾਰ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ। ਪਰ ਕਈ ਵਿਦੇਸ਼ਾਂ ਦੇ ਲੋਕ ਵੀ ਕਿਸਾਨਾਂ ਦਾ ਸਾਥ ਦੇ ਰਹੇ ਹਨ। ਵਿਦੇਸ਼ੀ ਮੀਡੀਆ ਵਿੱਚ ਕਿਸਾਨੀ ਅੰਦੋਲਨ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਤਾਂ ਨਹੀਂ ਪਤਾ ਕਿ ਭਾਰਤ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕਦੀ ਹੈ ਜਾਂ ਨਹੀਂ, ਪਰ ਇਹ ਅੰਦੋਲਨ ਪੰਜਾਬ ਨੂੰ ਖ਼ਾਸ ਦੇਣ ਦੇ ਚੱਲਿਆ ਹੈ। ਅੱਡੋ-ਫਾੜ ਹੋਏ ਪੰਜਾਬ ਤੇ ਹਰਿਆਣਾ ਵੀ ਦਹਾਕਿਆਂ ਮਗਰੋਂ ਮੁੜ ਇਕੱਠੇ, ਮੋਢੇ ਨਾਲ ਮੋਢਾ ਜੋੜ ਕੇ ਖੜੇ ਨਜ਼ਰ ਆ ਰਹੇ ਹਨ।
ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਅੰਦੋਲਨ ਕਰਨ ਲਈ ਦਿੱਲੀ ਕੂਚ ਕਰਨ ਲੱਗਿਆਂ ਪੰਜਾਬ ਦੇ ਕਿਸਾਨਾਂ ਨੇ ਕੁਝ ਦਿਨਾਂ, ਹਫ਼ਤਿਆਂ ਦਾ ਨਹੀਂ, ਬਲਕਿ ਮਹੀਨਿਆਂ ਦਾ ਰਾਸ਼ਨ ਇਕੱਠਾ ਕਰਕੇ ਨਾਲ ਲਿਜਾਇਆ, ਪਰ ਹਰਿਆਣਾ ਦੇ ਕਿਸਾਨਾਂ ਦੇ ਸਾਥ ਸਦਕਾ ਉਨ੍ਹਾਂ ਨੂੰ ਅਜੇ ਆਪਣਾ ਰਾਸ਼ਨ ਵਰਤਣ ਦਾ ਮੌਕਾ ਹੀ ਨਹੀਂ ਮਿਲਿਆ। ਹਰਿਆਣਾ ਹੀ ਨਹੀਂ, ਬਲਕਿ ਦਿੱਲੀ ਵਿੱਚ ਵੱਸਦੇ ਸਿੱਖ, ਅਤੇ ਦਿੱਲੀ ਬਾਰਡਰ ਦੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨ ਤੇ ਲੋਕ ਵੀ ਅੰਦੋਲਨਕਾਰੀ ਕਿਸਾਨਾਂ ਦਾ ਦਿਲ ਖੋਲ੍ਹ ਕੇ ਸਵਾਗਤ ਕਰ ਰਹੇ ਹਨ। ਕਿਸਾਨਾਂ ਨੂੰ ਰਹਿਣ, ਸੌਣ, ਲੰਗਰ, ਪਾਣੀ, ਦੁੱਧ, ਫਲ ਆਦਿ ਦੀ ਕੋਈ ਤੰਗੀ ਨਹੀਂ ਆ ਰਹੀ। ਦਿੱਲੀ ਵਾਲਿਆਂ ਵੀ ਕਿਸਾਨਾਂ ਲਈ ਆਪਣੇ ਦਰ ਖੋਲ੍ਹ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ, ਜਦ ਤਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਓਨੀ ਦੇਰ ਦਿੱਲੀ ਨੂੰ ਘੇਰਾ ਜਾਰੀ ਰਹੇਗਾ।
ਪੰਜਾਬ ਦੇ ਪਿੰਡਾਂ ’ਚ ਦਿੱਸ ਰਿਹਾ ਜ਼ਬਰਦਸਤ ਏਕਾ
