ਮੁੰਬਈ: ਕੋਰੋਨਾ ਵਾਇਰਸ ਮਰੀਜ਼ਾਂ ਦੇ ਕੰਨਾਂ ‘ਤੇ ਵੀ ਹਮਲਾ ਕਰ ਰਿਹਾ ਹੈ। ਮੁੰਬਈ ਵਿੱਚ ਕੋਵਿਡ ਮਰੀਜ਼ਾਂ ਵਿੱਚ ਸੁਣਨ ਦੀ ਸਮਰਥਾ ਘਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਡਾਕਟਰ ਇੱਥੋਂ ਤੱਕ ਕਹਿ ਰਹੇ ਹਨ ਕਿ ਜੇ ਸਮੇਂ ਸਿਰ ਇਲਾਜ਼ ਨਾ ਮਿਲਿਆ ਤਾਂ ਇਹ ਵਾਇਰਸ ਜੀਵਨ ਭਰ ਲਈ ਮਰੀਜ਼ ਦੀ ਸੁਣਨ ਦੀ ਸ਼ਕਤੀ ਖੋਹ ਸਕਦਾ ਹੈ।
ਬ੍ਰਿਹਨਮੁੰਬਾਈ ਮਿਊਂਸਿਪਲ ਕਾਰਪੋਰੇਸ਼ਨ (ਬੀਐਮਸੀ) ਦੇ ਸਾਇਨ ਹਸਪਤਾਲ ਵਿਚ ਈਐਨਟੀ ਵਿਭਾਗ ਦੀ ਪ੍ਰੋਫੈਸਰ ਅਤੇ ਪ੍ਰਮੁੱਖ, ਡਾ. ਰੇਣੁਕਾ ਬਰੂਡੂ ਦਾ ਕਹਿਣਾ ਹੈ ਕਿ ਕੋਵਿਡ ਦੇ 10 ਫੀਸਦੀ ਮਰੀਜ਼ਾਂ ਵਿੱਚ ਸੁਣਨ ਦੀ ਸਮਰਥਾ ਘੱਟ ਰਹੀ ਹੈ। ਸਮੇਂ ਸਿਰ ਇਲਾਜ ਨਾ ਮਿਲਿਆ ਤਾਂ ਇਹ ਵਾਇਰਸ ਜ਼ਿੰਦਗੀ ਭਰ ਲਈ ਸੁਣਨ ਦੀ ਯੋਗਤਾ ਨੂੰ ਘਟਾ ਜਾਂ ਖ਼ਤਮ ਕਰ ਸਕਦਾ ਹੈ।
ਡਾ. ਰੇਣੁਕਾ ਨੇ ਕਿਹਾ, “ਅੱਜਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਮਰੀਜ਼ ਦੇ ਕੰਨ ਨਾਲ ਸੁਣਨ ਦੀ ਸਮਰੱਥਾ ਕਾਫ਼ੀ ਘਟ ਰਹੀ ਹੈ। ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਜਿਸ ਨਾੜੀ ਰਾਹੀਂ ਕੰਨ ਤੁਹਾਡੇ ਦਿਮਾਗ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਨਾੜੀ ਵਿੱਚ, ਇਹ ਵਾਇਰਸ ਜਾ ਕੇ ਨੁਕਸਾਨ ਕਰ ਸਕਦਾ ਹੈ।ਉਂਞ ਇਹ ਹੋਰ ਵਾਇਰਸਾਂ ਵੀ ਕਾਰਨ ਹੁੰਦਾ ਹੈ, ਪਰ ਇਹ ਕੋਰੋਨਾ ਤੋਂ ਵੀ ਹੁੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਨੁਕਸਾਨ ਹੈ, ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ ਪਰ ਇਹ ਵੀ ਸੰਭਾਵਨਾ ਹੁੰਦੀ ਹੈ ਕਿ ਇਹ ਹਮੇਸ਼ਾ ਲਈ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਥਾਈ ਨੁਕਸਾਨ ਵਰਗੀ ਸਥਿਤੀ ਤੋਂ ਬਚਣ ਲਈ, ਜ਼ਰੂਰੀ ਹੈ ਕਿ ਮਰੀਜ਼ ਇਲਾਜ ਕਰਾਉਣ ਲਈ ਜਲਦੀ ਆਉਣ। ਜਿੰਨੀ ਜਲਦੀ ਤੁਸੀਂ ਆਉਂਦੇ ਹੋ, ਓਨੀ ਜਲਦੀ ਠੀਕ ਹੋਣ ਦੀ ਸੰਭਾਵਨਾ ਹੈ। ਜੇ ਦੇਰੀ ਕੀਤੀ ਜਾਂਦੀ ਹੈ, ਤਾਂ ਬਿਮਾਰੀ ਵਿਗੜ ਸਕਦੀ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ 10 ਫੀਸਦੀ ਮਰੀਜ਼ਾਂ ਨੂੰ ਇਹ ਤਕਲੀਫ਼ ਹੋ ਰਹੀ ਹੈ।