ਬਿਊਰੋ ਰਿਪੋਰਟ : ਏਸ਼ੀਆ ਕੱਪ ਅਤੇ ਟੀ-20 ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਅਰਸ਼ਦੀਪ ਦੇ ਚਰਚੇ ਚਾਰੋ ਪਾਸੇ ਹਨ । ਇਸ ਲਈ ਤਾਂ ਨਿਊਜ਼ੀਲੈਂਡ ਦੇ ਖਿਲਾਫ਼ 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਟੂਰ ਦੇ ਲਈ ਅਰਸ਼ਦੀਪ ਨੂੰ ਟੀ-20 ਦੇ ਨਾਲ ਵਨ ਡੇ ਟੀਮ ਵਿੱਚ ਥਾਂ ਦਿੱਤੀ ਗਈ ਹੈ। ਹਾਲਾਂਕਿ ਨਿਊਜ਼ੀਲੈਂਡ ਟੂਰ ਵਿੱਚ ਕਪਤਾਨ ਰੋਹਿਤ ਸ਼ਰਮਾ ਨਹੀਂ ਖੇਡ ਰਹੇ ਹਨ ਪਰ ਟੀ-20 ਦੇ ਕਪਤਾਨ ਹਾਰਦਿਕ ਪਾਂਡਿਆ ਅਤੇ ਵਨ ਡੇ ਟੀਮ ਦੇ ਕਪਤਾਨ ਸ਼ਿਖਰ ਧਵਨ ਦਾ ਸਾਥ ਦੇਣ ਲਈ ਅਰਸ਼ਦੀਪ ਪੂਰੀ ਤਰ੍ਹਾਂ ਨਾਲ ਤਿਆਰ ਹਨ। ਕਪਤਾਨ ਰੋਹਿਤ ਸ਼ਰਮਾ ਦੇ ਅਰਸ਼ਦੀਪ ਸਭ ਤੋ ਫੇਵਰਟ ਗੇਂਦਬਾਜ਼ ਬਣ ਗਏ ਸਨ ਜਦੋਂ ਵੀ ਰੋਹਿਤ ਨੂੰ ਵਿਕਟਾਂ ਦੀ ਜ਼ਰੂਰ ਹੁੰਦੀ ਸੀ ਤਾਂ ਉਹ ਅਰਸ਼ਦੀਪ ਵੱਲ ਵੇਖ ਦੇ ਸਨ ਇਸੇ ਲਈ ਹੁਣ ਉਨ੍ਹਾਂ ਦੀ ਤੁਲਨਾ ਟੀਮ ਇੰਡੀਆ ਦੇ ਵੱਡੇ ਸਾਬਕਾ ਗੇਂਦਬਾਜ਼ ਨਾਲ ਹੋ ਰਹੀ ਹੈ ।
ਇਸ ਖਿਡਾਰੀ ਨਾਲ ਅਰਸ਼ਦੀਪ ਦੀ ਤੁਲਨਾ
ਖੱਬੇ ਹੱਥ ਦੇ ਗੇਂਦਬਾਜ਼ ਰਹੇ ਜ਼ਹੀਰ ਖਾਨ ਨਾਲ ਅਰਸ਼ਦੀਪ ਸਿੰਘ ਦੀ ਤੁਲਨਾ ਹੋ ਰਹੀ ਹੈ। ਗਾਂਗੁਲੀ ਅਤੇ ਧੋਨੀ ਦੀ ਕਪਤਾਨੀ ਵਿੱਚ ਖੇਡੇ ਖੱਬੇ ਹੱਥ ਦੇ ਫਾਸਟ ਗੇਂਦਬਾਜ਼ ਜ਼ਹੀਰ ਖ਼ਾਨ ਦੋਵਾਂ ਕਪਤਾਨਾਂ ਦੇ ਸਭ ਤੋਂ ਫੇਵਰੇਟ ਗੇਂਦਬਾਜ਼ ਸਨ। ਜਦੋਂ ਵੀ ਉਨ੍ਹਾਂ ਤੋਂ ਵਿਕਟ ਦੀ ਉਮੀਦ ਹੁੰਦੀ ਸੀ ਉਹ ਹਮੇਸ਼ਾ ਟੀਮ ਨੂੰ ਦਿਵਾਉਂਦੇ ਸਨ । 