International

ਮੁੰਬਈ ਹਮਲਿਆ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਮਿਲੀ 10 ਸਾਲ ਦੀ ਸਜ਼ਾ

‘ਦ ਖ਼ਾਲਸ ਬਿਊਰੋ ( ਪਾਕਿਸਤਾਨ ) :- ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਤੇ ਅੱਤਵਾਦੀ ਫੰਡਿੰਗ ਦੇ ਮਾਮਲੇ ਨੂੰ ਲੈ ਕੇ ਲਾਹੌਰ ਦੀ ਅੱਤਵਾਦ ਨੇ ਵਿਰੋਧੀ ਅਦਾਲਤ ਨੇ ਹਾਫਿਜ਼ ਸਈਦ ਨੂੰ ਸਾਢੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਹਾਫਿਸ਼ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਹੈ।

ਹਾਫਿਜ਼ ਸਈਦ ਨੂੰ 26 ਨਵੰਬਰ 2008 ਨੂੰ ਹੋਏ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਵੀ ਮੰਨਿਆ ਜਾਂਦਾ ਹੈ। ਅਦਾਲਤ ਨੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਇਕ ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਕੇਸ ਵਿੱਚ ਤਿੰਨ ਹੋਰ ਲੋਕਾਂ ਨੂੰ ਸਜ਼ਾ ਸੁਣਾਈ ਹੈ।

ਦੱਸਣਯੋਗ ਹੈ ਕਿ ਹਾਫਿਜ਼ ਸਈਦ ਜੁਲਾਈ, 2019 ਤੋਂ ਗ੍ਰਿਫ਼ਤਾਰ ਹੈ ਅਤੇ ਹੁਣ ਤੱਕ ਉਨ੍ਹਾਂ ਦੇ ਖਿਲਾਫ਼ ਚਾਰ ਕੇਸਾਂ ਦਾ ਫੈਸਲਾ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਵਿੱਚ ਲਾਹੌਰ ਦੀ ਇਸੇ ਅਦਾਲਤ ਨੇ ਹਾਫਿਜ਼ ਸਈਦ ਨੂੰ ਦੋ ਮਾਮਲਿਆਂ ਵਿੱਚ 11 ਸਾਲ ਕੈਦ ਅਤੇ ਤੀਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਹਾਫਿਜ਼ ਸਈਦ ਅਤੇ ਉਨ੍ਹਾਂ ਦੇ ਸਾਥੀ ਇਹ ਕਹਿੰਦੇ ਰਹੇ ਹਨ ਕਿ ਉਹ ਨਿਰਦੋਸ਼ ਹਨ ਅਤੇ ਅੰਤਰਰਾਸ਼ਟਰੀ ਦਬਾਅ ਕਾਰਨ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ। ਹਾਫਿਜ਼ ਮੁਹੰਮਦ ਸਈਦ ਅਤੇ ਉਨ੍ਹਾਂ ਦੇ ਪਾਬੰਦੀਸ਼ੁਦਾ ਸੰਗਠਨ ਦੇ ਨੇਤਾਵਾਂ ਖਿਲਾਫ਼ ਪੰਜਾਬ ਭਰ ਵਿੱਚ ਤਕਰੀਬਨ ਦੋ ਦਰਜਨ ਕੇਸ ਦਰਜ ਹਨ।