Punjab

ਪੰਜਾਬ ਹਰਿਆਣਾ ਹਾਈਕੋਰਟ ਦੀ ਸਖਤ ਟਿੱਪਣੀ-ਪੰਜਾਬ ਦੇ ਅਧਿਕਾਰੀ ਬਚਾਉਂਦੇ ਨੇ ਨਸ਼ਾ ਤਸਕਰਾਂ ਨੂੰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨਸ਼ਾ ਤਸਕਰੀ ਦੇ ਮਾਮਲੇ ਉੱਤੇ ਸਖਤ ਟਿੱਪਣੀ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਪੰਜਾਬ ਦੇ ਅਧਿਕਾਰੀ ਜਾਣਬੁੱਝ ਕੇ ਨਸ਼ਾ ਤਸਕਰਾਂ ਨੂੰ ਬਚਾਉਂਦੇ ਹਨ।ਹਾਈਕੋਰਟ ਨੇ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਨਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ 12 ਲੱਖ ਟ੍ਰਾਮਾਡੋਲ ਦੀਆਂ ਗੋਲੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਹੈ।ਇਸਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਸੀਬੀਆਈ 28 ਅਕਤੂਬਰ ਨੂੰ ਪੇਸ਼ੀ ‘ਤੇ ਜਾਂਚ ਰਿਪੋਰਟ ਪੇਸ਼ ਕਰੇ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹਾਈ ਕੋਰਟ ਨੇ ਕਿਹਾ ਕਿ ਸਾਲ 2019 ਦੇ ਦਸੰਬਰ ਮਹੀਨੇ ਵਿੱਚ ਫੂਡ ਐਂਡ ਡਰੱਗ ਵਿਭਾਗ ਨੇ ਅੰਮ੍ਰਿਤਸਰ ਤੋਂ 12 ਲੱਖ ਟ੍ਰਾਮਾਡੋਲ ਗੋਲੀਆਂ ਜ਼ਬਤ ਕੀਤੀਆਂ ਸਨ ਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਸੀ।ਇਹ ਪਾਬੰਦੀਸ਼ੁਦਾ ਦਵਾਈ ਹੋਣ ਕਰਕੇ ਐਨਡੀਪੀਐਸ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਸੀ, ਪਰ ਹਲਫਨਾਮੇ ਵਿੱਚ ਪੰਜਾਬ ਦੇ ਅਧਿਕਾਰੀਆਂ ਨੇ 12 ਲੱਖ ਟ੍ਰਾਮਾਡੋਲ ਦੇ ਬੈਚ ਨੰਬਰ ਦਾ ਖੁਲਾਸਾ ਨਹੀਂ ਕੀਤਾ ਅਤੇ ਨਾ ਹੀ ਇਹ ਦੱਸਿਆ ਕਿ ਇਹ ਗੋਲੀਆਂ ਕਿੱਥੇ ਚਲੀਆਂ ਗਈਆਂ।

ਹਾਈਕੋਰਟ ਨੇ ਇਸਨੂੰ ਲਾਪਰਵਾਹੀ ਦੱਸਿਆ ਤੇ ਕਿਹਾ ਕਿ ਪੰਜਾਬ ਪੁਲਿਸ ਅਤੇ ਡਰੱਗ ਕੰਟਰੋਲਰ ਨੇ ਇਸ ਮਾਮਲੇ ਵਿੱਚ ਜੀਰੋ ਕੰਮ ਕੀਤਾ ਹੈ।ਹਾਈ ਕੋਰਟ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਕੇਸਾਂ ਵਿੱਚ ਝੂਠੇ ਫਸਾਉਣ ਦੇ ਮਾਮਲੇ ਵਧ ਰਹੇ ਹਨ। ਆਮ ਤੌਰ ‘ਤੇ ਡਰੱਗ ਸਪਲਾਈ ਕਰਨ ਵਾਲੇ ਫੜੇ ਜਾਂਦੇ ਹਨ ਪਰ ਇਹ ਡਰੱਗ ਕਿੱਥੋਂ ਆ ਰਹੀ ਹੈ ਅਤੇ ਇਸ ਦਾ ਕਰਤਾ ਧਰਤਾ ਕੌਣ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲਦਾ ਤੇ ਫਿਰ ਦੋਸ਼ੀ ਬਰੀ ਹੋ ਜਾਂਦੇ ਹਨ।