‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਲਾਅ ਐਂਡ ਆਰਡਰ ਵੱਲੋਂ ਸਰਕਾਰੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਮੁਤਵਾਜ਼ੀ ਜਥੇਦਾਰ ਦੀਆਂ ਤਸਵੀਰਾਂ ਉਤਾਰਨ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਮੁਖੀ ਦੇ ਇਸ ਪੱਤਰ ਦੇ ਇਤਰਾਜ਼ ਜਤਾਇਆ ਹੈ ਜਦਕਿ ਟਰਾਂਸਪੋਰਟ ਮੰਤਰੀ ਪੱਤਰ ਬਾਰੇ ਅਗਿਆਨਤਾ ਪ੍ਰਗਟ ਕਰਕੇ ਖਹਿੜਾ ਛੁਡਾ ਰਹੇ ਲੱਗਦੇ ਹਨ।
ਵਧੀਕ ਡਾਇਰੈਕਟਰ ਜਨਰਲ ਲਾਅ ਐਂਡ ਆਰਡਰ ਵੱਲੋਂ ਦੋ-ਤਿੰਨ ਦਿਨ ਪਹਿਲਾਂ ਸਮੂਹਿਕ ਪੁਲਿਸ ਕਮਿਸ਼ਨਰਾਂ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਮੈਨੇਜਮੈਂਟ ਨੂੰ ਚਿੱਠੀ ਲਿਖ ਕੇ ਸੰਤਾਂ ਅਤੇ ਮੁਤਵਾਜ਼ੀ ਜਥੇਦਾਰ ਦੀਆਂ ਸਰਕਾਰੀ ਬੱਸਾਂ ਉੱਤੇ ਲੱਗੀਆਂ ਫੋਟੋਆਂ ਉਤਾਰਨ ਲਈ ਕਹਿ ਦਿੱਤਾ ਗਿਆ ਸੀ। ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਮੁਖੀਆਂ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਬੱਸਾਂ ਦੇ ਨੰਬਰ ਵੀ ਸਪੱਸ਼ਟ ਕੀਤੇ ਗਏ ਹਨ ਜਿਨ੍ਹਾਂ ਉੱਤੇ ਦੋਵਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਰਨਾਲਾ, ਬਠਿੰਡਾ ਅਤੇ ਸੰਗਰੂਰ ਡਿਪੂਆਂ ਦੀਆਂ ਪੀਆਰਟੀਸੀ ਦੀਆਂ ਕੁੱਝ ਬੱਸਾਂ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਤੋਂ ਇਲਾਵਾ ਭੜਕਾਊ ਸ਼ਬਦ ਲਿਖੇ ਗਏ ਹਨ। ਪੁਲਿਸ ਮੁਖੀ ਨੇ ਇਨ੍ਹਾਂ ਤਸਵੀਰਾਂ ਅਤੇ ਨਾਅਰਿਆਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਤੋਂ ਬਿਨਾਂ ਦੇਰੀ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੁਲਿਸ ਦੇ ਇਸ ਪੱਤਰ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਨਿੰਦਾ ਵੀ ਕੀਤੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਹੁਕਮਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰਾਂ ਦੀਆਂ ਤਸਵੀਰਾਂ ਨੂੰ ਗਲਤ ਦੱਸਿਆ ਗਿਆ ਹੈ ਜਿਹੜਾ ਕਿ ਦਰੁਸਤ ਨਹੀਂ ਹੈ। ਟਰਾਂਸਪੋਰਟ ਮੰਤਰੀ ਦੀ ਆਪਣੇ ਵਿਭਾਗ ਬਾਰੇ ਅਧੂਰੀ ਜਾਣਕਾਰੀ ਪੰਜਾਬ ਦੀ ਜਨਤਾ ਨਾਲ ਇੱਕ ਕੋਝਾ ਮਜ਼ਾਕ ਹੈ।
ਗਰੇਵਾਲ ਨੇ ਕਿਹਾ ਕਿ SGPC ਨੂੰ ਨਸੀਹਤ ਦਿੱਤੀ ਕਿ ਉਸਨੂੰ ਤੈਅ ਕਰਨਾ ਹੋਵੇਗਾ ਕਿ ਕੀ ਉਹ ਖ਼ਾਲਿ ਸਤਾਨ ਦੀ ਸਮਰਥਕ ਹੈ ਜਾਂ ਨਹੀਂ। ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜਦਕਿ ਟਰਾਂਸਪੋਰਟ ਮੰਤਰੀ ਮੀਡੀਆ ਨਾਲ ਗੱਲਬਾਤ ਕਰਦੇ ਅਜਿਹੇ ਕਿਸੇ ਪੱਤਰ ਬਾਰੇ ਜਾਣਕਾਰੀ ਹੋਣ ਤੋਂ ਬਿਲਕੁਲ ਮੁੱਕਰ ਗਏ ਹਨ।