India

ਕਰੋਨਾ ਮੁੜ ਤੋਂ ਲੱਗਾ ਪੈਰ ਪਸਾਰਨ

ਦ ਖ਼ਾਲਸ ਬਿਊਰੋ: ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਰੋਨਾ ਪੰਜਾਬ ਸਮੇਤ ਪੂਰੇ ਮੁਲਕ ਵਿੱਚ ਪਾਰ ਪਸਾਰਨ ਲੱਗਾ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 16,561 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਬੀਤੇ 24 ਘੰਟਿਆਂ ਵਿੱਚ 18,053 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸੇ ਦੌਰਾਨ ਦੇਸ਼ ਵਿੱਚ ਲਾਗ ਤੋਂ ਪੀੜਤ ਜ਼ੇਰੇ ਇਲਾਜ ਪੀੜਤਾਂ ਦੀ ਗਿਣਤੀ ਘਟ ਕੇ 1,23,535  ਰਹਿ ਗਈ ਹੈ।

ਕੇਂਦਰੀ ਸਿਹਤ ਵਿਭਾਗ ਵੱਲੋਂ ਅੱਜ ਸਵੇਰੇ 8 ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ ਲਾਗ ਕਾਰਨ 49 ਹੋਰ ਮੌਤਾਂ ਹੋਣ ਕਾਰਨ ਮ੍ਰਿਤਕਾਂ ਦਾ ਕੁੱਲ ਅੰਕੜਾ ਵਧ ਕੇ 5,26,928 ਹੋ ਗਿਆ ਹੈ। ਇਨ੍ਹਾਂ ਨਵੀਆਂ 49 ਮੌਤਾਂ ਵਿੱਚ ਲਾਗ ਕਾਰਨ ਪਹਿਲਾਂ ਹੋਈਆਂ 10 ਮੌਤਾਂ ਦੀ ਅੰਕੜਾ ਵੀ ਸ਼ਾਮਲ ਹੈ, ਜਿਹੜਾ ਕੇਰਲਾ ਵਿੱਚ ਲਾਗ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਕਰੋਨਾ ਤੋਂ ਸਿਹਤਯਾਬੀ ਦਰ 98.53 ਫ਼ੀਸਦੀ ਹੈ। ਲੰਘੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,541 ਘਟੀ ਹੈ।

ਦੱਸ ਦੇਈਏ ਕਿ ਬੀਤੇ ਦਿਨ ਦੇ ਮੁਕਾਬਲੇ ਕੋਰੋਨਾ ਕੇਸਾਂ ਵਿੱਚ ਲਗਭਗ 200 ਮਰੀਜ਼ਾਂ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ 11 ਅਗਸਤ ਨੂੰ ਦੇਸ਼ ਵਿੱਚ 16,299 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਪਹਿਲਾਂ 9 ਅਗਸਤ ਨੂੰ 12,751 ਮਾਮਲੇ, 8 ਅਗਸਤ ਨੂੰ 16,167 ਤੇ 7 ਅਗਸਤ ਨੂੰ 18,738 ਨਵੇਂ ਮਾਮਲੇ ਸਾਹਮਣੇ ਆਏ ਸਨ।

ਦੇਸ਼ ਦੀ ਰਾਜਧਾਨੀ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਦਿੱਲੀ ਵਿੱਚ 11 ਅਗਸਤ ਨੂੰ ਕੋਰੋਨਾ ਦੇ 2,726 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਸਿਹਤ ਵਿਭਾਗ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਦਿੱਲੀ ਵਿੱਚ ਅਗਸਤ ਦੇ ਮਹੀਨੇ ਸ਼ੁਰੂਆਤੀ 10 ਦਿਨਾਂ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ 19,760 ਮਾਮਲੇ ਸਾਹਮਣੇ ਆ ਚੁੱਕੇ ਹਨ।