ਖ਼ਾਲਸ ਟੀਵੀ ਦੀ ਟੀਮ ਨੇ ਪਿੰਡ ਗੋਬਿੰਦਪੁਰਾ ਜਵਾਹਰਵਾਲਾ, ਸੰਗਰੂਰ ਵਿੱਚ ਜਾ ਕੇ ਪਿੰਡਾਂ ਦਾ ਹਾਲ ਜਾਣਿਆ ਕਿ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਘਰਾਂ, ਡੰਗਰਾਂ ਤੇ ਖੇਤਾਂ ਦੀ ਰਾਖੀ ਕੌਣ ਕਰ ਰਿਹਾ ਹੈ, ਉਨ੍ਹਾਂ ਦੇ ਮਗਰੋਂ ਘਰ-ਬਾਰ ਕਿੱਦਾਂ ਚੱਲ ਰਿਹਾ ਹੈ। ਬਹੁਤ ਖ਼ੁਸ਼ੀ ਵਾਲੀ ਗੱਲ ਹੈ ਕਿ ਪਿੰਡ ਦੇ ਵਸਨੀਕ ਆਪ-ਮੁਹਾਰੇ ਹੀ ਦਿੱਲੀ ਗਏ ਕਿਸਾਨਾਂ ਦੇ ਘਰਾਂ ਤੇ ਖੇਤਾਂ ਦੀ ਸੰਭਾਲ ਕਰ ਰਹੇ ਹਨ। ਆਂਢ-ਗਵਾਂਢ ਦੇ ਲੋਕ, ਜੋ ਕਿਸੇ ਮਜਬੂਰੀ ਕਰਕੇ ਅੰਦੋਲਨ ਦਾ ਹਿੱਸਾ ਨਹੀਂ ਬਣ ਸਕੇ, ਜਾਂ ਦਿੱਲੀ ਨਹੀਂ ਜਾ ਸਕੇ, ਉਹ ਬਿਨ੍ਹਾ ਕਹੇ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਸੰਭਾਲ ਰਹੇ ਹਨ, ਕਣਕ ਦੀ ਬਿਜਾਈ, ਪਾਣੀ, ਖਾਦ ਆਦਿ ਦਾ ਕੰਮ ਦੇਖ ਰਹੇ ਹਨ। ਇੱਕ-ਇੱਕ ਕਿਸਾਨ ਤਿੰਨ-ਤਿੰਨ ਮੋਟਰਾਂ ਦਾ ਕੰਮ ਕਰ ਰਿਹਾ ਹੈ।
ਪਿੰਡ ਦੇ ਇੱਕ ਨੌਜਵਾਨ ਵਸਨੀਕ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਗੁਰਪ੍ਰੀਤ ਸਿੰਘ ਨਿੱਕੂ ‘ਦਿੱਲੀ ਚੱਲੋ ਅੰਦੋਲਨ’ ਤਹਿਤ ਦਿੱਲੀ ਗਏ ਹੋਏ ਹਨ। ਉਨ੍ਹਾਂ ਦੇ ਪਿੱਛੋਂ ਉਹ ਆਪਣੇ ਖੇਤਾਂ ਦੇ ਨਾਲ-ਨਾਲ ਗੁਰਪ੍ਰੀਤ ਸਿੰਘ ਨਿੱਕੂ ਹੁਰਾਂ ਦਾ ਵੀ ਖੇਤ ਸੰਭਾਲ ਰਿਹਾ ਹੈ। ਤਿੰਨ ਮੋਟਰਾਂ ਚੱਲਦੀਆਂ ਹਨ। ਸਵੇਰ ਤੋਂ ਹੀ ਉਹ ਖੇਤਾਂ ਵਿੱਚ ਪਾਣੀ ਦੇਣ ਅਤੇ ਹੋਰ ਬਾਕੀ ਕੰਮ ਕਰਨ ਲੱਗ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਨਾਲੋਂ ਤਿੰਨ ਗੁਣਾਂ ਵੱਧ ਕੰਮ ਕਰ ਰਿਹਾ ਹੈ, ਪਰ ਕੋਈ ਤਕਲੀਫ਼ ਨਹੀਂ, ਸਗੋਂ ਕਿਸਾਨ ਭਰਾਵਾਂ ਦਾ ਸਾਥ ਦੇ ਕੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ।
