International

ਸੰਯੁਕਤ ਰਾਸ਼ਟਰ ‘ਚ ਇਸਰੋ ਬਣੀ ਕੋਰੋਨਾ ਕਾਲ ਨਾਲ ਨਜਿੱਠਣ ਲਈ ਚਰਚਾ ਦਾ ਵਿਸ਼ਾ

‘ਦ ਖ਼ਾਲਸ ਬਿਊਰੋ :- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਮਹਾਂਮਾਰੀ ’ਤੇ ਕਾਬੂ ਪਾਊਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਹਾਇਤਾ ਦੇਣ ਅਤੇ ਮੁਲਕ ’ਚ ਸਥਾਈ ਵਿਕਾਸ ਪ੍ਰਾਜੈਕਟਾਂ ’ਚ ਆਪਣੇ ਉਪਕਰਣਾਂ ਰਾਹੀਂ ਮਦਦ ਦੇਣ ਲਈ ਚਰਚਾ ਦਾ ਵਿਸ਼ਾ ਬਣੀ ਰਹੀ ਹੈ।

ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ‘ਭੁਵਨ’ ਪੋਰਟਲ ਦੇ ਯੋਗਦਾਨ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਨੇ ਇਸਰੋ ਨੂੰ ਵਿਕਸਤ ਕੀਤਾ ਹੈ ਅਤੇ ਇਸ ’ਚ ਕੋਵਿਡ-19 ਖ਼ਿਲਾਫ਼ ਲੜਾਈ ਲਈ ਅੰਕੜੇ, ਸੇਵਾਵਾਂ ਅਤੇ ਅਧਿਐਨ ਲਈ ਜ਼ਰੂਰੀ ਤੱਥ ਮੁਹੱਈਆ ਕਰਵਾਏ ਜਾਂਦੇ ਹਨ। ਰਿਪੋਰਟ ਮੁਤਾਬਕ ਛੇ ਤੱਥਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਨ੍ਹਾਂ ’ਚ ਕੇਸਾਂ ਦਾ ਪਤਾ ਲਾਊਣਾ, ਲਾਗ ਫੈਲਣ ਵਾਲੇ ਖੇਤਰਾਂ ਦੀ ਪਛਾਣ, ਸਬਜ਼ੀ ਮੰਡੀਆਂ, ਜ਼ਰੂਰੀ ਖੁਰਾਕੀ ਵਸਤਾਂ, ਇਕਾਂਤਵਾਸ ਅਤੇ ਪ੍ਰਦੂਸ਼ਣ ਸ਼ਾਮਲ ਹਨ। ਇਹ ਰਿਪੋਰਟ 18 ਨਵੰਬਰ ਨੂੰ ‘ਸੰਯੁਕਤ ਰਾਸ਼ਟਰ ਦੇ ਏਸ਼ੀਆ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਆਰਥਿਕ ਅਤੇ ਸਮਾਜਿਕ ਕਮਿਸ਼ਨ’ ਨੇ ਜਾਰੀ ਕੀਤੀ ਹੈ।

ਅਮਰੀਕਾ ਵਿੱਚ ਕੋਰੋਨਾ ਨਾਲ ਢਾਈ ਲੱਖ ਤੋਂ ਵੱਧ ਮੌਤਾਂ

ਅਮਰੀਕਾ ਦੇ ਵਾਸ਼ਿੰਗਟਨ ਵਿੱਚ ਕੋਰੋਨਾਵਾਇਰਸ ਦੀ ਲਾਗ ਨਾਲ ਹੁਣ ਤੱਕ 2,50,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕੋਵਿਡ ਨਾਲ ਹੁਣ ਤੱਕ ਦੁਨੀਆਂ ਭਰ ਵਿੱਚ 13,49,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2,50,537 ਹੈ ਅਤੇ ਕਰੀਬ ਇੱਕ ਕਰੋੜ 15 ਲੱਖ ਲੋਕ ਇਸ ਲਾਗ ਦੀ ਲਪੇਟ ’ਚ ਆ ਚੁੱਕੇ ਹਨ।

‘ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੀਆਂ ਜਥੇਬੰਦੀਆਂ ਕੋਰੋਨਾ ਬਾਰੇ ਗਲਤ ਜਾਣਕਾਰੀ ਫੈਲਾ ਰਹੀਆਂ ਹਨ’
ਅਲ-ਕਾਇਦਾ ਤੇ ਇਸਲਾਮਿਕ ਸਟੇਟ ਨਾਲ ਜੁੜੀਆਂ ਦਹਿਸ਼ਤੀ ਜਥੇਬੰਦੀਆਂ ਕੋਵਿਡ-19 ਮਹਾਂਮਾਰੀ ਦੀ ਵਰਤੋਂ ‘ਸਾਜ਼ਿਸ਼ ਦੀਆਂ ਮਨਘੜਤ ਕਹਾਣੀਆਂ’ ਫੈਲਾਊਣ ’ਚ ਕਰ ਰਹੀਆਂ ਹਨ, ਕਿ ਵਾਇਰਸ ‘ਕਾਫਿਰਾਂ ਨੂੰ ਸਜ਼ਾ ਦੇ ਰਿਹਾ’ ਹੈ ਅਤੇ ਇਹ ਪੱਛਮ ’ਤੇ ‘ਖੁਦਾ ਦਾ ਕਹਿਰ’ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਹ ਜਥੇਬੰਦੀਆਂ ਅਤਿਵਾਦੀਆਂ ਨੂੰ ਜੈਵਿਕ ਹਥਿਆਰਾਂ ਵਜੋਂ ਕੰਮ ਕਰਨ ਲਈ ਵੀ ਭੜਕਾ ਰਹੀਆਂ ਹਨ।

ਇਹ ਰਿਪੋਰਟ ਸੰਯੁਕਤ ਰਾਸ਼ਟਰ ਅੰਤਰ-ਖੇਤਰੀ ਅਪਰਾਧ ਅਤੇ ਨਿਆਂ ਖੋਜ ਇੰਸਟੀਚਿਊਟ ਨੇ 18 ਨਵੰਬਰ ਨੂੰ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਅਪਰਾਧੀ ਅਤੇ ਹਿੰਸਕ ਕੱਟੜਵਾਦੀ ਗੁੱਟ ਮਹਾਂਮਾਰੀ ਦੀ ਵਰਤੋਂ ਨੈੱਟਵਰਕ ਤਿਆਰ ਕਰਨ ਅਤੇ ਸਰਕਾਰਾਂ ’ਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਕਰ ਰਹੇ ਹਨ। ਗ਼ੈਰ-ਅਧਿਕਾਰਤ ਤੌਰ ’ਤੇ ਇਕ ਫ਼ਤਵਾ ਵੀ ਜਾਰੀ ਕਰਕੇ ਇਸਲਾਮਿਕ ਸਟੇਟ ਦੇ ਮੈਂਬਰਾਂ ਨੂੰ ਕਿਹਾ ਗਿਆ ਸੀ ਕਿ ਊਹ ‘ਜੈਵਿਕ ਬੰਬ’ ਵਾਂਗ ਕੰਮ ਕਰਨ ਅਤੇ ਦੁਸ਼ਮਣਾਂ ’ਚ ਇਸ ਨੂੰ ਜਾਣ-ਬੁੱਝ ਕੇ ਫੈਲਾਇਆ ਜਾਵੇ।