Others Punjab

ਸ੍ਰੀ ਦਰਬਾਰ ਸਾਹਿਬ ‘ਚ ਮਰਿਆਦਾ ਪਾਲਣ ਨੂੰ ਲੈ ਕੇ SGPC ਦਾ ਵੱਡਾ ਕਦਮ ! ਹੁਣ ਨਹੀਂ ਚੱਲੇਗਾ ਮਰਿਆਦਾ ਤੋਂ ਅਣਜਾਣ ਹੋਣ ਦਾ ਬਹਾਨਾ !

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਸ ਦੌਰਾਨ ਮਰਿਆਦਾ ਨੂੰ ਲੈਕੇ ਪਿਛਲੇ ਕੁਝ ਸਮੇਂ ਤੋਂ ਕਾਫੀ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ SGPC ਨੇ ਵੱਡਾ ਕਦਮ ਚੁੱਕਿਆ ਹੈ । ਖਾਸ ਕਰਕੇ ਇੱਕ ਬੱਚੀ ਦੇ ਸਕਰਟ ਪਾਉਣ ਅਤੇ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਨੂੰ ਲੈਕੇ। ਇਸੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਸੰਗਤ ਨੂੰ ਇਸ ਪਾਵਨ ਅਸਥਾਨ ਦੇ ਇਤਿਹਾਸ,ਪ੍ਰੰਪਰਾਵਾਂ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦੇਣ ਲਈ ਇਕ ਵੱਡ-ਅਕਾਰੀ ਸਕਰੀਨ ਲਗਾਈ ਗਈ ਹੈ।

ਮੁੱਖ ਦੁਆਰ ‘ਤੇ ਲਗਾਈ ਗਈ ਸਕਰੀਨ

ਇਹ ਸਕਰੀਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਦੇ ਨਜ਼ਦੀਕ ਲਗਾਈ ਗਈ ਹੈ, ਜਿਸ ਦੀ ਸੇਵਾ ਓਬਰਾਏ ਗਰੁੱਪ ਯੂਕੇ ਅਤੇ ਦੁਬਈ ਦੇ ਜਸਪ੍ਰੀਤ ਸਿੰਘ ਨੇ ਕਰਵਾਈ ਹੈ। ਸਥਾਪਤ ਕੀਤੀ ਗਈ ਇਸ ਸਕਰੀਨ ’ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੀਆਂ ਸੰਗਤਾਂ ਨੂੰ ਪੰਜਾਬੀ,ਅੰਗਰੇਜ਼ੀ ਅਤੇ ਹਿੰਦੀ ਤਿੰਨ ਭਾਸ਼ਾਵਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸਕਰੀਨ ਦਾ ਉਦਘਾਟਨ ਕਰਨ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇਥੇ ਨਤਮਸਤਕ ਹੋਣ ਮੌਕੇ ਪੰਜਾਬ ਤੋਂ ਇਲਾਵਾ ਦੇਸ਼ ਦੁਨੀਆਂ ਤੋਂ ਸੰਗਤਾਂ ਪੁੱਜਦੀਆਂ ਹਨ।

ਸਕਰੀਨ ਦੇ ਪਿੱਛੇ ਮਕਸਦ

SGPC ਪ੍ਰਧਾਨ ਨੇ ਕਿਹਾ ਕਿ ਸਕਰੀਨ ਲਗਾਉਣ ਦਾ ਮਕਸਦ ਸ਼ਰਧਾਲੂ ਸੰਗਤਾਂ ਨੂੰ ਇਤਿਹਾਸ ਤੋਂ ਵਾਕਫ ਕਰਵਾਉਣ ਦੇ ਨਾਲ-ਨਾਲ ਮਰਯਾਦਾ ਬਾਰੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਕੁਝ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਸੰਗਤ ਤੱਕ ਪੁੱਜਦਾ ਕਰਨੇ ਜ਼ਰੂਰੀ ਹਨ,ਜੋ ਇਸ ਸਕਰੀਨ ਜ਼ਰੀਏ ਉਬਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ’ਤੇ ਤਿੰਨ ਭਾਸ਼ਾਵਾਂ ਵਿਚ ਸੰਗਤ ਦੇ ਧਿਆਨ ਰੱਖਣਯੋਗ ਗੱਲਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ,ਜਦਕਿ ਅਗਲੇ ਦਿਨਾਂ ਅੰਦਰ ਇਤਿਹਾਸ ਨਾਲ ਸਬੰਧਤ ਜਾਣਕਾਰੀਆਂ ਵੀ ਸ਼ਾਮਲ ਕਰ ਦਿੱਤੀਆਂ ਜਾਣਗੀਆਂ।