ਬਿਉਰੋ ਰਿਪੋਰਟ : 80 ਸਾਲ ਦੇ ਦਰਸ਼ਨ ਸਿੰਘ ਮਰਨ ਤੋਂ ਬਾਅਦ ਮੁੜ ਤੋਂ ਜ਼ਿੰਦਾ ਹੋਏ । ਸੁਣਨ ਨੂੰ ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ । ਦਿਲ ਦੇ ਮਰੀਜ਼ ਦਰਸ਼ਨ ਸਿੰਘ ਨੂੰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਹਾਲਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ICU ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ । ਵੀਰਵਾਰ ਨੂੰ ਜਦੋਂ ਡਾਕਟਰਾਂ ਨੇ ਵੇਖਿਆ ਕਿ ਦਰਸ਼ਨ ਸਿੰਘ ਦੀ ਦਿਲ ਦੀ ਧੜਕਨ ਨਹੀਂ ਚੱਲ ਰਹੀ ਹੈ ਤਾਂ ਉਨ੍ਹਾਂ ਨੂੰ ਇਨਜੈਕਸ਼ਨ ਦਿੱਤਾ ਗਿਆ ਪਰ ਕੋਈ ਹਰਕਤ ਨਹੀਂ ਹੋਈ ਤਾਂ ਵੈਨਟੀਲੇਟਰ ਤੋਂ ਹਟਾ ਦਿੱਤਾ ਗਿਆ ਅਤੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ । ਸਾਰੇ ਰਿਸ਼ਤੇਦਾਰਾਂ ਨੂੰ ਵੀ ਦਰਸ਼ਨ ਸਿੰਘ ਦੀ ਮੌਤ ਦੀ ਖ਼ਬਰ ਦੇ ਦਿੱਤੀ ਗਈ ਸੀ। ਪਰ ਐਂਬੂਲੈਂਸ ਵਿੱਚ ਅਜਿਹੀ ਘਟਨਾ ਹੋਈ ਕਿ ਉਨ੍ਹਾਂ ਦੇ ਸਾਹ ਚੱਲਣ ਲੱਗ ਗਏ।
ਇਸ ਤੋਂ ਬਾਅਦ ਸਾਹ ਵਾਪਸ ਆਏ
ਦਰਸ਼ਨ ਸਿੰਘ ਦੇ ਭਰਾ ਉਨ੍ਹਾਂ ਨੂੰ ਕਰਨਾਲ ਤੋਂ ਇਲਾਜ ਦੇ ਲਈ ਪਟਿਆਲਾ ਲੈਕੇ ਆਏ ਸਨ,ਜਦੋਂ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਲਈ ਐਂਬੂਲੈਂਸ ‘ਤੇ ਕਰਨਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੈਥਲ ਦੇ ਨਜ਼ਦੀਕ ਐਂਬੂਲੈਂਸ ਦਾ ਟਾਇਰ ਖੱਡੇ ਵਿੱਚ ਵੱਜਿਆ ਜਿਸ ਤੋਂ ਬਾਅਦ ਦਰਸ਼ਨ ਸਿੰਘ ਹੱਥ ਹਿਲਿਆ। ਐਂਬੂਲੈਂਸ ਵਿੱਚ ਬੈਠੇ ਦਰਸ਼ਨ ਸਿੰਘ ਦੇ ਪੁੱਤਰ ਬਲਦੇਵ ਸਿੰਘ ਨੂੰ ਉਨ੍ਹਾਂ ਦੇ ਹੱਥ ਹਿੱਲਨ ਦਾ ਸ਼ੱਕ ਹੋਇਆ ਤਾਂ ਨਰਸ ਨੇ ਪਿਤਾ ਦਰਸ਼ਨ ਸਿੰਘ ਦੀ ਨੱਸ ਚੈੱਕ ਕੀਤੀ ਤਾਂ ਉਹ ਚੱਲ ਰਹੀ ਸੀ । ਇਸ ਦੇ ਬਾਅਦ ਫੌਰਨ ਹਸਪਤਾਲ ਲਿਜਾਇਆ ਗਿਆ । ਡਾਕਟਰਾਂ ਨੇ ਚੈੱਕ ਕੀਤਾ ਤਾਂ ਸਾਹ ਚੱਲ ਰਹੀ ਸੀ। ਡਾਕਟਰਾਂ ਨੇ ਇਸ ਤੋਂ ਬਾਅਦ ਦਰਸ਼ਨ ਸਿੰਘ ਨੂੰ ਕਰਨਾਲ ਦੇ ਰਾਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ । ਪਰਿਵਾਰ ਵਾਲਿਆਂ ਦੇ ਮੁਤਾਬਿਕ ਪਟਿਆਲਾ ਦੇ ਹਸਪਤਾਲ ਨੇ ਦਰਸ਼ਨ ਸਿੰਘ ਦਾ ਮੌਤ ਦਾ ਸਰਟੀਫਿਕੇਟ ਨਹੀਂ ਦਿੱਤਾ ਸੀ।
10 ਸਾਲ ਤੋਂ ਦਰਸ਼ਨ ਸਿੰਘ ਦਿਲ ਦੇ ਮਰੀਜ਼
ਰਾਵਲ ਹਸਪਤਾਲ ਦੇ ਡਾਕਟਰ ਨੇਤਪਾਲ ਨੇ ਦੱਸਿਆ ਕਿ ਦਰਸ਼ਨ ਸਿੰਘ ਦੀ ਉਮਰ ਤਕਰੀਬਨ 80 ਸਾਲ ਹੈ । ਉਹ 10 ਸਾਲ ਤੋਂ ਦਿਲ ਦੇ ਮਰੀਜ਼ ਹਨ। ਛਾਤੀ ਵਿੱਚ ਇਨਫੈਕਸ਼ਨ ਦੇ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਉਨ੍ਹਾਂ ਦੀ ਰਿਪੋਰਟ ਠੀਕ ਨਹੀਂ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਵੈਨਟੀਲੇਟਰ ‘ਤੇ ਰੱਖਿਆ ਸੀ। ਉੱਥੇ ਡਾਕਟਰ ਸਿੰਗਲਾ ਵੱਲੋਂ ਕਾਫੀ ਚੰਗਾ ਇਲਾਜ ਕੀਤਾ ਗਿਆ,ਮਰੀਜ਼ ਰਿਕਰਵ ਕਰ ਰਿਹਾ ਸੀ । ਡਾਕਟਰ ਨੇਤਪਾਲ ਨੇ ਦੱਸਿਆ ਦਰਸ਼ਨ ਸਿੰਘ ਦਾ ਬਲੱਡ ਪਰੈਸ਼ਰ 80-90 ਦੇ ਵਿਚਾਲੇ ਹੈ,ਸਾਹ ਚੱਲ ਰਹੇ ਹਨ,ਨਤੀਜ਼ਾ ਕੀ ਹੋਵੇਗਾ,ਇਸ ਨੂੰ ਲੈਕੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਹੈ । ਰੱਬ ਨੇ ਇੱਕ ਮੌਕਾ ਦਿੱਤਾ ਹੈ । ਮਰੀਜ਼ ਦਰਸ਼ਨ ਸਿੰਘ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਦਰਸ਼ਨ ਸਿੰਘ ਵੈਂਟੀਲੇਟਰ ‘ਤੇ ਨਹੀਂ ਰੱਖਿਆ ਗਿਆ ਹੈ ।