Punjab

ਦੇਰੀ ਨਾਲ ਮਿਲਿਆ ਨਿਆਂ ਕੋਈ ਨਿਆਂ ਨਹੀਂ, ਸਾਡੇ ਨਾਲ ਨਿਆਂ ਦਾ ਗਰਭਪਾਤ ਹੋਇਆ ਹੈ – ਖਹਿਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਬੇਅਦਬੀ ਅਤੇ ਗੋਲੀਕਾਂਡ ਮਾਮਲੇ ‘ਚ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਸਿੱਖ ਜਥੇਬੰਦੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜ ਕੇ ਹਾਈਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘6 ਸਾਲ ਪਹਿਲਾਂ ਇਸੇ ਚੌਂਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਮੰਗਣ ਵਾਸਤੇ ਸ਼ਾਂਤਮਈ ਢੰਗ ਨਾਲ ਬੈਠੇ ਬਜ਼ੁਰਗ, ਬੀਬੀਆਂ ‘ਤੇ ਹੋਏ ਤਸ਼ੱਦਦ ਅਤੇ ਚੱਲੀਆਂ ਗੋਲੀਆਂ ਦੇ ਮਾਮਲੇ ਦੀ ਰਿਪੋਰਟ ਨੂੰ ਹਾਈਕੋਰਟ ਨੇ ਜੋ ਢਹਿ-ਢੇਰੀ ਕੀਤਾ ਸੀ, ਉਸਦੇ ਖਿਲਾਫ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ’।

ਘੱਟ-ਗਿਣਤੀਆਂ ਨੂੰ ਅੱਜ ਤੱਕ ਨਹੀਂ ਮਿਲਿਆ ਇਨਸਾਫ – ਖਹਿਰਾ

ਉਨ੍ਹਾਂ ਕਿਹਾ ਕਿ ‘ਇਹ ਇਕੱਲਾ ਹਾਈਕੋਰਟ ਦੇ ਜੱਜ ਦਾ ਫੈਸਲਾ ਨਹੀਂ ਹੈ, ਇਹ ਇਸ ਦੇਸ਼ ਦੀ ਗਿਣੀ-ਮਿੱਥੀ ਸਾਜਿਜ਼ ਹੈ,  ਸੱਤਾਧਾਰੀਆਂ ਨੇ ਖਾਸ ਤੌਰ ‘ਤੇ ਘੱਟ-ਗਿਣਤੀਆਂ ਦੇ ਖਿਲਾਫ ਪੱਕਾ ਮਨ ਬਣਾਇਆ ਹੋਇਆ ਹੈ ਕਿ ਇਨ੍ਹਾਂ ਨੂੰ ਕਿਸੇ ਕਿਸਮ ਦਾ ਇਨਸਾਫ ਨਹੀਂ ਦੇਣਾ। ਭਾਵੇਂ ਉਹ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਹੋਵੇ, ਭਾਵੇਂ ਸਾਡੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਇਨਸਾਫ ਹੋਵੇ, ਜੋ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਅਦਾਲਤਾਂ ਵਿੱਚ ਲਟਕ ਰਿਹਾ ਹੈ। ਪਰ ਸਾਨੂੰ ਮਾਯੂਸ ਹੋਣ ਦੀ ਲੋੜ ਨਹੀਂ ਕਿਉਂਕਿ ਜੇ ਕੋਈ ਇਨਸਾਫ ਨਹੀਂ ਦਿੰਦਾ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਨਸਾਫ ਮੰਗਣ ਤੋਂ ਹਟ ਜਾਵਾਂਗੇ। ਪੰਜਾਬ ਦੇ ਲੋਕਾਂ ਨੇ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਬਹੁਤ ਵੱਡੀਆਂ ਲਹਿਰਾਂ ਖੜ੍ਹੀਆਂ ਕੀਤੀਆਂ ਹਨ, ਲੱਖਾਂ ਦੀ ਤਾਦਾਦ ਵਿੱਚ ਲੋਕ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹੋਏ ਹਨ। ਕਿਸਾਨੀ ਅੰਦੋਲਨ ਦੌਰਾਨ ਸਾਢੇ ਤਿੰਨ-ਚਾਰ ਸੌ ਕਿਸਾਨ ਆਪਣੀ ਜਾਨ ਗਵਾ ਚੁੱਕਾ ਹੈ। ਬਰਗਾੜੀ ਦੇ ਮੋਰਚੇ ਵਿੱਚ ਸਾਰਾ ਪੰਜਾਬ ਆ ਕੇ ਝੁਕ ਗਿਆ ਸੀ’।

