Punjab

ਪੰਜਾਬੀਆਂ ਨੂੰ ਹੁਣ ਨਹੀਂ ਮਿਲਣਗੀਆਂ ਇੱਟਾਂ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਇੱਟਾਂ ਦੇ ਭੱਠਾ ਮਾਲਕਾਂ ਨੇ ਵੱਡਾ ਫੈਸਲਾ ਲੈਂਦਿਆਂ ਅਣਮਿੱਥੇ ਸਮੇਂ ਲਈ ਇੱਟਾਂ ਦੇ ਭੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਭੱਠਾ ਮਾਲਕ ਜੀਐੱਸਟੀ ਅਤੇ ਕੋਲੇ ਦੀਆਂ ਕੀਮਤਾਂ ਤੋਂ ਪਰੇਸ਼ਾਨ ਹੋ ਗਏ ਹਨ, ਜਿਸ ਕਰਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਦੇਸ਼ ਭਰ ਦੇ ਇੱਟਾਂ ਦੇ ਭੱਠਾ ਮਾਲਕਾਂ ਵੱਲੋਂ ਜੀਐੱਸਟੀ ਸਲੈਬ ਵਧਾਏ ਜਾਣ ਅਤੇ ਕੋਲੇ ਦੀਆਂ ਕੀਮਤਾਂ ਤਿੰਨ ਗੁਣਾ ਵਧਾਏ ਜਾਣ ਕਰਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਭਰ ਦੇ ਭੱਠਾ ਮਾਲਕਾਂ ਦੀ ਲੁਧਿਆਣਾ ਦੇ ਮੁੱਲਾਂਪੁਰ ਵਿਖੇ ਇਕ ਅਹਿਮ ਬੈਠਕ ਹੋਈ ਸੀ, ਜਿਸ ਵਿੱਚ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਮੋਹੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਅੱਜ ਤੋਂ ਹੀ ਅਣਮਿੱਥੇ ਸਮੇਂ ਲਈ ਭੱਠੇ ਬੰਦ ਕਰ ਦਿੱਤੇ ਜਾਣਗੇ। ਜਦੋਂ ਤੱਕ ਸਰਕਾਰ ਕੋਲੇ ਦੀਆਂ ਕੀਮਤਾਂ ਪਹਿਲਾਂ ਵਾਂਗ ਨਹੀਂ ਕਰਦੀ ਅਤੇ ਪੰਜਾਬ ਦੇ ਭੱਠਾ ਮਾਲਕਾਂ ਨੂੰ ਕੋਟੇ ਮੁਤਾਬਕ ਕੋਲਾ ਸਪਲਾਈ ਨਹੀਂ ਕਰਦੀ, ਉਦੋਂ ਤੱਕ ਭੱਠੇ ਬੰਦ ਰਹਿਣਗੇ । 

ਹਰਮੇਸ਼ ਮੋਹੀ ਨੇ ਕਿਹਾ ਕਿ ਸਾਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭੱਠਾ ਮਾਲਕ ਪਹਿਲਾਂ ਹੀ ਘਾਟੇ ਨਾਲ ਜੂਝ ਰਹੇ ਹਨ ਪਰ ਕੇਂਦਰ ਸਰਕਾਰ ਭਾਰਤ ਦਾ ਕੋਲਾ ਨਾ ਵਰਤ ਕੇ ਅਮਰੀਕਾ ਤੋਂ ਮਹਿੰਗਾ ਕੋਲਾ ਮੰਗਵਾ ਰਹੀ ਹੈ ਅਤੇ ਜੋ ਕੋਲਾ ਪਹਿਲਾਂ ਅੱਠ ਹਜ਼ਾਰ ਰੁਪਏ ਟਨ ਮਿਲ ਰਿਹਾ ਸੀ, ਉਹ ਹੁਣ  25 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਾਡਾ ਨੁਕਸਾਨ ਹੋ ਰਿਹਾ ਹੈ। ਇਸ ਕੀਮਤ ’ਤੇ ਅਸੀਂ ਭੱਠੇ ਚਲਾ ਹੀ ਨਹੀਂ ਸਕਦੇ। ਇਸ ਕਰਕੇ ਪੰਜਾਬ ਭੱਠਾ ਐਸੋਸੀਏਸ਼ਨ ਨੇ ਭੱਠੇ ਬੰਦ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਉਨ੍ਹਾਂ ਦੀ ਗੱਲ ਹੋਈ ਹੈ। ਉਨ੍ਹਾਂ ਨੇ ਜੀ ਐੱਸ ਟੀ ਸਲੈਬ ਸਬੰਧੀ ਕੇਂਦਰ ਸਰਕਾਰ ਤੱਕ ਉਨ੍ਹਾਂ ਦੀ ਗੱਲ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਰਣਨੀਤੀ ਦੇਸ਼ ਦੀ ਸਮੁੱਚੀ ਭੱਠਾ ਐਸੋਸੀਏਸ਼ਨਾਂ ਦੇ ਨਾਲ ਸਲਾਹ ਕਰਕੇ ਤਿਆਰ ਕੀਤੀ ਜਾਵੇਗੀ ਪਰ ਉਦੋਂ ਤੱਕ ਭੱਠੇ ਬੰਦ ਰਹਿਣਗੇ।