ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਗਈ ਹਰਕਤ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਹੋਇਆ ਦਰਅਸਲ ਇਹ ਕਿ ਕਿਸੇ ਸ਼ਰਾਰਤੀ ਤੱਤ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨਾਂ ਸਿਰਫ ਮੌਤ ਦੀ ਨਕਲੀ ਸਰਟੀਫਿਕੇਟ ਬਣਾਇਆ ਸਗੋਂ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਅਪਲੋਡ ਕਰ ਦਿੱਤਾ। ਇਸ ਹਰਕਤ ਨੇ ਉੱਤਰ ਪ੍ਰਦੇਸ਼ ਤੋਂ ਲੈ ਕੇ ਹਰਿਆਣਾ ਤੱਕ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ ਦੇ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਸੋਨਭਦਰ ਦੇ ਪੰਨੂਗੰਜ ਤੇ ਸ਼ਾਹਗੰਜ ਪੀਐਚਸੀ ਦਾ ਜ਼ਿਕਰ ਕੀਤਾ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਕਰਮਚਾਰੀਆਂ ‘ਚ ਭੱਜਦੌੜ ਮੱਚ ਗਈ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਧਿਆਨ ਯੋਗ ਹੈ ਕਿ ਸੋਨਭੱਦਰ ਜ਼ਿਲ੍ਹੇ ਉਪਰੋਕਤ ਇਲਾਕਿਆਂ ਵਿੱਚ ਕੋਈ ਪੀਐਚਸੀ ਹੈ ਹੀ ਨਹੀਂ । ਸ਼ਾਹਗੰਜ ‘ਚ ਸੀ.ਐੱਚ.ਸੀ ਜ਼ਰੂਰ ਹੈ, ਪਰ ਲੰਬੇ ਸਮੇਂ ਤੋਂ ਉਥੋਂ ਕੋਈ ਸਰਟੀਫਿਕੇਟ ਜਾਰੀ ਨਹੀਂ ਹੋਇਆ ਹੈ। ਹੁਣ ਪ੍ਰਸ਼ਾਸਨ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਰਿਹਾ ਹੈ।
ਵੈੱਬਸਾਈਟ ‘ਤੇ ਅੱਪਲੋਡ ਕੀਤਾ ਗਿਆ ਸਰਟੀਫਿਕੇਟ 2 ਫਰਵਰੀ, 2023 ਨੂੰ ਮਨੋਹਰ ਲਾਲ ਖੱਟਰ ਪੁੱਤਰ ਹਰਬੰਸ਼ ਲਾਲ ਦੇ ਨਾਂ ‘ਤੇ ਜਾਰੀ ਕੀਤਾ ਗਿਆ ਹੈ। ਇਸ ਵਿੱਚ ਮੌਤ 5 ਮਈ, 2022 ਨੂੰ ਦਰਜ ਕੀਤੀ ਗਈ ਹੈ। ਇਸ ‘ਤੇ ਪਤਾ ਵੀ ਹਰਿਆਣਾ ਦੇ ਮੁੱਖ ਮੰਤਰੀ ਦਾ ਹੀ ਹੈ ਤੇ ਉਹਨਾਂ ਦੇ ਮਾਤਾ-ਪਿਤਾ ਦੇ ਨਾਮ ਵੀ ਸਰਟੀਫਿਕੇਟ ਉਤੇ ਦਰਜ ਪਾਏ ਗਏ ਹਨ । ਮਾਮਲੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਨੂੰ ਜਾਅਲੀ ਪਾਇਆ ਗਿਆ ਤੇ ਇਸ ਦੀ ਜਾਂਚ ਸ਼ੁਰੂ ਹੋ ਗਈ ਹੈ ਤੇ ਸਬੰਧਤ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਮ ਨੇ ਮਾਮਲੇ ਦੀ ਜਾਂਚ ਕਰਕੇ ਕੇਸ ਦਰਜ ਕਰਨ ਦੀ ਗੱਲ ਕਹੀ ਹੈ।