‘ਦ ਖ਼ਾਲਸ ਬਿਊਰੋ : ਵਿਸ਼ਵ ਹਿੰਦੂ ਪਰੀਸ਼ਦ ਅਤੇ ਉਸ ਨਾਲ ਜੁੜੇ ਬਜਰੰਗ ਦਲ ਨੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ ਅਤੇ 100 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਨੋਟਿਸ ਵਿੱਚ ਬਜਰੰਗ ਦਲ ਦੀ ਤੁਲਨਾ ਪਾਪੁਲਰ ਫਰੰਟ ਆਫ਼ ਇੰਡੀਆ ਨਾਲ ਕਰਨ ਉੱਤੇ ਨਰਾਜ਼ਗੀ ਜਤਾਈ ਗਈ ਹੈ ਅਤੇ ਭਗਵਾਨ ਹਨੂੰਮਾਨ ਦੇ ਕਰੋੜਾਂ ਭਗਤਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਹ ਨੋਟਿਸ ਵੀਐੱਚਪੀ ਅਤੇ ਬਜਰੰਗ ਦਲ ਵੱਲੋਂ ਚੰਡੀਗੜ੍ਹ ਸਥਿਤ ਐਡਵੋਕੇਟ ਸਾਹਿਲ ਬੰਸਲ ਨੇ ਭੇਜਿਆ ਹੈ। ਮੁਆਵਜ਼ੇ ਦੀ ਰਕਮ ਨੂੰ ਭਰਨ ਦੇ ਲਈ 14 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਕਾਂਗਰਸ ਨੇ ਕਰਨਾਟਕਾ ਦੇ ਲਈ ਜਾਰੀ ਮੈਨੀਫੈਸਟੋ ਪੱਤਰ ਜਾਰੀ ਕੀਤਾ ਸੀ ਜਿਸ ਵਿੱਚ ਪਾਰਟੀ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਕਿਸੇ ਵੀ ਅਜਿਹੇ ਵਿਅਕਤੀ ਜਾਂ ਜਥੇਬੰਦੀ ਦੇ ਵਿਰੁੱਧ ਠੋਸ ਅਤੇ ਨਿਰਣਾਇਕ ਕਦਮ ਉਠਾਉਣ ਲਈ ਵਚਨਬੱਧ ਹੈ ਜੋ ਭਾਈਚਾਰਿਆਂ ਵਿਚਾਲੇ ਜਾਤੀ ਜਾਂ ਧਰਮ ਦੇ ਆਧਾਰ ਉੱਤੇ ਨਫ਼ਰਤ ਫੈਲਾਉਂਦੇ ਹਨ।
ਕਰਨਾਟਕਾ ਵਿੱਚ 10 ਮਈ ਨੂੰ ਵਿਧਾਨ ਸਭਾ ਦੀਆਂ 224 ਸੀਟਾਂ ਦੇ ਲਈ ਚੋਣ ਹੋਵੇਗੀ।