ਸੋਨੀਪਤ : ਸਿੰਘੂ ਬਾਰਡਰ ‘ਤੇ ਪਹੁੰਚੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕੱਲ ਹੋਣ ਵਾਲੇ ਸਮਾਗਮ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। ਡੱਲੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਪੇਜ਼ ਤੇ ਪਾਏ ਇੱਕ ਵੀਡੀਓ ਸੰਦੇਸ਼ ਵਿੱਚ ਕੱਲ ਹੋਣ ਵਾਲੇ ਸਮਾਗਮ ਵਾਲੀ ਜਗਾ ਬਾਰੇ ਦੱਸਿਆ ਹੈ ਤੇ ਕਿਹਾ ਹੈ ਕਿ ਪੰਜਾਬ-ਹਰਿਆਣਾ ਤੋਂ ਕਿਸਾਨ ਸੰਗਠਨਾਂ ਤੇ ਕਿਸਾਨਾਂ ਨੇ ਕੱਲ ਇਸ ਜਗਾ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨੀ ਹੈ ਤੇ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ।
ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਰਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਕੱਲ ਨੂੰ ਭੋਗ ਵੀ ਪੈਣਗੇ।ਭੋਗ ਦੇ ਉਪਰੰਤ ਸਮਾਗਮ ਹਾਈਵੇਅ ਵਾਲੀ ਸੜ੍ਹਕ (ਰਾਜੀਵ ਗਾਂਧੀ ਐਜੁਕੇਸ਼ਨ ਸਿਟੀ), ਜਿਥੇ ਮੋਰਚਾ ਲੱਗਿਆ ਹੋਇਆ ਸੀ,’ਤੇ ਸਮਾਗਮ ਹੋਣਗੇ ਤੇ ਸਟੇਜ਼ ਲਾਈ ਜਾਵੇਗੀ।
ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਹਰਿਆਣਾ ਤੇ ਹੋਰ ਸਾਰੇ ਪਾਸੇ ਤੋ ਆਉਣ ਵਾਲੀ ਸੰਗਤ ਇਥੇ ਹੀ ਪਹੁੰਚੇ।
ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਇਸੇ ਜਗਾ ‘ਤੇ ਦਿੱਲੀ ਦੇ ਬਾਰਡਰ ਜਾਮ ਕਰ ਕੇ ਧਰਨਾ ਲਾ ਦਿੱਤਾ ਸੀ ,ਜੋ ਕਿ ਪੂਰਾ ਸਾਲ ਚੱਲਿਆ ਸੀ ਤੇ ਇਸ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਗਵਾ ਦਿੱਤੀ ਸੀ।
ਹੁਣ ਇਸ ਮੋਰਚੇ ਨੂੰ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਉਹਨਾਂ ਕਿਸਾਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਨ ਦਾ ਐਲਾਨ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਸੀ। ਜਿਸ ਦੇ ਤਹਿਤ ਕੱਲ ਨੂੰ ਇਥੇ ਸਮਾਗਮ ਕਰਵਾਏ ਜਾ ਰਹੇ ਹਨ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।