Punjab

ਕਰੋਨਾ ਵੈਕਸੀਨ ਲਗਾਉਣ ਵਾਲੇ ਅੱਜ ਹੀ ਚਲੇ ਜਾਣ ਹਸਪਤਾਲ, ਪੰਜਾਬ ‘ਚ ਹਾਲਾਤ ਮਾੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਵਿਡ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ ਦਿਨੋ-ਦਿਨ ਵੱਧ ਰਿਹਾ ਹੈ। ਪੰਜਾਬ ਵਿੱਚ ਕਰੋਨਾ ਵੈਕਸੀਨ ਦਾ ਸਿਰਫ ਅੱਜ ਤੱਕ ਦਾ ਸਟਾਕ ਹੀ ਬਚਿਆ ਹੈ ਅਤੇ ਆਕਸੀਜਨ ਸਿਲੰਡਰਾਂ ਦੀ ਵੀ ਘਾਟ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਕਰੋਨਾ ਵੈਕਸੀਨ ਅਤੇ ਆਕਸੀਜਨ ਸਿੰਲਡਰਾਂ ਦੀ ਜਲਦ ਤੋਂ ਜਲਦ ਪੰਜਾਬ ਵਿੱਚ ਸਪਲਾਈ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਵੱਡੇ ਪੱਧਰ ‘ਤੇ ਕਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਸੂਬੇ ਦੇ ਪ੍ਰਬੰਧਾਂ ਦੇ ਹਿਸਾਬ ਨਾਲ ਹਰ ਰੋਜ਼ ਕਰੀਬ 3 ਲੱਖ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਜਾ ਸਕਦੀ ਹੈ, ਪਰ ਇਸਦੇ ਲਈ ਲੋੜੀਂਦੀ ਵੈਕਸੀਨ ਕੇਂਦਰ ਸਰਕਾਰ ਵੱਲੋਂ ਉਪਲੱਬਧ ਨਹੀਂ ਕਰਵਾਈ ਜਾ ਰਹੀ। ਇਸ ਵੇਲੇ ਸੂਬੇ ਕੋਲ ਕੋਈ ਵੈਕਸੀਨ ਡੋਜ਼ ਨਹੀਂ ਹੈ।

ਹਾਲਾਂਕਿ, ਪੰਜਾਬ ਸਰਕਾਰ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੀ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ ਲੋੜੀਂਦੇ ਪ੍ਰਬੰਧ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੁਣ ਹਰ ਰੋਜ਼ 50 ਹਜ਼ਾਰ ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ, ਤਾਂ ਕਿ ਸਮੇਂ ‘ਤੇ ਮਰੀਜ਼ਾਂ ਦੀ ਪੜਤਾਲ ਕਰਕੇ ਇਲਾਜ਼ ਕੀਤਾ ਜਾ ਸਕੇ।

ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ 999 ਵੈਂਟੀਲੇਟਰ ਉਪਲੱਬਧ ਹਨ, ਜਦਕਿ ਇਸ ਵੇਲੇ ਕਰੀਬ 50 ਮਰੀਜ਼ਾਂ ਨੂੰ ਹੀ ਵੈਂਟੀਲੇਟਰ ‘ਤੇ ਰੱਖਣ ਦੀ ਲੋੜ ਪਈ ਹੈ। ਜੇਕਰ ਆਉਣ ਵਾਲੇ ਦਿਨਾਂ ‘ਚ ਮਰੀਜ਼ਾਂ ਦਾ ਅੰਕੜਾ ਵੱਧਦਾ ਹੈ ਤਾਂ ਉਸਦੇ ਲਈ ਸਰਕਾਰੀ ਹਸਪਤਾਲਾਂ ‘ਚ ਬੈੱਡ ਮੌਜੂਦ ਹਨ, ਇਸ ਵੇਲੇ ਦੇ ਹਾਲਾਤ ‘ਚ ਕਰੀਬ 35 ਫੀਸਦ ਬੈੱਡ ਲੱਗੇ ਹੋਏ ਹਨ, ਜਦਕਿ ਕਰੀਬ 65 ਫੀਸਦ ਬੈੱਡ ਖਾਲੀ ਹਨ।

ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲਗਾਤਾਰ ਵੈਕਸੀਨ ਮੁਹੱਈਆ ਕਰਵਾਉਣ ਲਈ ਕਿਹਾ ਜਾ ਰਿਹਾ ਹੈ, ਪਰ ਪੰਜਾਬ ਨਾਲ ਵਿਤਕਰੇ ਵਾਲਾ ਵਤੀਰਾ ਮਹਿਸੂਸ ਕੀਤਾ ਜਾ ਰਿਹਾ ਹੈ, ਜਦਕਿ ਸਿਹਤ ਦੇ ਮਾਮਲੇ ‘ਚ ਅਜਿਹਾ ਨਹੀਂ ਹੋਣਾ ਚਾਹੀਦਾ। ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਰੋਸਾ ਜ਼ਰੂਰ ਦਿੱਤਾ ਹੈ ਕਿ 4 ਲੱਖ ਡੋਜ਼ ਪੰਜਾਬ ਨੂੰ ਭੇਜੀ ਜਾਵੇਗੀ। ਪਰ ਕੇਂਦਰ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ 15 ਲੱਖ ਡੋਜ਼ ਭੇਜੀ ਜਾਵੇ ਤਾਂ ਜੋ ਹਰ ਰੋਜ਼ 3 ਲੱਖ ਦੇ ਟੀਚੇ ਨੂੰ ਪੂਰਾ ਕਰਦਿਆਂ ਸਾਡੇ ਕੋਲ ਲੋੜੀਂਦਾ ਸਟਾਕ ਮੌਜੂਦ ਹੋਵੇ।