‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਸਟ੍ਰੇਲੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਆਮ ਲੋਕ ਕੋਵਿਡ ਟੈਸਟ ਦੀ ਕਮੀ ਅਤੇ ਟੈਸਟ ਦੀ ਵੱਧਦੀ ਕੀਮਤ ਤੋਂ ਨਰਾਜ਼ ਹਨ। ਬੀਤੇ ਸਾਲ ਦੇਸ਼ ਵਿੱਚ 90 ਫ਼ੀਸਦੀ ਵੈਕਸੀਨੇਸ਼ਨ ਹੋਣ ਤੋਂ ਬਾਅਦ ਜ਼ਿਆਦਾਤਾਰ ਪਾਬੰਦੀਆਂ ਵਾਪਸ ਲੈ ਲਈਆਂ ਗਈਆਂ ਸਨ। ਪਰ ਓਮੀਕਰੋਨ ਵੇਰੀਐਂਟ ਦੇ ਕਾਰਨ ਦੇਸ਼ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ ਕਾਫ਼ੀ ਉਛਾਲ ਆਇਆ ਹੈ ਅਤੇ ਇੱਕ ਦਿਨ ਵਿੱਚ 2500 ਨਵੇਂ ਕੇਸ ਸਾਹਮਣੇ ਆ ਰਹੇ ਹਨ।
ਇਸ ਕਰਕੇ ਹਸਪਤਾਲਾਂ ਅਤੇ ਟੈਸਟਿੰਗ ਲੈਬਾਂ ‘ਤੇ ਦਬਾਅ ਕਾਫ਼ੀ ਜ਼ਿਆਦਾ ਵੱਧ ਚੁੱਕਾ ਹੈ। ਪੀਸੀਆਰ ਟੈਸਟ ਹਮੇਸ਼ਾ ਅਸਟ੍ਰੇਲੀਆ ਵਿੱਚ ਵਿਆਪਕ ਰੂਪ ਵਿੱਚ ਉਪਲੱਬਧ ਰਹੇ ਹਨ ਪਰ ਪਿਛਲੇ ਹਫ਼ਤੇ ਸਰਕਾਰ ਨੇ ਇਹ ਸੀਮਾ ਤੈਅ ਕਰ ਦਿੱਤੀ ਸੀ ਕਿ ਕਿਸਨੂੰ ਇਹ ਟੈਸਟ ਮੁਫ਼ਤ ਵਿੱਚ ਪ੍ਰਾਪਤ ਹੋਵੇਗਾ। ਇਸਦੇ ਕਾਰਨ ਕ੍ਰਿਸਮਸ ਦੇ ਆਸ-ਪਾਸ ਟੈਸਟਿੰਗ ਕਲੀਨਿਕਾਂ ਦੇ ਬਾਹਰ ਲੋਕਾਂ ਦੀ ਲੰਬੀ ਲਾਈਨ ਲੱਗ ਗਈ ਅਤੇ ਟੈਸਟ ਦੇ ਨਤੀਜੇ ਆਉਣ ਵਿੱਚ ਦੇਰੀ ਹੋਈ।
ਪ੍ਰਧਾਨ ਮੰਤਰੀ ਸਕਾੱਟ ਮੌਰੀਸਨ ਨੇ ਕਿਹਾ ਹੈ ਕਿ ਨਵੇਂ ਨਿਯਮਾਂ ਦਾ ਉਦੇਸ਼ ਸਿਸਟਮ ਉੱਤੇ ਦਬਾਅ ਘੱਟ ਕਰਨਾ ਹੈ। ਪਰ ਇਸ ਕਾਰਨ ਪ੍ਰਾਈਵੇਟ ਟੈਸਟ ਕਲੀਨਿਕਾਂ ‘ਤੇ ਨਿਰਭਰਤਾ ਵੱਧ ਗਈ ਹੈ ਜਿੱਥੇ ਲੋਕਾਂ ਨੂੰ ਪੈਸੇ ਦੇ ਕੇ ਟੈਸਟ ਕਰਵਾਉਣਾ ਪੈ ਰਿਹਾ ਹੈ।