Punjab

ਅਖਬਾਰ ‘ਚ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਇਸ਼ਤਿਹਾਰ ਲਵਾਉਣ ‘ਤੇ ਦਲਜੀਤ ਚੀਮਾ ਨੇ ਜਤਾਈ ਨਰਾਜ਼ਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਵੱਲੋਂ ਅੱਜ ਸਰਕਾਰੀ ਖਰਚੇ ‘ਤੇ ਅਖਬਾਰਾਂ ਵਿੱਚ ਇੰਦਰਾ ਗਾਂਧੀ ਦੇ ਜਨਮ ਦਿਨ ਉੱਤੇ ਲਗਵਾਏ ਗਏ ਇਸ਼ਤਿਹਾਰਾਂ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ‘ਬਹੁਤ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਸਾਡੀ ਸਰਕਾਰ ਦੇ ਕੋਲ ਬੱਚਿਆਂ ਦੀ ਫੀਸਾਂ ਦੇ, ਗਰੀਬਾਂ ਨੂੰ ਰਾਸ਼ਨ ਦੇਣ ਲਈ, ਸ਼ਗਨ-ਸਕੀਮ ਦੇਣ ਲਈ, ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ ਪਰ ਦੂਜੇ ਪਾਸੇ ਅੱਜ ਇੰਦਰਾ ਗਾਂਧੀ ਦੇ ਜਨਮ ਦਿਨ ਉੱਤੇ ਲੱਖਾਂ ਰੁਪਇਆਂ ਦੇ ਇਸ਼ਤਿਹਾਰ ਸਰਕਾਰੀ ਖਰਚੇ ਦੇ ਉੱਤੇ ਪੰਜਾਬ ਦੀਆਂ ਅਖਬਾਰਾਂ ਉੱਤੇ ਦਿੱਤੇ ਗਏ ਹਨ ਅਤੇ ਪੰਜਾਬੀਆਂ ਨੂੰ, ਸਿੱਖ ਕੌਮ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਿਸਨੇ ਕਰਵਾਇਆ ਸੀ। ਇਹ ਸਿੱਖਾਂ ਦੇ ਜ਼ਖਮਾਂ ‘ਤੇ ਨਮਕ ਛਿੜਕਣ ਵਾਲੀ ਗੱਲ ਹੈ’।

ਉਨ੍ਹਾਂ ਕਿਹਾ ਕਿ ‘ਜੇ ਕਾਂਗਰਸ ਨੇ ਜ਼ਰੂਰੀ ਹੀ ਇਸ਼ਤਿਹਾਰ ਲਾਉਣੇ ਹਨ ਤਾਂ ਆਪਣੀ ਪਾਰਟੀ ਦੇ ਖਰਚੇ ‘ਤੇ ਲਾਵੇ। ਸਰਕਾਰੀ ਖਜ਼ਾਨੇ ਦੇ ਵਿੱਚੋਂ ਤੁਸੀਂ ਆਪਣੀ ਉਸ ਸਾਬਕਾ ਪ੍ਰਧਾਨ ਮੰਤਰੀ ਦੇ ਨਾਮ ਉੱਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਰਹੇ ਹੋ, ਜਿਸਨੇ ਪੰਜਾਬ ਅਤੇ ਸਿੱਖ ਕੌਮ ਉੱਤੇ ਬਹੁਤ ਵੱਡਾ ਜ਼ੁਰਮ ਕੀਤਾ ਸੀ। ਕਾਂਗਰਸ ਨੂੰ ਖੁਸ਼ ਕਰਨ ਵਾਸਤੇ ਸਰਕਾਰੀ ਖਜ਼ਾਨਾ ਤਾਂ ਲੁਟਾ ਦਿੱਤਾ ਪਰ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਸਤੇ ਸਰਕਾਰ ਕੋਲ ਪੈਸਾ ਨਹੀਂ ਹੈ। ਇਹ ਬਿਲਕੁਲ ਗੈਰ-ਵਾਜਬ ਗੱਲ ਹੈ, ਜੇ ਇਨ੍ਹਾਂ ਨੇ ਪ੍ਰਚਾਰ ਕਰਨਾ ਹੀ ਹੈ ਤਾਂ ਆਪਣੀ ਪਾਰਟੀ ਦੇ ਖਰਚੇ ‘ਤੇ ਕਰਨ’।