Punjab

ਦੀਪ ਸਿੱਧੂ ਦੀ ਬਰਸੀ ਸਮਾਗਮ’ਤੇ ਪਰਿਵਾਰ ਨੇ ਰੱਖੀ ਹਾਦਸੇ ਵਾਲੀ ‘ਸਕਾਰਪਿਓ’! ਰੀਨਾ ਰਾਏ ਦੇ ਏਨਾਂ ਇਲਜ਼ਾਮਾਂ ਦਾ ਦਿੱਤਾ ਜਵਾਬ !

ਬਿਉਰੋ ਰਿਪੋਰਟ : ਜਗਰਾਓ ਵਿੱਚ ਦੀਪ ਸਿੱਧੂ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਹੋ ਰਿਹਾ ਹੈ । ਪਰਿਵਾਰ ਵੱਲੋਂ ਰੱਖੇ ਗਏ ਇਸ ਸਮਾਗਮ ਵਿੱਚ ਸਿਆਸਦਾਨਾਂ ਦੇ ਨਾਲ ਕਈ ਧਾਰਮਿਕ ਲੋਕ ਵੀ ਸ਼ਾਮਲ ਹੋ ਰਹੇ ਹਨ । ਇਸ ਮੌਕੇ ਦੀਪ ਸਿੱਧੂ ਦੀ ਉਹ ਸਕਾਰਪਿਓ ਗੱਡੀ ਵੀ ਰੱਖੀ ਗਈ ਹੈ ਜਿਸ ਵਿੱਚ ਦੀਪ ਸਿੱਧੂ ਦੁਰਘਟਨਾ ਦਾ ਸ਼ਿਕਾਰ ਹੋਏ ਸਨ । 15 ਫਰਵਰੀ 2022 ਨੂੰ ਦੀਪ ਸਿੱਧੂ ਇਸੇ ਗੱਡੀ ‘ਤੇ ਆਪਣੀ ਦੋਸਤ ਰੀਨਾ ਰਾਏ ਦੇ ਨਾਲ ਦਿੱਲੀ ਤੋਂ ਪੰਜਾਬ ਆ ਰਹੇ ਸਨ ਜਿਸ ਦੌਰਾਨ ਉਨ੍ਹਾਂ ਦੀ ਗੱਡੀ ਟਰੱਕ ਨਾਲ ਟਕਰਾਈ ਸੀ । ਪਰ ਬਰਸੀ ਮੌਕੇ ਦੀਪ ਸਿੱਧੂ ਦੀ ਇਸ ਸਕਾਰਪੀਓ ਕਾਰ ਨੂੰ ਰੱਖਣ ਦੇ ਪਿੱਛੇ ਪਰਿਵਾਰ ਦਾ ਕੀ ਮੰਤਵ ਹੋ ਸਕਦਾ ਹੈ ? ਇਸ ਨੂੰ ਲੈਕੇ ਸਮਾਗਮ ਵਿੱਚ ਲੋਕਾਂ ਦੀਆਂ ਵੱਖ-ਵੱਖ ਰਾਇ ਸਾਹਮਣੇ ਆ ਰਹੀ ਹੈ ।