ਜਦੋਂ ਇਸ ਨੌਜਵਾਨ ਨੂੰ ਪੁੱਛਿਆ ਗਿਆ ਕੇ ਜੇ ਦੋ ਮਹੀਨੇ ਪਹਿਲਾਂ ਇਹੀ ਕੰਮ ਕਰਨ ਨੂੰ ਵਗਾਰ ਪਾਈ ਜਾਂਦੀ ਤਾਂ ਕੀ ਉਹ ਕੰਮ ਕਰਦਾ, ਤਾਂ ਨੌਜਵਾਨ ਨੇ ਕਿਹਾ ਸ਼ਾਇਦ ਨਹੀਂ। ਇਹ ਅੰਦੋਲਨ ਦੀ ਦੇਣ ਹੈ ਕਿ ਪਿੰਡਾਂ ਵਿੱਚ ਹਰ ਕੋਈ ਕਿਸਾਨਾਂ ਦੇ ਨਾਲ ਖੜਾ ਹੈ, ਆਪਣੇਪਣ ਨਾਲ ਹੀ ਉਨ੍ਹਾਂ ਦੇ ਖੇਤਾਂ ਵਿੱਚ ਕੰਮ ਕਰ ਰਿਹਾ ਹੈ। ਇਹ ਏਕਾ ਰੰਗਲੇ ਪੰਜਾਬ ਦੀ ਇੱਕ ਸੋਹਣੀ ਤਸਵੀਰ ਪੇਸ਼ ਕਰਦਾ ਹੈ, ਜਿੱਥੇ ਪੰਜਾਬੀਆਂ ਵਿੱਚ ਇੱਕ ਵੱਖਰੀ ਤੇ ਲਾਜਵਾਬ ਸਾਂਝ ਵੇਖਣ ਨੂੰ ਮਿਲਦੀ ਹੈ।
ਇਸੇ ਤਰ੍ਹਾਂ ਵਾਟਰ ਸਪਲਾਈ ਵਿੱਚ ਕੰਮ ਕਰਨ ਵਾਲੇ ਮੁਲਾਜ਼ਨ ਜਸਬੀਰ ਸਿੰਘ ਨੇ ਖ਼ਾਲਸ ਟੀਵੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਵੀ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਾਉਂਦੇ ਹਨ ਤੇ ਉਨ੍ਹਾਂ ਨੂੰ ਇਸ ਗੱਲ ’ਤੇ ਬਹੁਤ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦਿੱਲੀ ਗਏ ਕਿਸਾਨਾਂ ਨੂੰ ਖ਼ਾਲਸ ਟੀਵੀ ਦੇ ਮਾਧਿਅਮ ਰਾਹੀਂ ਸੰਦੇਸ਼ ਦਿੱਤਾ ਕਿ ਉਹ ਡਟੇ ਰਹਿਣ, ਉਨ੍ਹਾਂ ਦੇ ਕੰਮ ਦੀ ਚਿੰਤਾ ਨਾ ਕਰਨ।
ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਪ ਦੇ ਕੰਮ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ, ਪਰ ਉਹ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਨੂੰ ਪੂਰਾ-ਪੂਰਾ ਸਮਾਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡ ਰਾਮਪੁਰਾ ਤੇ ਉਨ੍ਹਾਂ ਦੇ ਪਿੰਡ ਦੇ ਸਰਪੰਚਾਂ ਨੇ ਵੀ ਸਭ ਨੂੰ ਦਿੱਲੀ ਗਏ ਕਿਸਾਨਾਂ ਦੇ ਕੰਮ ਸੰਭਾਲਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੀ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਰਹੀ ਹੈ।