ਹਾਈਕੋਰਟ ਦਾ ਨਹੀਂ, ਟ੍ਰਾਇਲ ਕੋਰਟ ਦਾ ਕੰਮ ਸੀ – ਖਹਿਰਾ

ਖਹਿਰਾ ਨੇ ਕਿਹਾ ਕਿ ‘ਹਾਈਕੋਰਟ ਦਾ ਫੈਸਲਾ ਮਿੱਥ ਕੇ ਆਇਆ ਹੈ। ਜੋ ਹਾਈਕੋਰਟ ਨੇ ਕੀਤਾ, ਉਹ ਫਰੀਦਕੋਟ ਦੀ ਟ੍ਰਾਇਲ ਕੋਰਟ ਦਾ ਕੰਮ ਸੀ। 9 ਚਲਾਨ ਪੇਸ਼ ਹੋ ਚੁੱਕੇ ਸੀ, ਉੱਥੇ ਗਵਾਹੀਆਂ ਸ਼ੁਰੂ ਹੋ ਚੁੱਕੀਆਂ ਸਨ। ਜਿਹੜੇ ਲੋਕਾਂ ਨੇ ਕੋਈ ਗੁਹਾਰ ਹੀ ਨਹੀਂ ਲਾਈ, ਬਾਦਲ ਦੇ ਪਰਿਵਾਰ ਨੇ ਕੋਈ ਅਰਜ਼ੀ ਨਹੀਂ ਦਿੱਤੀ, ਉਸ ਫੈਸਲੇ ਵਿੱਚ ਸਭ ਤੋਂ ਪ੍ਰਮੁੱਖ ਨਾਂ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣਾ, ਇੱਥੋਂ ਸਮਝ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਮਨਸੂਬਾ ਕੀ ਹੈ’।

ਦੋਸ਼ੀਆਂ ਨੂੰ ਸਰਕਾਰ ਨੇ ਪੰਜਾਬ ਦੇ ਲੋਕਾਂ ਤੇ ਦੁਬਾਰਾ ਵਰਤਣਾ ਹੈ – ਖਹਿਰਾ

ਉਨ੍ਹਾਂ ਕਿਹਾ ਕਿ ‘ਦਿੱਲੀ ‘ਤੇ ਰਾਜ ਕਰਨ ਵਾਲੇ ਜੋ ਲੋਕ ਅੰਦਰ ਬੈਠੇ ਹਨ, ਜਿਨ੍ਹਾਂ ਲੋਕਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਾਡੇ ਨੌਜਵਾਨ ਮਾਰੇ, ਉਸਦੇ ਦੋਸ਼ੀਆਂ ਨੂੰ ਅਕਾਲੀਆਂ ਨੇ ਬਚਾਇਆ। ਇੱਕ 95 ਸਾਲ ਦੀ ਅਮਰ ਕੌਰ ਆਹਲੂਵਾਲੀਆ ਇਨਸਾਫ ਲੈਂਦੀ-ਲੈਂਦੀ ਮਰ ਗਈ ਹੈ। ਇਹ ਪੁਲਿਸ ਵਾਲੇ ਜੋ ਜ਼ਾਲਮ ਲੋਕ ਹਨ, ਇਨ੍ਹਾਂ ਨੂੰ ਸਰਕਾਰ ਨੇ ਦੁਬਾਰਾ ਵੀ ਵਰਤਣਾ ਹੈ, ਜਦ ਵੀ ਪੰਜਾਬ ਵਿੱਚ ਦੁਬਾਰਾ ਕੋਈ ਲਹਿਰ ਉੱਠੇਗੀ, ਉਨ੍ਹਾਂ ‘ਤੇ ਇਨ੍ਹਾਂ ਲੋਕਾਂ ਕੋਲੋਂ ਤਸ਼ੱਦਦ ਕਰਵਾਇਆ ਜਾਵੇਗਾ। ਜੇ ਅੱਜ ਉਨ੍ਹਾਂ ਨੂੰ ਸਜ਼ਾ ਹੋ ਲੈਣ ਦੇਣਗੇ ਤਾਂ ਫਿਰ ਕੱਲ੍ਹ ਇਨ੍ਹਾਂ ਦੇ ਆਖੇ ਕਿਹੜਾ ਪੁਲਿਸ ਵਾਲਾ ਕੰਮ ਕਰੇਗਾ। ਜੋ ਇਨਸਾਫ ਸਮੇਂ ਸਿਰ ਨਾ ਮਿਲੇ, ਉਹ ਕੋਈ ਇਨਸਾਫ ਨਹੀਂ ਹੈ, ਨਿਆਂ ਦਾ ਗਰਭਪਾਤ ਹੋਇਆ ਹੈ। ਸਾਡੇ ਨਾਲ ਵੀ ਨਿਆਂ ਦਾ ਗਰਭਪਾਤ ਹੋਇਆ ਹੈ’।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਕੀਤਾ ਜ਼ਿਕਰ