2011 ਦੇ ਵਰਲਡ ਕੱਪ ਜਿੱਤਣ ਵਿੱਚ ਜ਼ਹੀਰ ਖ਼ਾਨ ਦਾ ਅਹਿਮ ਰੋਲ ਰਿਹਾ ਹੈ । ਉਨ੍ਹਾਂ ਟੂਰਨਾਮੈਂਟ ਵਿੱਚ 21 ਵਿਕਟਾਂ ਹਾਸਲ ਕੀਤੀਆਂ ਸਨ। ਜਦਕਿ ਅਰਸ਼ਦੀਪ ਨੇ ਟੀ-20 ਵਰਲਡ ਕੱਪ ਦੇ 6 ਮੈਚਾਂ ਵਿੱਚ 10 ਅਹਿਮ ਮੌਕਿਆਂ ‘ਤੇ ਵਿਕਟਾਂ ਹਾਸਲ ਕੀਤੀਆਂ ਹਨ। ਇੰਗਲੈਂਡ ਖਿਲਾਫ਼ ਸੈਮੀਫਾਈਨਲ ਨੂੰ ਛੱਡ ਕੇ ਸਾਰੇ ਲੀਗ ਮੈਚਾਂ ਵਿੱਚ ਵਿਰੋਧੀ ਟੀਮ ਦੇ ਜ਼ਿਆਦਤਰ ਸਲਾਮੀ ਬੱਲੇਬਾਜ਼ਾ ਨੂੰ ਅਰਸ਼ਦੀਪ ਨੇ ਹੀ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਉਟ ਕੀਤਾ ਹੈ ।
ਅਰਸ਼ਦੀਪ ਵੀ ਜ਼ਹੀਰ ਖ਼ਾਨ ਵਾਂਗ ਆਪਣੀ ਗੇਂਦ ਸਵਿੰਗ ਦੇ ਨਾਲ ਯਾਰਕ ਕਰਦੇ ਹਨ। ਇਹ ਦੋਵੇ ਗੇਂਦਾਂ ਕਿਸੇ ਵੀ ਗੇਂਦਬਾਜ਼ ਨੂੰ ਖ਼ਤਰਨਾਕ ਬਣਾਉਂਦੀਆਂ ਹਨ। ਅਰਸ਼ਦੀਪ ਮੈਚ ਦੇ ਆਪਣੇ ਪਹਿਲੇ ਸਪੈਲ ਵਿੱਚ ਸਵਿੰਗ ਅਤੇ ਯਾਰਕ ਦੇ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦੇ ਹਨ ਅਤੇ ਅਖੀਰ ਵਿੱਚ ਬਾਉਂਸਰ ਅਤੇ ਯਾਰਕ ਦੇ ਨਾਲ ਵਿਕਟਾਂ ਹਾਸਲ ਕਰਦੇ ਹਨ । ਪੂਰੇ ਵਰਲਡ ਕੱਪ ਵਿੱਚ ਅਰਸ਼ਦੀਪ ਨੇ ਆਪਣੀ ਇੰਨਾਂ ਤਿੰਨਾਂ ਗੇਂਦਾਂ ਦੇ ਜ਼ਰੀਏ ਹੀ ਵਿਰੋਧੀ ਟੀਮ ਨੂੰ ਮੁਸ਼ਕਿਲ ਵਿੱਚ ਪਾ ਕੇ ਰੱਖਿਆ । ਹਾਲਾਂਕਿ ਅਰਸ਼ਦੀਪ ਦੀ ਗੇਂਦਬਾਜ਼ੀ ਦੀ ਰਫ਼ਤਾਰ ਭਾਵੇਂ ਜ਼ਹੀਰ ਖ਼ਾਨ ਤੋਂ ਘੱਟ ਹੈ ਪਰ ਗੇਂਦਬਾਜ਼ੀ ਦੌਰਾਨ ਲਾਈਨ ਲੈਂਥ ਉਨ੍ਹਾਂ ਦੀ ਬਾਲਿੰਗ ਨੂੰ ਨਿਖਾਰਦੀ ਹੈ । ਅਰਸ਼ਦੀਪ ਹੁਣ ਤੱਕ 19 ਟੀ-20 ਖੇਡ ਚੁੱਕੇ ਹਨ ਜਿੰਨਾਂ ਵਿੱਚੋਂ ਉਨ੍ਹਾਂ ਨੇ 29 ਵਿਕਟਾਂ ਹਾਸਲ ਕੀਤੀਆਂ ਹਨ ।