ਇਸੇ ਪਿੰਡ ਦੇ ਹੀ ਇੱਕ ਹੋਰ ਨੌਜਵਾਨ ਹਰਦੀਪ ਸਿੰਘ, ਜੋ ਕਿ ਕਿੱਤੇ ਵਜੋਂ ਪਿੰਡ ਦਾ ਨੰਬਰਦਾਰ ਹੈ, ਨੇ ਦੱਸਿਆ ਕੇ ਉਹ ਦਿੱਲੀ ਗਏ ਕਿਸਾਨ ਦੇ ਘਰ, ਪਸ਼ੂਆਂ, ਖੇਤ ਆਦਿ ਕੰਮ ਵੇਖ ਰਿਹਾ ਹੈ। ਖੇਤਾਂ ਵਿੱਚ ਸਪਰੇਅ, ਪਾਣੀ ਲਾਉਣ ਆਦਿ ਕੰਮ ਕਰਦਾ ਹੈ। ਹਾਲਾਂਕਿ ਇੱਕ ਨੰਬਰਦਾਰ ਦੇ ਆਪਣੇ ਹੀ ਬਥੇਰੇ ਕੰਮ ਹੁੰਦੇ ਹਨ, ਫਿਰ ਵੀ ਉਹ ਮੋਹਰੇ ਲੱਗ ਕੇ ਦੂਜੇ ਕਿਸਾਨਾਂ ਦਾ ਕੰਮ ਕਰਵਾ ਰਿਹਾ ਹੈ।
ਨੰਬਰਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੱਦਾ ਆਵੇਗਾ, ਉਹ ਖ਼ੁਸ਼ੀ ਨਾਲ ਦਿੱਲੀ ਵੱਲ ਕੂਚ ਕਰੇਗਾ। ਜਦੋਂ ਦਿੱਲੀ ਵਿੱਚ ਮੌਜੂਦ ਜਥਾ ਵਾਪਿਸ ਆਉਣ ਦੀ ਤਿਆਰੀ ਖਿੱਚੇਗਾ ਤਾਂ ਪਿੰਡ ਵਿੱਚ ਮੌਜੂਦ ਕਿਸਾਨਾਂ ਤੇ ਨੌਜਵਾਨਾਂ ਦਾ ਦੂਜਾ ਜਥਾ ਪਹਿਲਾਂ ਦਿੱਲੀ ਪਹੁੰਚੇਗਾ ਤਾਂਕਿ ਅੰਦੋਲਨ ’ਤੇ ਕੋਈ ਅਸਰ ਨਾ ਪਵੇ। ਉਸ ਨੇ ਦੱਸਿਆ ਕਿ ਦੂਜੇ ਕਿਸਾਨਾਂ ਦਾ ਕੰਮ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆ ਰਹੀ, ਉਹ ਆਪਣਾ ਕੰਮ ਸਮਝ ਕੇ ਖੇਤਾਂ ਦੀ ਰਖਵਾਲੀ ਕਰਦਾ ਹੈ।
ਇੰਨਾ ਹੀ ਨਹੀਂ, ਪਿੰਡ ਦੇ ਦਿਹਾੜੀਦਾਰ ਵੀ ਕਿਸਾਨਾਂ ਦਾ ਮੁਫ਼ਤ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੀ ਦਿਹਾੜੀ ਵਿੱਚੋਂ ਸਰਦਾ-ਬਣਦਾ ਦਸਵੰਧ ਕੱਢ ਕੇ ਵੀ ਅੰਦੋਲਨ ਲਈ ਆਰਥਕ ਮਦਦ ਕਰ ਰਹੇ ਹਨ। ਗ਼ਰੀਬ ਮਜ਼ਦੂਰ ਵੀ ਕਿਸਾਨਾਂ ਦੇ ਅੰਦੋਲਨ ਵਿੱਚ ਪੂਰਾ ਯੋਗਦਾਨ ਪਾ ਰਿਹਾ ਹੈ।
ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਸਭ ਆਪੋ-ਆਪਣੇ ਘਰਾਂ ਵਿੱਚ ਰਹਿੰਦੇ ਸਨ, ਪਰ ਹੁਣ ਸ਼ਾਮ ਨੂੰ ਸਭ ਗੁਰਦੁਆਰੇ ਇਕੱਠੇ ਹੁੰਦੇ ਹਨ, ਤੇ ਅੰਦੋਲਨ ਦੀਆਂ ਗੱਲਾਂ ਹੁੰਦੀਆਂ ਹਨ। ਬੀਬੀਆਂ ਵੀ ਇਕੱਤਰ ਹੋ ਕੇ ਗੱਲਬਾਤ ਕਰਦੀਆਂ ਹਨ। ਇਸ ਨਾਲ ਪਿੰਡਾਂ ਵਿੱਚ ਸਾਂਝੀਵਾਲਤਾ ਦਾ ਮਾਹੌਲ ਬਣਿਆ ਹੋਇਆ ਹੈ।
ਦੂਰ ਹੋਏ ਮਨ-ਮਿਟਾਵ
ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵਿੱਚ ਜੋ ਵੀ ਮਨ-ਮਿਟਾਵ ਹੁੰਦੇ ਸੀ, ਉਹ ਸਭ ਹੁਣ ਦੂਰ ਹੋ ਗਏ ਹਨ। ਸਭ ਮਨ-ਮਿਟਾਵ ਭੁੱਲ ਕੇ ਲੋਕ ਇੱਕ-ਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ। ਜਿੰਨਾ ਗੁਆਂਢੀਆਂ ਵਿੱਚ ਬੋਲਚਾਲ ਬੰਦ ਸੀ, ਉਨ੍ਹਾਂ ਦੇ ਵਿੱਚ ਹੁਣ ਮੇਲਜੋਲ ਹੋ ਰਿਹਾ ਹੈ, ਉਹ ਇੱਕ-ਦੂਜੇ ਦੇ ਕੰਮ ਆ ਰਹੇ ਹਨ।
ਬੀਬੀਆਂ ਦੇ ਹੌਂਸਲੇ ਬੁਲੰਦ
ਬੀਬੀਆਂ ਵੀ ਅੰਦੋਲਨ ਵਿੱਚ ਵਧ ਚੜ੍ਹ ਕੇ ਸਾਥ ਦੇ ਰਹੀਆਂ ਹਨ। ਕਿਸਾਨਾਂ ਲਈ ਲੰਗਰ ਤਿਆਰ ਕਰਨ ਦਾ ਕੰਮ ਹੋਵੇ, ਜਾਂ ਸਟੇਜ ’ਤੇ ਭਾਸ਼ਣ ਦੇ ਕੇ ਸੰਘਰਸ਼ਸ਼ੀਲ ਕਿਸਾਨਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦਾ, ਬੀਬੀਆਂ ਵਧ ਚੜ੍ਹ ਕੇ ਅੱਗੇ ਆ ਰਹੀਆਂ ਹਨ। ਬੱਚੀਆਂ ਅਤੇ ਨੌਜਵਾਨ ਭੈਣਾਂ ਤੋਂ ਲੈ ਕੇ ਬਜ਼ੁਰਗ ਬੀਬੀਆਂ ਵੀ ਅੰਦੋਲਨ ਵਿੱਚ ਹਿੱਸਾ ਪਾ ਰਹੀਆਂ ਹਨ।
ਕਿਸਾਨਾਂ ਦੇ ਨਾਲ-ਨਾਲ ਬੀਬੀਆਂ ਦੇ ਜਥੇ ਵੀ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਹਨ। ਜੋ ਬੀਬੀਆਂ ਅੰਦੋਲਨ ਵਿੱਚ ਨਹੀਂ ਗਈਆਂ, ਉਹ ਪਿੰਡ ਦੇ ਬਾਕੀ ਘਰਾਂ ਦਾ ਕੰਮ ਸੰਭਾਲ ਰਹੀਆਂ ਹਨ। ਖੇਤਾਂ ਵਿੱਚ ਵੀ ਕੁਝ ਬੀਬੀਆਂ ਨਜ਼ਰ ਆ ਰਹੀਆਂ ਹਨ।
ਇਸ ਤੋਂ ਇਲਾਵਾ ਘਰਾਂ ਵਿੱਚ ਮੌਜੂਦ ਬੀਬੀਆਂ ਦਿੱਲੀ ਗਏ ਕਿਸਾਨਾਂ ਦਾਂ ਹੌਂਸਲਾ ਵਧਾਉਣ ਵਿੱਚ ਵੀ ਸਾਥ ਦੇ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਲਿਆਂ ਵਾਪਸ ਆਉਣ ਲਈ ਘਰੋਂ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾਂਦਾ, ਬਲਕਿ ਬੀਬੀਆਂ ਕਹਿੰਦੀਆਂ ਹਨ ਕਿ ਉਹ ਫਤਹਿ ਹਾਸਲ ਕਰਕੇ ਹੀ ਵਾਪਸ ਆਉਣ, ਘਰ-ਬਾਰ ਦੀ ਚਿੰਤਾ ਨਾ ਕਰਨ।
ਪੰਜਾਬ ਦੇ ਨੌਜਵਾਨਾਂ ਵਿੱਚ ਵੱਡਾ ਬਦਲਾਅ
ਅੰਦੋਲਨ ’ਚ ਕਿਸਾਨਾਂ ਦਾ ਸਾਥ
ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਵਿੱਚ ਸਿਰਫ ਕਿਸਾਨ ਹੀ ਨਹੀਂ, ਬਲਕਿ ਨੌਜਵਾਨ ਵੀ ਪੂਰੇ ਜੋਸ਼ ਨਾਲ ਸਾਥ ਨਿਭਾਅ ਰਹੇ ਹਨ। ਨੌਜਵਾਨ ਅੰਦੋਲਨ ਵਿੱਚ ਵੀ ਹਿੱਸਾ ਪਾ ਰਹੇ ਹਨ ਅਤੇ ਬਜ਼ੁਰਗ ਕਿਸਾਨਾਂ ਦੀ ਸੇਵਾ ਵੀ ਕਰ ਰਹੇ ਹਨ। ਅੰਬਾਲਾ ਦੇ ਇੱਕ ਨੌਜਵਾਨ ਨਵਦੀਪ ਸਿੰਘ ਨੇ ਤਾਂ ਬਹਾਦਰੀ ਦਿਖਾਉਂਦਿਆਂ ਬਜ਼ੁਰਗ ਕਿਸਾਨਾਂ ਨੂੰ ਠੰਢੇ ਪਾਣੀ ਦੀਆਂ ਤਿੱਖੀਆਂ ਬੁਛਾੜਾਂ ਤੋਂ ਬਚਾਉਣ ਲਈ ਪੁਲਿਸ ਦੀ ਜਲ ਤੋਪ ’ਤੇ ਛਾਲ ਮਾਰ ਕੇ ਛੱਕਣ ਬੰਦ ਕੀਤਾ। ਹਾਲਾਂਕਿ ਇਸ ਨੌਜਵਾਨ ’ਤੇ ਗੰਭੀਰ ਧਾਰਾ ਲਗਾਉਂਦਿਆਂ ਪੁਲਿਸ ਵੱਲੋਂ ਕੇਸ ਵੀ ਦਰਜ ਕਰ ਲਿਆ ਗਿਆ ਸੀ।
ਨਸ਼ਿਆਂ ਦੇ ਧੱਬੇ ਤੋਂ ਛੁਟਕਾਰਾ
ਅਕਸਰ ਪੰਜਾਬ ਦੇ ਨੌਜਵਾਨਾਂ ’ਤੇ ਨਸ਼ਿਆਂ ਵਿੱਚ ਗ਼ਲਤਾਨ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਹਨ। ਬਹੁਤ ਸਾਰੇ ਲੀਡਰ ਚੋਣਾਂ ਵੇਲੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਦੇ ਵਾਅਦੇ ਕਰਦੇ ਹਨ। ਪਰ ਹੁਣ ਹਕੀਕਤ ਕੁਝ ਹੋਰ ਨਜ਼ਰ ਆ ਰਹੀ ਹੈ। ਪਿਛਲੇ ਕਈ ਦਿਨਾਂ ਤੇ ਮਹੀਨਿਆਂ ਤੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਨਾਲ ਖੇਤੀ ਕਾਨੂੰਨਾਂ ਵਿੱਚ ਸੰਘਰਸ਼ ਕਰ ਰਹੇ ਹਨ। ਅੰਦੋਲਨ ਦੌਰਾਨ ਨੌਜਵਾਨਾਂ ਨੇ ਬਹਾਦਰੀ ਦੇ ਸਬੂਤ ਪੇਸ਼ ਕੀਤੇ ਹਨ। ਹੱਥਾਂ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁੱਟੇ ਟੋਇਆਂ ਨੂੰ ਪੂਰਿਆ ਗਿਆ। ਨੌਜਵਾਨਾਂ ਨੇ ਪਾਣੀ ਦੀਆਂ ਬੁਛਾੜਾਂ ਸਹੀਆਂ, ਮੋਹਰੇ ਲੱਗ ਕੇ ਹੰਝੂ ਗੈਸ ਦੇ ਗੋਲ਼ੇ ਸਹੇ।
ਨੌਜਵਾਨਾਂ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਸਿੱਖ ਇਤਿਹਾਸ ਉਨ੍ਹਾਂ ਦੇ ਸਾਹਮਣੇ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਵਿੱਚ ਕਿਸਾਨੀ ਗੁਣ ਪਰਪੱਕ ਹੁੰਦੇ ਆ ਰਹੇ ਹਨ। ਨੌਜਵਾਨਾਂ ਦੇ ਬਿਆਨਾਂ ਮੁਤਾਬਕ ਉਨ੍ਹਾਂ ਨੂੰ ਬਜ਼ੁਰਗਾਂ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖ ਰਹੇ ਹਨ। ਬਜ਼ੁਰਗਾਂ ਦਾ ਹੋਸ਼ ਅਤੇ ਨੌਜਵਾਨਾਂ ਦਾ ਜੋਸ਼ ਰਲ਼ ਕੇ ਆਪਣੇ ਜਲਵੇ ਦਿਖਾ ਰਿਹਾ ਹੈ।
