‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜਦੋਂ ਤੋਂ ਕੋਰੋਨਾ ਫੈਲਿਆ ਹੈ, ਇਸਦੀ ਸ਼ੁਰੂਆਤ ਬਾਰੇ ਕਈ ਖੋਜਾਂ ਹੋ ਰਹੀਆਂ ਹਨ। ਇਕ ਖੋਜ ਇਹ ਵੀ ਹੈ ਕਿ ਕੋਰੋਨਾ ਚੀਨ ਦੀ ਵੁਹਾਨ ਲੈਬ ‘ਚੋਂ ਡਾਕਟਰਾਂ ਦੀ ਗਲਤੀ ਨਾਲ ਲੀਕ ਹੋਇਆ ਹੈ ਜੋ ਲੱਖਾਂ ਹੀ ਲੋਕਾਂ ਦੀ ਜਾਨ ਦਾ ਖੌਅ ਬਣ ਗਿਆ ਹੈ। ਪਰ ਚੀਨ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਚੀਨ ਉਸਦੀ ਲੈਬ ‘ਚੋਂ ਨਹੀਂ ਫੈਲਿਆ ਹੈ। ਉਸ ‘ਤੇ ਲਗਾਏ ਜਾਂਦੇ ਸਾਰੇ ਹੀ ਇਲਜ਼ਾਮ ਝੂਠੇ ਹਨ।

ਅਮਰੀਕਾ ਕਈ ਵਾਰ ਚੀਨ ‘ਤੇ ਇਸ ਮਾਮਲੇ ਵਿੱਚ ਨਿਸ਼ਾਨਾ ਕੱਸ ਚੁੱਕਿਆ ਹੈ। ਹੁਣ ਬ੍ਰਿਟਿਸ਼ ਵਿਗਿਆਨੀਆਂ ਦੀ ਖੋਜ ਮੁਤਾਬਿਤ ਇਹ ਪੱਕਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਲਮੀ ਪੱਧਰ ‘ਤੇ ਲੋਕਾਂ ਦੀ ਜਾਨ ਲੈਣ ਵਾਲਾ ਕੋਰੋਨਾ ਚੀਨ ਦੀ ਵੁਹਾਨ ਲੈਬ ‘ਚੋਂ ਹੀ ਸ਼ੁਰੂ ਹੋਇਆ ਹੈ। ਇੱਥੋਂ ਤੱਕ ਕਿ ਇਸ ਖੋਜ ਦੇ ਡਾਕਟਰਾਂ ਨੇ ਇਸ ਗੱਲ ਨੂੰ ਵੀ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ਕਿ ਕੋਰੋਨਾ ਚਮਗਿੱਦੜਾਂ ਤੋਂ ਪੈਦਾ ਹੋਇਆ ਹੈ। ਕਿਉਂ ਕਿ ਦੋ ਸਾਲ ਦੇ ਕੋਰੋਨਾ ਕਾਲ ਦੌਰਾਨ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਜਿਸ ਨਾਲ ਇਪ ਪੁਸ਼ਟੀ ਹੋ ਸਕੇ ਕਿ ਕੋਰੋਨਾ ਚਮਗਿੱਦੜਾਂ ਤੋਂ ਫੈਲਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਖੁਫੀਆ ਏਜੰਸੀਆਂ ਨੂੰ 90 ਦਿਨਾਂ ਵਿੱਚ ਕੋਰੋਨਾ ਦੇ ਸੰਬੰਧ ਵਿੱਚ ਇੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਇਹ ਖੋਜ ਬ੍ਰਿਟਿਸ਼ ਪ੍ਰੋਫੈਸਰ ਐਂਗਸ ਡਾਲਗਲਿਸ਼ ਅਤੇ ਨਾਰਵੇਈ ਡਾਕਟਰ ਬਰਜਰ ਸੋਰੇਨਸੇਨ ਵੱਲੋਂ ਕੀਤੀ ਗਈ ਹੈ। ਸਾਰਜ਼ ਸੀਓਵੀ-2 ਵਾਇਰਸ ਚੀਨ ਵਿੱਚ ਵੁਹਾਨ ਲੈਬ ਤੋਂ ਖੋਜ ਕਰਦਿਆਂ ਲੀਕ ਹੋਇਆ ਹੈ। ਇਸ ਦੇ ਅਨੁਸਾਰ ਚੀਨੀ ਵਿਗਿਆਨੀਆਂ ਵੱਲੋਂ ਗਲਤੀ ਹੋਈ ਹੈ ਉਲਟਾ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ।

ਚੀਨੀ ਵਿਗਿਆਨੀ ਸੰਸਾਰ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਇਹ ਵਾਇਰਸ ਕੁਦਰਤੀ ਲੈਬਾਂ ਵਿੱਚੋਂ ਨਹੀਂ ਬਲਕਿ ਚਮਗਿੱਦੜਾਂ ਤੋਂ ਫੈਲਿਆ ਹੈ। ਚੀਨੀ ਵਿਗਿਆਨੀ ਸਾਇੰਸ ਦੇ ਖੇਤਰ ਵਿੱਚ ਤਰੱਕੀ ਕਰਨਾ ਚਾਹੁਦੇ ਸਨ, ਤੇ ਇਸੇ ਦੌਰਾਨ ਇਹ ਗਲਤੀ ਹੋਈ ਹੈ ਜੋ ਪੂਰੇ ਸੰਸਾਰ ਦੇ ਲੋਕਾਂ ਲਈ ਖਤਰਨਾਕ ਸਾਬਿਤ ਹੋਈ ਹੈ।
ਨਾਰਵੇ ਦੇ ਡਾਕਟਰ ਬਰਜਰ ਸੋਰੇਨਸੇਨ ਨੇ ਇਹ ਸਪਸ਼ਟ ਕੀਤਾ ਹੈ ਕਿ ਕੁਦਰਤੀ ਵਾਇਰਸ ਕਦੇ ਵੀ ਤੇਜ਼ੀ ਨਾਲ ਨਹੀਂ ਬਦਲਦਾ। ਇਸਦੇ ਬਦਲਾਅ ਨੂੰ ਖੋਜਕਰਤਾ ਫੜ ਲੈਂਦੇ ਹਨ। ਇਸ ਤੋਂ ਬਾਅਦ, ਇਸ ਦਾ ਐਂਟੀਵਾਇਰਸ ਤਿਆਰ ਕੀਤਾ ਜਾਂਦਾ ਹੈ, ਪਰ ਕੋਰੋਨਾ ਦੇ ਮਾਮਲੇ ਵਿਚ ਮਸਲਾ ਹੋਰ ਹੈ।