Punjab

ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣ ‘ਤੇ ਅੜੀ ਕੇਂਦਰ ਸਰਕਾਰ ! ਪਾਰਲੀਮੈਂਟ ‘ਚ ਲਿਖਤ ਜਵਾਬ ਦਿੱਤਾ !

Defence ministry on sikh army helmet

ਬਿਊਰੋ ਰਿਪੋਰਟ : ਕੇਂਦਰ ਸਰਕਾਰ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣ ਨੂੰ ਲੈਕੇ ਅੜ ਗਈ ਹੈ । ਰੱਖਿਆ ਮੰਤਰਾਲੇ ਨੇ ਪਾਰਲੀਮੈਂਟ ਵਿੱਚ ਲਿਖਤ ਜਵਾਬ ਦਿੱਤਾ ਹੈ । ਉਨ੍ਹਾਂ ਕਿਹਾ ਸੁਰੱਖਿਆ ਨੂੰ ਲੈਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੁਰੱਖਿਆ ਦੇ ਲਈ ਬੁਲਟ ਪਰੂਫ਼ ਹੈਲਮੇਟ ਜ਼ਰੂਰੀ ਹੈ । ਉਨ੍ਹਾਂ ਕਿਹਾ ਪਹਿਲਾਂ ਬੁਲਟ ਪਰੂਫ ਪਟਕਾ ਵੀ ਫੌਜੀਆਂ ਨੂੰ ਦਿੱਤਾ ਜਾਂਦਾ ਸੀ । ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਰੱਖਿਆ ਮੰਤਰਾਲੇ ਤੋਂ ਇਸ ਬਾਬਤ ਜਵਾਬ ਮੰਗਿਆ ਸੀ । ਇਸ ਤੋਂ ਪਹਿਲਾਂ ਜਦੋਂ ਗ੍ਰਹਿ ਮੰਤਰਾਲੇ ਵੱਲੋਂ ਸਿੱਖਾਂ ਦੇ ਲਈ ਹੈਲਮੇਟ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਵਿਰੋਧ ਕਰਦੇ ਹੋਏ ਇਸ ਨੂੰ ਸਿੱਖ ਮਰਿਆਦਾ ਦੇ ਉਲਟ ਦੱਸਿਆ ਸੀ ਅਤੇ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਸੀ । ਪਰ ਰੱਖਿਆ ਮੰਤਰਾਲਾ ਨੇ ਇਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ । SGPC ਨੇ ਇਸ ਮਾਮਲੇ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਉਨ੍ਹਾਂ ਨੇ ਭਾਰਤ ਸਰਕਾਰ ਦੇ ਪੱਖ ਵਿੱਚ ਹੀ ਬਿਆਨ ਦਿੱਤਾ ਸੀ ।

ਅੰਗਰੇਜ਼ਾਂ ਨੇ ਜਤਨ ਕੀਤੇ ਸਨ -ਜਥੇਦਾਰ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੌਜੀ ਸਿੱਖਾਂ ਦੇ ਲਈ ਹੈਲਮੇਟ ਨੂੰ ਜ਼ਰੂਰੀ ਕਰਨ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਸੀ ਭਾਰਤ ਸਰਕਾਰ ਵਾਂਗ ਅੰਗਰੇਜ਼ਾਂ ਨੇ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣ ਦਾ ਜਤਨ ਕੀਤਾ ਸੀ । ਪਰ ਸਿੱਖ ਫੌਜੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਸੀ । ਉਨ੍ਹਾਂ ਕਿਹਾ ਸੀ ਕਿ ਪੱਗ ਸਿੱਖ ਦੇ ਸਿਰ ‘ਤੇ ਬੰਨਿਆ ਕੋਈ ਪੰਜ ਜਾਂ ਫਿਰ ਸੱਤ ਮੀਟਰ ਦਾ ਕੱਪੜਾ ਨਹੀਂ ਹੈ, ਇਹ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਤਾਜ਼ ਹੈ। ਇਹ ਸਾਡੀ ਪਛਾਣ ਦਾ ਪ੍ਰਤੀਕ ਹੈ । ਸਾਡੀ ਪਛਾਣ ਦਸਤਾਰ ਉੱਤੇ ਕਿਸੇ ਤਰ੍ਹਾਂ ਦਾ ਟੋਪ ਪਾਉਣਾ,ਇਹ ਪਛਾਣ ਨੂੰ ਖ਼ਤਮ ਕਰਨ ਦੇ ਜਤਨ ਵੱਜੋਂ ਵੇਖਿਆ ਜਾਵੇਗਾ,ਨਾ ਹੀ ਪੰਥ ਇਸ ਨੂੰ ਕਿਸੇ ਕੀਮਤ ਉੱਤੇ ਬਰਦਾਸ਼ਤ ਕਰੇਗਾ। ਸਾਡੀ ਮਰਿਆਦਾ ਵਿੱਚ ਸਿੱਖ ਨੂੰ ਟੋਪੀ ਪਾਉਣਾ ਤੋਂ ਮੰਨਾ ਕੀਤਾ ਗਿਆ ਹੈ। ਭਾਵੇ ਉਹ ਕੱਪੜੇ ਦੀ ਹੋਵੇ ਜਾਂ ਫਿਰ ਲੋਹੇ ਦੀ ਹੋਏ। ਉਨ੍ਹਾਂ ਨੇ ਕਿਹਾ ਸਾਡੀ ਮਰਿਆਦਾ ਵਿੱਚ ਕਿਹਾ ਗਿਆ ਹੈ ‘ਹੋਇ ਸਿਖ ਸਿਰ ਟੋਪੀ ਧਰੈ । ਸਾਤ ਜਨਮ ਕੁਸ਼ਟੀ ਹੁਇ ਮਰੈ । ਸਾਡਾ ਰੱਖਿਅਕ ਅਕਾਲ ਪੁਰਖ ਹੈ। ਦੂਜੀ ਵਿਸ਼ਵ ਜੰਗ ਦੌਰਾਨ ਸਿੱਖਾਂ ਨੇ ਦਸਤਾਰਾਂ ਪਾਕੇ ਬਹਾਦੁਰੀ ਵਿਖਾਈ । 1962,1965 ਅਤੇ 1971 ਦੀ ਜੰਗ ਦੌਰਾਨ ਸਿੱਖ ਪੱਗ ਸਜਾ ਕੇ ਜੰਗ ਦੇ ਮੈਦਾਨ ਵਿੱਚ ਉਤਰੇ ਸਨ ।ਪਰ ਲੋਹ ਟੋਪ ਨੂੰ ਨਹੀਂ ਪਾਇਆ ਸੀ। ਕਝ ਸੰਸਥਾਵਾਂ ਵੀ ਇਸ ਨੂੰ ਪਰਮੋਟ ਕਰ ਰਹੀਆਂ ਹਨ । ਉਨ੍ਹਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। ਇਸ ਨੂੰ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ।