ਖਹਿਰਾ ਨੇ ਕਿਹਾ ਕਿ ‘ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ 8 ਘੰਟੇ ਬਹਿਸ ਹੋਈ ਸੀ। ਪਰ ਸਰਕਾਰ ਨੇ ਤਿੰਨ-ਚਾਰ ਸਾਲ ਐਂਵੇ ਹੀ ਲੰਘਾ ਦਿੱਤੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਇਕੱਲੇ-ਇਕੱਲੇ ਦੋਸ਼ੀ ਪੁਲਿਸ ਵਾਲਿਆਂ ਦੇ ਬਿਆਨ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਹਲਫੀਆ ਬਿਆਨ, 14 ਅਕਤੂਬਰ ਦੀ ਰਾਤ ਨੂੰ ਤੜਕੇ ਸਵੇਰੇ 2 ਵਜੇ ਪੰਜਾਬ ਦਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਨੂੰ ਫੋਨ ਕਰਦਾ ਹੈ ਅਤੇ ਉਸੇ ਦਿਨ ਸਵੇਰੇ ਤੜਕੇ ਸਵੇਰੇ 6 ਵਜੇ ਪਹਿਲਾਂ ਚੌਂਕ ਵਿੱਚ ਗੋਲੀ ਚੱਲਦੀ ਹੈ ਅਤੇ ਬਾਅਦ ਵਿੱਚ ਬਹਿਬਲ ਕਲਾਂ ‘ਚ ਕਤਲ ਹੋ ਜਾਂਦਾ, ਇਸ ਸਭ ਬਾਰੇ ਖੁਲਾਸਾ ਕੀਤਾ ਗਿਆ ਸੀ। ਇਹ ਸਾਰਾ ਕੁੱਝ ਰਿਪੋਰਟ ਵਿੱਚ ਦਰਜ ਸੀ’।

SGPC ‘ਤੇ ਕੱਸਿਆ ਨਿਸ਼ਾਨਾ

ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘SGPC ਆਪਣੇ ਮੁੱਢਲੇ ਅਸੂਲਾਂ ਤੋਂ ਭੱਜ ਗਈ ਹੈ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸ਼ੌਰ ਮਚਿਆ ਹੋਇਆ ਹੈ ਅਤੇ SGPC ਦਾ ਪ੍ਰਧਾਨ ਮੂਕ ਦਰਸ਼ਕ ਬਣ ਕੇ ਬੈਠਿਆ ਹੋਇਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅੱਜ ਵੀ ਚੁੱਪ ਬੈਠਾ ਹੈ, ਜਿਸਦੇ ਸਾਹਮਣੇ ਪੰਜਾਬ ਵਿੱਚ ਭਾਂਬੜ ਮਚ ਰਹੇ ਹਨ। ਜੇ ਸ਼੍ਰੋਮਣੀ ਅਕਾਲੀ ਦਲ ਠੀਕ ਹਿੱਤਾਂ ਵਿੱਚ ਹੁੰਦੀ ਤਾਂ ਅੱਜ ਪੰਜਾਬ ਵਿੱਚ ਕਿਸੇ ਹੋਰ ਪਾਰਟੀ ਦੀ ਲੋੜ ਨਹੀਂ ਪੈਣੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦਾ ਇਨਸਾਫ ਲੈਣਾ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਸੀ ਪਰ ਉਹ ਪਿੱਛੇ ਹਟ ਕੇ ਗੁਰੂ ਸਾਹਿਬ ਜੀ ਦੇ ਦੋਸ਼ੀਆਂ ਦੇ ਬਰੀ ਹੋਣ ‘ਤੇ ਲੱਡੂ ਵੰਡ ਰਹੀ ਹੈ। ਪਰਮਾਤਮਾ ਦੀ ਅਦਾਲਤ ਵਿੱਚ ਇਨ੍ਹਾਂ ਨੂੰ ਕੋਈ ਮੁਆਫੀ ਨਹੀਂ ਮਿਲਣੀ’।