ਕੈਨੇਡਾ ਜਾਣ ਦਾ ਉੱਤਰਿਆ ਭੂਤ
ਸੋਸ਼ਲ ਮੀਡੀਆ ’ਤੇ ਇੱਕ ਨੌਜਵਾਨ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੌਜਵਾਨ ਕਿਸਾਨਾਂ ਲਈ ਲੰਗਰ ਤਿਆਰ ਕਰ ਰਿਹਾ ਹੈ। ਉਹ ਰੋਟੀਆਂ ਵੇਲ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਡਟਿਆ ਰਹੇਗਾ। ਉਸ ਨੇ ਕਿਹਾ ਕਿ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਉਸ ਨੇ ਕੈੈਨੇਡਾ ਜਾਣ ਦਾ ਸੋਚਿਆ ਸੀ, ਪਰ ਹੁਣ ਇੱਥੇ ਹੀ ਉਸ ਦਾ ਕੈਨੇਡਾ ਹੈ, ਉਹ ਇੱਥੇ ਹੀ ਰਹੇਗਾ, ਆਪਣੇ ਹੱਕ ਲਵੇਗਾ ਅਤੇ ਹੱਕਾਂ ਦੀ ਰਾਖੀ ਲਈ ਲੜੇਗਾ। ਇਸ ਨੇ ਕਿਹਾ ਕਿ ਜੇ ਸ਼ਹੀਦ ਵੀ ਹੋਣਾ ਪਵੇ ਤਾਂ ਸ਼ਹੀਦ ਵੀ ਹੋਵੇਗਾ।
Ain’t going nowhere
Chitta Kurta Pajama Outrage!! 😂✊❤️ #FarmersBill2020#farmerprotests pic.twitter.com/tZhKDlxIhG— Japneet Singh (@singhwhotweets) November 30, 2020
ਇਸ ਨੌਜਵਾਨ ਨੇ ਇੱਕ ਹੋਰ ਖ਼ਾਸ ਗੱਲ ਕਹੀ, ਉਹ ਸੀ ਇਸ ਦਾ ਪੰਜਾਬੀ ਪਹਿਰਾਵੇ ਪਜਾਮੇ ਕੁੜਤੇ ਨਾਲ ਪਿਆਰ। ਉਸ ਨੇ ਕਿਹਾ ਕਿ ਉਹ ਨਹਾ-ਧੋ ਕੇ ਚਿੱਟਾ ਪਜਾਮਾ-ਕੁੜਤਾ ਪਾ ਕੇ ਕਿਸਾਨਾਂ ਦੇ ਨਾਲ ਤੁਰਿਆ ਸੀ, ਪਰ ਪੁਲਿਸ ਵੱਲੋਂ ਛੱਡੀਆਂ ਪਾਣੀ ਦੀਆਂ ਬੁਛਾੜਾਂ ਕਰਕੇ ਉਸ ਦੇ ਕੁੜਤੇ ’ਤੇ ਦਾਗ ਪੈ ਗਿਆ, ਜਿਸ ਕਰਕੇ ਉਸ ਨੇ ਮੋਹਰੇ ਲੱਗ ਕੇ ਬੈਰੀਅਰ ਹਟਾਉਣ ਵਿੱਚ ਕਿਸਾਨਾਂ ਦੀ ਸਹਾਇਤਾ ਕੀਤੀ। ਹਾਲਾਂਕਿ ਸੰਘਰਸ਼ ਦੌਰਾਨ ਕੁਝ ਥਾਈਂ ਇੱਕ ਐਂਬੂਲੈਂਸ ਦੇ ਲੰਘਣ ਲਈ ਰਾਹ ਬਣਾਉਣ ਲਈ ਵੀ ਬੈਰੀਅਰ ਹਟਾਏ ਗਏ ਸਨ। ਇਸ ਨੌਜਵਾਨ ਦੀ ਵੀਡੀਓ ਨੂੰ ਬਹੁਤ ਸਾਰੇ ਹੋਰ ਨੌਜਵਾਨਾਂ ਨੇ ਸ਼ੇਅਰ ਕੀਤਾ ਤੇ ਪਜਾਮੇ-ਕੁੜਤੇ ਲਈ ਪਿਆਰ ਜਤਾਇਆ। ਇਸ ਤੋਂ ਸਪਸ਼ਟ ਹੁੰਦਾ ਕਿ ਨੌਜਵਾਨਾਂ ਵਿੱਚ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਛਾਲ਼ਾਂ ਮਾਰ ਰਿਹਾ ਹੈ।