ਘੱਟ ਗਿਣਤੀ ਕਮਿਸ਼ਨ ਦਾ ਬਿਆਨ

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਏਅਰ ਮਾਰਸ਼ਲ ਅਰਜੁਨ ਸਿੰਘ ਦਾ ਵੀ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਉਹ ਜਹਾਜ ਉਡਾਉਂਦੇ ਸਨ ਤਾਂ ਉਹ ਵੀ ਹੈਲਮੇਟ ਪਾਉਂਦੇ ਸਨ । ਉਨ੍ਹਾਂ ਨੇ ਨਿਰਮਲ ਸਿੰਘ ਸੇਖੋਂ ਦਾ ਉਦਾਹਰਣ ਦਿੱਤਾ ਜਿੰਨਾਂ ਦੇ ਨਾਂ ‘ਤੇ ਅੰਡਮਾਨ ਅਤੇ ਨਿਕੋਬਾਰ ਦੀਪ ਦਾ ਨਾਂ ਰੱਖਿਆ ਗਿਆ ਹੈ,ਉਹ ਵੀ ਫੌਜ ਵਿੱਚ ਹੈਲਮੇਟ ਪਾਉਂਦੇ ਸਨ। ਇਕਬਾਲ ਸਿੰਘ ਨੇ ਕਿਹਾ ਧਰਮ ਅਤੇ ਸੁਰੱਖਿਆ ਦੋਵੇ ਜ਼ਰੂਰੀ ਹੈ, ਹੈਲਮੇਲ ਸਿਰਫ਼ ਸੁਰੱਖਿਆ ਨਹੀਂ ਦਿੰਦਾ ਬਲਕਿ ਇਸ ਵਿੱਚ ਕੁਝ ਅਜਿਹੀ ਤਕਨੀਕ ਵੀ ਲੈਸ ਹੁੰਦੀ ਹੈ ਜੋ ਜੰਗ ਦੇ ਮੈਦਾਨ ਵਿੱਚ ਜ਼ਰੂਰੀ ਹੈ । ਪਰ ਸਿੱਖ ਬੁਧੀਜੀਵੀਆਂ ਦਾ ਤਰਤ ਹੈ ਕਿ ਜਦੋਂ ਸਰਕਾਰ ਸੜਕ ਸੁਰੱਖਿਆ ਕਾਨੂੰਨ ਵਿੱਚ ਵੀ ਸਿੱਖਾਂ ਨੂੰ ਟੂ-ਵਹੀਲਰ ਚਲਾਉਣ ਵੇਲੇ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਗਈ ਹੈ ਤਾਂ ਫੌਜ ਵਿੱਚ ਕਿਉਂ ਨਹੀਂ। ਸਾਰਾਗੜੀ ਦੀ ਜੰਗ ਤੋਂ ਲੈਕੇ,ਪਹਿਲੇ,ਦੂਜੇ ਵਿਸ਼ਵ ਯੁੱਧ, ਪਾਕਿਸਤਾਨ ਅਤੇ ਚੀਨ ਨਾਲ ਹੋਇਆ 4 ਜੰਗਾਂ ਦੌਰਾਨ ਸਿੱਖਾਂ ਨੇ ਪੱਗ ਸਜਾ ਕੇ ਹੀ ਦੁਸ਼ਮਣਾਂ ਨੂੰ ਹਰਾਇਆ ਸੀ । ਸਿਰਫ਼ ਇੰਨਾਂ ਹੀ ਨਹੀਂ ਅਮਰੀਕਾ,ਕੈਨੇਡਾ ਵਰਗੇ ਮੁਲਕਾਂ ਨੇ ਵੀ ਫੌਜ ਵਿੱਚ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਹੈ ਤਾਂ ਭਾਰਤ ਸਰਕਾਰ ਬੇਵਜ੍ਹਾ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਕ ਰਹੀ ਹੈ।