ਰੀਨਾ ਰਾਏ ਦੇ ਇਲਜ਼ਾਮਾਂ ਦਾ ਜਵਾਬ

ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਪਿਛਲੇ ਹਫਤੇ ਸੋਸ਼ਲ ਮੀਡੀਆ ‘ਤੇ ਆਕੇ ਕਿਹਾ ਕਿ ਕੁਝ ਲੋਕ ਦੀਪ ਸਿੱਧੂ ਅਤੇ ਉਨ੍ਹਾਂ ਦੀ ਸੜਕ ਦੁਰਘਟਨਾ ਨੂੰ ਆਪਣੇ ਫਾਇਦੇ ਦੇ ਲਈ ਸਾਜ਼ਿਸ ਦੱਸ ਰਹੇ ਹਨ ਜਦਕਿ ਇਹ ਦੁਰਘਟਨਾ ਸੀ ਇਸ ਪਿੱਛੇ ਕੋਈ ਸਾਜਿਸ਼ ਨਹੀਂ ਸੀ । ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ਅਤੇ ਉਨ੍ਹਾਂ ਦੀ ਪਤਨੀ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਦਾ ਜਵਾਬ ਦੇਣ ਦੇ ਲਈ ਹੋ ਸਕਦਾ ਹੈ ਕਿ ਪਰਿਵਾਰ ਨੇ ਇਹ ਸਕਾਰਪੀਓ ਰੱਖੀ ਹੈ। ਕਿਉਂਕਿ ਪਰਿਵਾਰ ਸਮੇਤ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵਾਰ-ਵਾਰ ਇਸ ਨੂੰ ਸਾਜਿਸ਼ ਦੱਸ ਰਹੇ ਹਨ । ਸਕਾਰਪਿਓ ਗੱਡੀ ਦੀ ਹਾਲਤ ਵੇਖ ਕੇ ਲੋਕ ਰੀਨਾ ਰਾਏ ਤੋਂ ਸਵਾਲ ਪੁੱਛ ਰਹੇ ਹਨ ਕਿ ਜਿਸ ਤਰ੍ਹਾਂ ਗੱਡੀ ਦੀ ਹਾਲਤ ਹੈ ਉਨ੍ਹਾਂ ਨੂੰ ਖਰੋਚ ਤੱਕ ਨਹੀਂ ਆਈ ਹੈ ? ਜਦਕਿ ਦੀਪ ਸਿੱਧੂ ਦੀ ਮੌਤ ਹੋ ਗਈ ? ਇਸ ਤੋਂ ਇਲਾਵਾ ਇਹ ਵੀ ਸਵਾਲ ਪੁੱਛੇ ਜਾ ਰਹੇ ਹਨ ਕਿ ਰੀਨਾ ਰਾਏ ਨੇ ਕਿਹਾ ਉਹ ਹਾਦਸੇ ਦੇ ਸਮੇਂ ਸੁੱਤੀ ਸੀ ਤਾਂ ਫਿਰ ਉਹ ਆਖਿਰ ਕਿਵੇ ਇਹ ਦਾਅਵਾ ਕਰ ਰਹੀ ਹੈ ਕਿ ਗੱਡੀ ਦੀ ਸਪੀਡ ਜ਼ਿਆਦਾ ਸੀ ? ਸਾਫ ਹੈ ਕਿ ਦੀਪ ਸਿੱਧੂ ਦੀ ਬਰਸੀ ਤੋਂ ਇੱਕ ਹਫਤੇ ਪਹਿਲਾਂ ਰੀਨਾ ਰਾਏ ਦਾ ਸੋਸ਼ਲ ਮੀਡੀਆ ‘ਤੇ ਆਕੇ ਬਿਆਨ ਦੇਣਾ ਕਈ ਸਵਾਲ ਜ਼ਰੂਰ ਖੜੇ ਕਰ ਰਿਹਾ ਹੈ । ਪਰਿਵਾਰ ਵੀ ਕਿਧਰੇ ਨਾ ਕਿਧਰੇ ਸਕਾਰਪੀਓ ਦੇ ਰੀਨਾ ਰਾਏ ਤੋਂ ਜਵਾਬ ਪੁੱਛ ਰਿਹਾ ਹੈ ।

