ਫਰੀਦਕੋਟ : ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਸੜ੍ਹਕਾਂ ਤੇ ਲਗਿਆ ਜਾਮ ਹਾਲੇ ਵੀ ਨਹੀਂ ਖੁੱਲ ਸਕਿਆ ਹੈ।ਜਿਸ ਕਾਰਨ ਆਮ ਲੋਕ ਤੰਗ ਹੋਏ ਪਏ ਹਨ ਜਦੋਂ ਕਿ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਹੈ ਸੜ੍ਹਕਾਂ ‘ਤੇ ਬੈਠਣ ਦਾ ਤੇ ਆਮ ਲੋਕਾਂ ਨੂੰ ਤੰਗ ਕਰਨ ਦਾ ਪਰ ਜਦੋਂ ਕੋਈ ਸੁਣਵਾਈ ਹੀ ਨਹੀਂ ਹੋ ਰਹੀ ਤਾਂ ਫਿਰ ਉਹ ਕਿਧਰ ਜਾਣ?
ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਬਿਆਨ ਵਿੱਚ ਵੀ ਕਿਹਾ ਸੀ ਕਿ ਧਰਨੇ ਲਾਉਣਾ ਰਿਵਾਜ਼ ਬਣ ਗਿਆ ਹੈ ਤੇ ਕਈ ਜਥੇਬੰਦੀਆਂ ਜਾਣ ਬੁੱਝ ਕੇ ਹੀ ਧਰਨੇ ਲਾਉਣ ਬਹਿ ਜਾਂਦੀਆਂ ਹਨ।
ਇਸ ਬਿਆਨ ਦਾ ਕਈ ਪਾਸੇ ਤੋਂ ਤਿੱਖਾ ਵਿਰੋਧ ਹੋਇਆ ਸੀ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਵਿਰੁਧ ਮਰਨ ਵਰਤ ਦਾ ਐਲਾਨ ਕਰ ਦਿੱਤਾ ਸੀ, ਜੋ ਕਿ ਫ਼ਰੀਦਕੋਟ ‘ਚ ਹਾਲੇ ਤੱਕ ਜਾਰੀ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁੱਦ ਵੀ ਇਥੇ ਆ ਕੇ ਗਏ ਹਨ ਪਰ ਕਿਸਾਨ ਆਗੂ ਆਪਣੀ ਮੰਗ ਤੇ ਅੜੇ ਹੋਏ ਹਨ। ਨੌਜਵਾਨ ਆਗੂ ਲੱਖੇ ਸਿਧਾਣੇ ਨੇ ਵੀ ਧਰਨੇ ਵਾਲੀ ਥਾਂ ਪਹੁੰਚ ਕੇ ਡੱਲੇਵਾਲ ਦਾ ਹਾਲ ਜਾਣਿਆ ਹੈ।
ਇਸ ਭੁੱਖ ਹੜ੍ਹਤਾਲ ਦੇ ਕਾਰਨ ਕਿਸਾਨ ਆਗੂ ਡੱਲੇਵਾਲ ਦੀ ਸਿਹਤ ‘ਤੇ ਕਾਫ਼ੀ ਅਸਰ ਹੋਇਆ ਹੈ।ਭੁੱਖੇ ਰਹਿਣ ਕਰਕੇ ਉਹਨਾਂ ਦਾ ਸ਼ੂਗਰ ਲੈਵਲ ਘਟਿਆ ਹੋਇਆ ਹੈ,ਜਿਸ ਕਾਰਨ ਅਟੈਕ ਹੋਣ ਦਾ ਖ਼ਤਰਾ ਹੈ ਪਰ ਕਿਸਾਨ ਆਗੂ ਆਪਣੀ ਮੰਗ ‘ਤੇ ਅੜੇ ਹੋਏ ਹਨ। ਕਈ ਕਿਸਾਨ ਆਗੂ ਡੱਲੇਵਾਲ ਨਾਲ ਮੁਲਾਕਾਤ ਕਰ ਰਹੇ ਹਨ।
ਜਿੱਥੇ ਇੱਕ ਪਾਸੇ ਕਿਸਾਨ ਲਗਾਤਾਰ ਧਰਨੇ ਤੇ ਡੱਟੇ ਹੋਏ ਹਨ,ਉਧਰ ਦੂਜੇ ਪਾਸੇ ਹਰਿਆਣੇ ਤੋਂ ਕਿਸਾਨ ਨੇਤਾ ਗੁਰਨਾਮ ਸਿੰਘ ਚੜੂੰਨੀ ਨੇ ਕੱਲ ਅੰਬਾਲੇ ਵਿੱਚ ਕੀਤੇ ਜਾਣ ਵਾਲੇ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਚੜੂੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰਿਆਣੇ ਦੇ ਗ੍ਰਹਿ ਗ੍ਰਹਿ ਮੰਤਰੀ ਸ਼੍ਰੀ ਅਨਿਲ ਵਿੱਜ ਨੇ ਭਾਰਤੀ ਕਿਸਾਨ ਯੂਨੀਅਨ ਚੜੂੰਨੀ ਦੇ ਵਫਦ ਨੂੰ ਬੁਲਾਇਆ ਅਤੇ ਮੀਟਿੰਗ ਕੀਤੀ ਹੈ ।
ਉਹਨਾਂ ਨੇ ਕਿਸਾਨ ਅੰਦੋਲਨ ਦੇ ਸਾਰੇ ਕੇਸ ਵਾਪਸ ਲੈ ਲਏ ਹਨ ਤੇ ਬਾਕੀ ਪੁਰਾਣੇ 32 ਕੇਸ ਵੀ ਵਾਪਸ ਲੈ ਲਏ ਹਨ। ਜਿਸ ਕਾਰਨ ਹੁਣ ਕੋਈ ਵੀ ਸੜ੍ਹਕ ਜਾਮ ਨਹੀਂ ਕੀਤੀ ਜਾਵੇਗੀ ਪਰ ਹੋਰ ਮੰਗਾਂ ਅਤੇ ਸਰ ਛੋਟੂ ਰਾਮ ਜੈਅੰਤੀ ਨੂੰ ਲੈ ਕੇ ਸਾਰਾ ਪ੍ਰੋਗਰਾਮ ਉਸੇ ਤਰ੍ਹਾਂ ਹੀ ਰਹੇਗਾ। ਚੜੂੰਨੀ ਨੇ ਸਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਵੱਡੀ ਗਿਣਤੀ ਵਿੱਚ ਮੋਹੜਾ ਮੰਡੀ,ਜ਼ਿਲ੍ਹਾ ਅੰਬਾਲਾ ‘ਚ ਕੱਲ ਹੋਣ ਵਾਲੀ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।