ਬਠਿੰਡਾ ਦੇ ਏਮਜ਼ ਹਸਪਤਾਲ ਨੂੰ ਲੈ ਕੇ ਬਠਿੰਡਾ ਤੋਂ ਤੀਜੀ ਵਾਰ ਸੰਸਦ ਮੈਂਬਰ ਬਣੀ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ (Harsimrat Kaur Badal) ਅਤੇ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਮਲੂਕਾ ਪਰਿਵਾਰ ਦੀ ਨੂੰਹ ਪਰਮਪਾਲ ਕੌਰ ਸਿੱਧੂ (Parampal Kaur Sidhu) ਵਿਚਾਲੇ ‘ਕਰੈਡਿਟ ਵਾਰ’ (Credit War) ਸ਼ੁਰੂ ਹੋ ਗਈ ਹੈ।
ਅਕਾਲੀ ਦਲ ਬਠਿੰਡਾ ਵਿੱਚ ਬਣੇ ਏਮਜ਼ (AIMS) ਹਸਪਤਾਲ ਦੀ ਸਥਾਪਨਾ ਦਾ ਸਿਹਰਾ ਆਪਣੇ ਸਿਰ ਲਿਆ ਹੈ, ਜੋ ਦੱਖਣ-ਪੱਛਮੀ ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪਾਰਟੀ ਵੱਲੋਂ ਬਕਾਇਦਾ ਹਰਸਿਮਰਤ ਕੌਰ ਦੀ ਫੋਟੋ ਵਾਲੇ AIMS ਹੋਰਡਿੰਗ ਅਤੇ ਪੋਸਟਰ ਲਗਾਏ ਸਨ।
ਕਈ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਵੀ ਹਰਸਿਮਰਤ ਬਾਦਲ ਨੇ ਏਮਜ਼ ਦਾ ਸਿਹਰਾ ਆਪਣੀ ਪਾਰਟੀ ਸਿਰ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਵੱਡਾ ਪ੍ਰੋਜੈਕਟ ਲਿਆ ਕੇ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਹੈ।
ਹਰਮਿਸਰਤ ਕੌਰ ਬਾਦਲ ਦਾ ਕਹਿਣਾ ਹੈ ਕਿ 2009 ਵਿੱਚ ਜਦੋਂ ਉਹ ਪਹਿਲੀ ਵਾਰ ਬਠਿੰਡਾ ਤੋਂ ਸੰਸਦ ਮੈਂਬਰ ਬਣੇ ਹਨ, ਉਦੋਂ ਤੋਂ ਹਲਕੇ ਵਿੱਚ ਬਦਲਾਅ ਆਇਆ ਹੈ, ਭਾਵੇਂ ਸੜਕਾਂ ਦਾ ਜਾਲ ਹੋਵੇ, ਏਮਜ਼ ਹੋਵੇ ਜਾਂ ਕੇਂਦਰੀ ਯੂਨੀਵਰਸਿਟੀ, ਮੇਰੇ ਸਿਆਸੀ ਵਿਰੋਧੀਆਂ ਕੋਲ ਦਿਖਾਉਣ ਲਈ ਕੁਝ ਨਹੀਂ ਹੈ।
ਜਦਕਿ ਇਸ ਦੇ ਉਲਟ ਉਨ੍ਹਾਂ ਦੀ ਸਿਆਸੀ ਵਿਰੋਧੀ ਮਲੂਕਾ ਪਰਿਵਾਰ ਦੀ ਨੂੰਹ ਪਰਮਪਾਲ ਕੌਰ ਦਾ ਕੁਝ ਹੋਰ ਕਹਿਣਾ ਹੈ। ਪਰਮਪਾਲ ਕੌਰ ਮੁਤਾਬਕ ਇਹ ਹਰਸਿਮਰਤ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ, ਜਿਨ੍ਹਾਂ ਨੇ ਕੇਂਦਰੀ ਸਕੀਮਾਂ ਤਹਿਤ ਕਈ ਵੱਡੇ ਪ੍ਰਾਜੈਕਟ ਦਿੱਤੇ ਹਨ। ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਪਰਮਪਾਲ ਕੌਰ ਸਿੱਧੂ ਨੇ ਕਿਹਾ ਹੈ ਕਿ ਇਹ ਹਰਸਿਮਰਤ ਨਹੀਂ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ, ਜਿਨ੍ਹਾਂ ਨੇ ਕੇਂਦਰੀ ਸਕੀਮਾਂ ਤਹਿਤ ਕਈ ਵੱਡੇ ਪ੍ਰਾਜੈਕਟ ਦਿੱਤੇ ਹਨ।
ਪਰਮਪਾਲ ਕੌਰ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਏਮਜ਼-ਬਠਿੰਡਾ, ਕੇਂਦਰ ਦੇ ਫੰਡਾਂ ਨਾਲ ਬਣਾਇਆ ਗਿਆ ਸੀ ਤੇ ਡਾਕਟਰਾਂ ਦੀ ਭਰਤੀ ਵੀ ਕੇਂਦਰੀ ਮੰਤਰਾਲੇ ਦੁਆਰਾ ਕੀਤੀ ਗਈ ਸੀ। ਇਸ ਦਾ ਪੰਜਾਬ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਏਮਜ਼ ਤੋਂ ਇਲਾਵਾ ਕੇਂਦਰ ਸਰਕਾਰ ਨੇ ਕੇਂਦਰੀ ਯੂਨੀਵਰਸਿਟੀ ਪੰਜਾਬ ਤੇ ਬਠਿੰਡਾ ਵਿੱਚ ਇੱਕ ਹਵਾਈ ਅੱਡਾ ਵੀ ਬਣਵਾਇਆ ਹੈ।
ਦੱਸ ਦੇਈਏ ਹਰਸਿਮਰਤ ਕੌਰ ਲਗਾਤਾਰ 2009, 2014 ਅਤੇ 2019 ਵਿੱਚ ਬਠਿੰਡਾ ਤੋਂ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ। ਭਾਵੇਂ ਅਕਾਲੀ ਦਲ ਨੇ ਰਸਮੀ ਤੌਰ ‘ਤੇ ਅਜੇ ਬਠਿੰਡਾ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਪਰ ਸੰਭਾਵਨਾ ਪੂਰੀ ਹੈ ਕਿ ਪਾਰਟੀ ਹਰਸਿਮਰਤ ਕੌਰ ਬਾਦਲ ਨੂੰ ਹੀ ਇੱਥੋਂ ਚੋਣ ਮੈਦਾਨ ਵਿੱਚ ਉਤਾਰੇਗੀ।
ਪਰਮਪਾਲ ਕੌਰ ਵੀ ਪਹਿਲੀ ਵਾਰ ਚੋਣ ਲੜ ਰਹੇ ਹਨ, ਹਾਲਾਂਕਿ ਮਲੂਕਾ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਇੱਥੋਂ ਦੀ ਸਿਆਸਤ ਵਿੱਚ ਸਰਗਰਮ ਹੈ। ਪਰਮਪਾਲ ਕੌਰ ਨੇ ਬੀਜੇਪੀ ਨਾਲ ਸਿਆਸਤ ਵਿੱਚ ਆਉਣ ਲਈ ਆਪਣੀ ਨੌਕਰੀ ਛੱਡ ਦਿੱਤੀ ਹੈ। ਉਹ ਆਈਏਐਸ (IAS) ਅਫ਼ਸਰ ਸਨ। ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਬਗੈਰ ਅਸਤੀਫ਼ਾ ਮਨਜ਼ੂਰ ਹੋਏ ਸਿਆਸੀ ਪਾਰਟੀ ਦਾ ਪੱਲਾ ਫੜਨ ਲਈ ਚੇਤਾਵਨੀ ਵੀ ਦਿੱਤੀ ਸੀ।