ਇਹ ਆਗੂ ਹੋਣਗੇ ਸ਼ਾਮਲ

ਦੱਸਿਆ ਜਾ ਰਿਹਾ ਹੈ ਕਿ ਜਗਰਾਓ ਵਿੱਚ ਦੀਪ ਸਿੱਧੂ ਦੀ ਯਾਦ ਵਿੱਚ ਰੱਖੇ ਗਏ ਸਮਾਗਮ ਦੌਰਾਨ ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਲ ਹੋਣਗੇ । ਦੀਪ ਸਿੱਧੂ ਦੇ ਭਰਾ ਨੇ ਕੁਝ ਦਿਨ ਪਹਿਲਾਂ ਹੀ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਸੀ । ਇਸ ਤੋਂ ਅਕਾਲੀ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੀ ਸਮਗਾਮ ਵਿੱਚ ਸ਼ਾਮਲ ਹੋਏ । ਉਨ੍ਹਾਂ ਨੇ ਦੱਸਿਆ ਕਿ ਦੀਪ ਸਿੱਧੂ ਦੀ ਯਾਦ ਵਿੱਚ ਇੱਕ ਲਾਇਬਰੇਰੀ ਅਤੇ ਹਸਪਤਾਲ ਬਣਾਇਆ ਜਾਵੇਗਾ । ਉਧਰ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ 19 ਫਰਵਰੀ ਨੂੰ ਵੱਖ ਤੋਂ ਦੀਪ ਸਿੱਧੂ ਦੀ ਯਾਦ ਵਿੱਚ ਮੋਗਾ ਵਿੱਚ ਸਮਾਗਮ ਰੱਖਿਆ ਹੈ ਜਿਸ ਦਾ ਸੱਦਾ ਉਨ੍ਹਾਂ ਵੱਲੋਂ ਬੀਤੇ ਦਿਨ ਦਿੱਤਾ ਸੀ।

ਭਾਈ ਅੰਮ੍ਰਿਤਪਾਲ ਸਿੰਘ ਨੇ 4 ਦਿਨ ਬਾਅਦ 19 ਫਰਵਰੀ ਨੂੰ ਦੀਪ ਸਿੱਧੂ ਦੀ ਵੱਖ ਤੋਂ ਬਰਸੀ ਮਨਾਉਣ ਦਾ ਐਲਾਨ ਕੀਤਾ ਸੀ । ਵੀਡੀਓ ਮੈਸੇਜ ਜਾਰੀ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਪਹਿਲੀ ਬਰਸੀ ਮਿਤੀ 19 ਫ਼ਰਵਰੀ 2023 ਨੂੰ ਮਨਾਈ ਜਾਵੇਗੀ ।‘ਸ਼ਹੀਦੀ ਸਮਾਗਮ’ ਪਿੰਡ ਬੁੱਧਸਿੰਘ ਵਾਲਾ(ਮੋਗਾ) ਵਿਖੇ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰਦਾਸ ਉਪਰੰਤ ਸ਼ਬਦ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਹੋਵੇਗੀ, ਫਿਰ ਭਾਈ ਅੰਮ੍ਰਿਤਪਾਲ ਸਿੰਘ ਸੰਗਤਾਂ ਨੂੰ ਸੰਬੋਧਨ ਕਰਨਗੇ। ਵਾਰਿਸ ਪੰਜਾਬ ਦੇ ਮੁੱਖੀ ਨੇ ਦੱਸਿਆ ਕਿ ਦੀਪ ਸਿੱਧੂ ਆਪ ਵੀ ਅੰਮ੍ਰਿਤਪਾਨ ਕਰਨ ਜਾ ਰਹੇ ਸਨ ਅਤੇ ਇਸੇ ਲਈ ਉਨ੍ਹਾਂ ਦੀ ਯਾਦ ਵਿੱਚ ‘ਗੁਰਭਾਈ ਮੁਹਿੰਮ’ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਅੱਗੇ ਤੋਰਦਿਆਂ ਅੰਮ੍ਰਿਤ ਸੰਚਾਰ ਹੋਵੇਗਾ। ਟੀਮ ਦੀਪ ਸਿੱਧੂ ਵੱਲੋਂ ਤਿਆਰ ਕੀਤੇ ਸ਼ਹੀਦੀ ਦਰਵਾਜ਼ੇ ਦਾ ਉਦਘਾਟਨ ਕੀਤਾ ਜਾਵੇਗਾ।