Punjab

ਲੁਧਿਆਣਾ ਵਿੱਚ ਦੁਕਾਨਦਾਰਾਂ ਲਈ ਵੱਡਾ ਐਲਾਨ, ਬਦਲੇ ਨਿਯਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਲੁਧਿਆਣਾ ਵਿੱਚ ਲਾਗੂ ਕਰਫਿਊ ਵਿੱਚ ਕੁੱਝ ਛੋਟਾਂ ਦਿੱਤੀਆਂ ਹਨ। ਇਹ ਛੋਟਾਂ ਅੱਜ ਤੋਂ ਲਾਗੂ ਹੋਣਗੀਆਂ।

  • ਅੱਜ ਤੋਂ ਰੋਜ਼ਾਨਾ ਕਰਫਿਊ ਵਿੱਚ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫਤਰਾਂ ਅਤੇ ਸਾਰੇ ਨਿੱਜੀ ਅਦਾਰਿਆਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ ਤੋਂ ਛੋਟ ਦਿੱਤੀ ਗਈ ਹੈ, ਭਾਵ ਉਹ ਇਸ ਸਮੇਂ ਦੌਰਾਨ ਆਪਣੀਆਂ ਦੁਕਾਨਾਂ, ਦਫਤਰ ਖੋਲ੍ਹ ਸਕਦੇ ਹਨ।
  • ਸਾਰੇ ਰੈਸਟੋਰੈਂਟਾਂ, ਕੈਫੇ, ਕਾਫੀ ਦੀਆਂ ਦੁਕਾਨਾਂ, ਫਾਸਟ ਫੂਡ ਆਊਟਲੈੱਟ, ਢਾਬਾ, ਬੇਕਰੀ, ਹਲਵਾਈ ਵਗੈਰਾ ਵਿੱਚ ਬੈਠ ਕੇ ਖਾਣ-ਪੀਣ ਦੀ ਮਨਾਹੀ ਹੋਵੇਗੀ। ਇਨ੍ਹਾਂ ਦੇ ਅੰਦਰ ਗ੍ਰਾਹਕਾਂ ਦੇ ਬੈਠਣ ਦੀ ਮਨਾਹੀ ਹੋਵੇਗੀ।
  • ਸਮਾਨ ਖਰੀਦ ਕੇ ਲੈ ਜਾਣ ਦੀ ਆਗਿਆ ਬਾਕੀ ਦੁਕਾਨਾਂ ਵਾਂਗ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 5 ਵਜੇ ਤੱਕ ਹੋਵੇਗੀ।
  • ਪੱਕੇ ਹੋਏ ਭੋਜਨ ਦੀ ਹੋਮ ਡਿਲਿਵਰੀ ਹਫਤੇ ਦੇ ਸਾਰੇ ਦਿਨ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ।
  • ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕੋਈ ਹੋਮ ਡਿਲਿਵਰੀ ਨਹੀਂ ਹੋਵੇਗੀ।
  • ਡਿਲਿਵਰੀ ਕਰਨ ਵਾਲੇ ਕਰਮਚਾਰੀਆਂ ਕੋਲ ਕਰਫਿਊ ਪਾਸ ਹੋਣਾ ਜ਼ਰੂਰੀ ਹੈ।
  • ਜੇਕਰ ਕਿਸੇ ਵੀ ਅਦਾਰੇ ਨੇ ਡਾਇਨ-ਇਨ ਜਾਂ ਗ੍ਰਾਹਕਾਂ ਦੇ ਬੈਠਣ ਦੀ ਮਨਾਹੀ ਜਾਂ ਹੋਮ ਡਿਲਿਵਰੀ ਸਮੇਂ ਦੁਕਾਨ ਖੋਲ੍ਹ ਕੇ ਸਿੱਧੀ ਵਿਕਰੀ ਸਬੰਧੀ ਕੋਈ ਵੀ ਉਲੰਘਣਾ ਕੀਤੀ ਤਾਂ ਅਜਿਹੀ ਦੁਕਾਨ ਨੂੰ ਕਰਫਿਊ ਜਾਰੀ ਰਹਿਣ ਦੀ ਆਖਰੀ ਤਰੀਕ ਤੱਕ ਬੰਦ ਕਰ ਦਿੱਤਾ ਜਾਵੇਗਾ।
  • ਵੀਕੈਂਡ ਕਰਫਿਊ ਦੌਰਾਨ ਕੇਵਲ ਹੋਮ ਡਿਲਿਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ, ਪਰ ਦੁਕਾਨਾਂ ਖੋਲ੍ਹਣ ਦੀ ਮਨਾਹੀ ਹੋਵੇਗੀ।
  • ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਹਫਤੇ ਦੇ ਸਾਰੇ ਦਿਨ ਰਾਤ 9 ਵਜੇ ਤੱਕ ਘਰੋਂ-ਘਰੀਂ ਪਾਰਸਲ ਆਦਿ ਵੰਡਣ ਦੀ ਆਗਿਆ ਹੋਵੇਗੀ। ਡਿਲਿਵਰੀ ਕਰਦੇ ਕਰਮਚਾਰੀ ਦੇ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ।

ਇਹ ਸਾਰੀਆਂ ਸ਼ਰਤਾਂ 10 ਜੂਨ ਤੱਕ ਲਾਗੂ ਰਹਿਣਗੀਆਂ ਅਤੇ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹੇਗਾ ਅਤੇ ਇਸ ਵਿੱਚ ਕੋਈ ਵੀ ਢਿੱਲ ਨਹੀਂ ਰਹੇਗੀ।