ਟਵਿੱਟਰ ’ਤੇ ਵੀ ਡਟੇ ਨੌਜਵਾਨ ਕਿਸਾਨ
ਸੰਘਰਸ਼ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਨੈਸ਼ਨਲ ਮੀਡੀਆ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਲਈ ਉਹ ਸੋਸ਼ਲ ਮੀਡੀਆ ਜ਼ਰੀਏ ਆਪਣੀ ਆਵਾਜ਼ ਦੇਸ਼ ਦੀ ਆਵਾਮ ਤਕ ਪਹੁੰਚਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਨੌਜਵਾਨਾਂ ਨੇ ਮੋਰਚਾ ਸਾਂਭ ਲਿਆ ਹੈ। ਕੁਝ ਨੌਜਵਾਨ ਤਾਂ ਨਵੇਂ ਖ਼ਾਤੇ ਬਣਾ ਕੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਪਾ ਰਹੇ ਹਨ।
ਪੰਜਾਬ ਦੇ ਇਤਿਹਾਸ ਨੂੰ ਵੀ ਅੰਦੋਲਨ ਵਿੱਚ ਮੁੜ ਦੁਹਰਾਇਆ ਜਾ ਰਿਹਾ ਹੈ, ਜਿਸ ਤਰ੍ਹਾਂ 18ਵੀਂ ਸਦੀ ਵਿੱਚ ਭਾਈ ਕਨ੍ਹਈਆ ਜੀ ਮੁਗ਼ਲਾਂ ਨੂੰ ਪਾਣੀ ਪਿਆਉਂਦੇ ਸਨ, ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੇ ਪੁਲਿਸ ਨੂੰ ਲੰਗਰ ਤੇ ਪ੍ਰਸ਼ਾਦ ਛਕਾ ਕੇ ਅਤੇ ਪਾਣੀ ਪਿਆ ਕੇ ਉਨ੍ਹਾਂ ਦੀ ਭੁੱਖ-ਪਿਆਸ ਦੂਰ ਕੀਤੀ।
ਪਿੰਡਾਂ ਵਿੱਚ ਇਸ ਤਰ੍ਹਾਂ ਦਾ ਮਾਹੌਲ ਵੇਖ ਕੇ ਇਵੇਂ ਲੱਗ ਰਿਹਾ ਹੈ ਜਿਵੇਂ ਦਹਾਕਿਆਂ ਪਹਿਲਾਂ ਦਾ ਪੰਜਾਬ ਫਿਰ ਤੋਂ ਸੁਰਜੀਤ ਹੋ ਗਿਆ ਹੈ। ਪੰਜਾਬ ਅਤੇ ਪੰਜਾਬੀਆਂ ’ਤੇ ਪੱਛਮੀ ਸੱਭਿਅਤਾ ਦਾ ਜੋ ਰੰਗ ਚੜ੍ਹਿਆ ਸੀ, ਉਹ ਹੁਣ ਉੱਤਰ ਗਿਆ ਜਾਪ ਰਿਹਾ ਹੈ। ਰੰਗਲੇ ਪੰਜਾਬ ਦੇ ਸਾਰੇ ਰੰਗ ਮੁੜ ਤੋਂ ਦਿੱਸਦੇ ਨਜ਼ਰ ਆ ਰਹੇ ਹਨ। ਪਿੰਡਾਂ ਦੀ ਸਾਂਝ ਮੁੜ ਆਈ ਹੈ। ਏਕਾ ਪਰਤ ਆਇਆ ਹੈ। ਪੰਜਾਬ ਫਿਰ ਤੋਂ ਇੱਕ ਰੰਗ ਵਿੱਚ ਰੰਗਿਆ ਗਿਆ ਹੈ।
ਖ਼ਾਲਸ ਟੀਵੀ ਅਰਦਾਸ ਕਰਦਾ ਹੈ ਕਿ ਕਿਸਾਨਾਂ ਨੂੰ ਬਣਦੇ ਹੱਕ ਮਿਲਣ ਅਤੇ ਪੰਜਾਬ ਦਾ ਇਹ ਰੰਗਲਾ ਮਾਹੌਲ ਹਮੇਸ਼ਾ ਬਣਿਆ ਰਹੇ।