‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਵਜੋਤ ਸਿੰਘ ਸਿੱਧੂ ਵੱਲੋਂ ਮਦਨ ਲਾਲ ਜਲਾਲਪੁਰ ਦੇ ਘਰ ਜਾ ਕੇ ਇਹ ਕਹਿਣਾ ਕਿ ਮੇਰੇ ਪਹਿਲੇ ਉਮੀਦਵਾਰ ਮਦਨ ਲਾਲ ਜਲਾਲਪੁਰ ਹੋਣਗੇ, ਇਸ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਵੇਲੇ ਸਿੱਧੂ ਇਹ ਕਿਹਾ ਕਰਦੇ ਸੀ ਕਿ ਉਹ ਸੈਂਡ ਮਾਫੀਆ, ਸ਼ਰਾਬ ਮਾਫੀਆ ਦੇ ਖਿਲਾਫ ਡਟਕੇ ਖਿਲਾਫ ਹਨ, ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਮਦਦ ਲਾਲ ਜਲਾਲਪੁਰ ਦੇ ਘਰ ਜਾ ਕੇ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ।
ਸਿੱਧੂ ਨੇ ਇਹ ਵੀ ਕਿਹਾ ਹੈ ਕਿ ਜਲਾਲਪੁਰ ਮੇਰੇ ਪਹਿਲਾ ਉਮੀਦਵਾਰ ਹੋਵੇਗਾ।ਉਨ੍ਹਾਂ ਕਿਹਾ ਕਿ ਇਹ ਉਹੀ ਜਲਾਲਪੁਰ ਨੇ ਜਿਨ੍ਹਾਂ ਬਾਰੇ ਕੁਝ ਦਿਨ ਪਹਿਲਾਂ ਕਾਂਗਰਸ ਦੇ ਹੀ ਲੋਕਾਂ ਨੇ ਮੀਟਿੰਗ ਕਰਕੇ ਕਿਹਾ ਸੀ ਕਿ ਸਾਡਾ ਐਮਐਲਏ ਕ੍ਰਪਟ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਇਸ ਸਪੋਰਟ ਨਾਲ ਉਨ੍ਹਾਂ ਦਾ ਚੇਹਰਾ ਐਕਸਪੋਜ ਹੋ ਗਿਆ ਹੈ ਤੇ ਹੁਣ ਜਨਤਾ ਜਵਾਬ ਦੇਵੇਗੀ
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਫੇਰਾ ਪਾਇਆ ਸੀ। ਉਨ੍ਹਾਂ ਨਾਲ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਵੀ ਮੌਜੂਦ ਸਨ।ਇਸ ਮੌਕੇ ਸਿੱਧੂ ਨੇ ਕਿਹਾ ਸੀ ਕਿ ਇਹ ਜਲਾਲਪੁਰ ਦੀ ਚੋਣ ਨਹੀਂ ਹੋਵੇਗੀ ਸਗੋਂ ਸਿੱਧੂ ਦੀ ਚੋਣ ਹੋਵੇਗੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਦਨ ਲਾਲ ਜਲਾਲਪੁਰ ਵੱਲੋਂ ਸਿੱਧੂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਹੁਣ ਸਮਾਂ ਸਿੱਧੂ ਦਾ ਹੈ ਅਤੇ ਅਮਰਿੰਦਰ ਸਿੰਘ ਦਾ ਸਮਾਂ ਪੰਜ ਸਾਲ ਪਹਿਲਾਂ ਸੀ।
ਇਸ ਤੋਂ ਬਾਅਦ ਜਲਾਲਪੁਰ ਦੇ ਹਲਕੇ ਵਿੱਚ ਕਈ ਕਾਂਗਰਸੀਆਂ ਵੱਲੋਂ ਉਨ੍ਹਾਂ ਵਿਰੁੱਧ ਵਿਦਰੋਹ ਦਾ ਝੰਡਾ ਚੁੱਕ ਲਿਆ ਸੀ। ਜਲਾਲਪੁਰ ‘ਤੇ ਕਈ ਤਰ੍ਹਾਂ ਦੇ ਕਥਿਤ ਦੋਸ਼ ਲਾਏ ਗਏ ਸਨ। ਸਿੱਧੂ ਨੇ ਅੱਜ ਮੁੜ ਫੇਰੀ ਪਾਉਂਦਿਆਂ ਜਲਾਲਪੁਰ ਦੀ ਪਿੱਠ ਥਾਪੜਦਿਆਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ।
ਸਿੱਧੂ ਨੇ ਬਕਾਇਦਾ ਜਲਾਲਪੁਰ ਨਾਲ ਆਪਣੀ ਮੁਲਾਕਾਤ ਦਾ ਟਵੀਟ ਵੀ ਕੀਤਾ ਸੀ।