Punjab

ਆਪਣਾ ਘਰ ਬਚਾਉਣ ਲਈ ਪਹਿਰਾ ਦਿੰਦੇ ਸੀ, ਹੁਣ ਗੁਰੂ ਘਰ ਨੂੰ ਲੁੱਟਣ ਤੋਂ ਬਚਾਵਾਂਗੇ – ਜਥੇਦਾਰ ਰਣਜੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਬੇਅਦਬੀ ਅਤੇ ਗੋਲੀਕਾਂਡ ਮਾਮਲੇ ‘ਚ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖ ਜਥੇਬੰਦੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜ ਕੇ ਹਾਈਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਜਦੋਂ ਹਾਈਕੋਰਟ ਦਾ ਫੈਸਲਾ ਆਇਆ ਤਾਂ ਸਾਨੂੰ ਸਾਰਿਆਂ ਨੂੰ ਫੈਸਲੇ ‘ਤੇ ਬਹੁਤ ਹੈਰਾਨੀ ਹੋਈ ਕਿਉਂਕਿ ਇਸ ਤਰ੍ਹਾਂ ਦੇ ਫੈਸਲੇ ਕਦੇ ਨਹੀਂ ਆਏ। ਅਸੀਂ 15-15 ਸਾਲ ਜੱਜਾਂ ਦੇ ਸਾਹਮਣੇ ਪੇਸ਼ ਹੋਏ ਹਾਂ, ਸਾਨੂੰ ਪਤਾ ਹੈ ਕਿ ਜੱਜ ਦੀ ਇਹ ਮਰਿਯਾਦਾ ਨਹੀਂ ਹੈ’।

ਉਨ੍ਹਾਂ ਕਿਹਾ ਕਿ ‘ਜੋ ਕੁੱਝ ਵੀ ਜੱਜ ਨੇ ਕੀਤਾ, ਉਹ ਬਹੁਤ ਗਲਤ ਹੈ। ਕਿਸਾਨੀ ਅੰਦੋਲਨ ਆਪਣੇ ਆਖਰੀ ਪੜਾਅ ਵਿੱਚ ਹੈ ਅਤੇ ਉਸ ਨੂੰ ਕਮਜ਼ੋਰ ਕਰਨ ਲਈ ਹੁਣ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਇਸ ਮਾਮਲੇ ਦਾ ਕੇਸ ਜੋ ਹਾਈਕੋਰਟ ਵਿੱਚ ਗਿਆ ਸੀ, ਉਹ ਅਪੀਲ ਨਹੀਂ ਸੀ ਕਿਉਂਕਿ ਥੱਲੇ ਅਦਾਲਤ ਵਿੱਚ ਤਾਂ ਅਜੇ ਗਵਾਹੀਆਂ ਵੀ ਪੂਰੀਆਂ ਨਹੀਂ ਹੋਈਆਂ ਸੀ। ਅਸੀਂ ਆਪਣਾ ਘਰ ਬਚਾਉਣ ਲਈ ਪਹਿਰਾ ਦਿੰਦੇ ਹਾਂ ਪਰ ਗੁਰੂ ਦਾ ਘਰ ਲੁੱਟਿਆ ਜਾ ਰਿਹਾ ਹੈ। 2008 ਤੋਂ ਲੈ ਸਿਆਸੀ ਪਾਰਟੀਆਂ ਦੇ ਸਾਰੇ ਪ੍ਰਧਾਨ ਹਾਈਕੋਰਟ ਵਿੱਚ ਝੂਠ ਬੋਲਦੇ ਆ ਰਹੇ ਹਨ। ਅੱਜ SGPC ਚੁੱਪ ਕਿਉਂ ਹੈ’।