‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਮੋਬਾਈਲ ’ਤੇ ਪੌਰਨ ਫਿਲਮ ਦੇਖ ਕੇ ਦੀਵਾਲੀ ਵਾਲੇ ਦਿਨ ਢਾਈ ਸਾਲ ਦੀ ਮਾਸੂਮ ਨੂੰ ਅਗਵਾ ਕਰ ਕੇ ਜਬਰ ਜਨਾਹ ਅਤੇ ਜ਼ਾਲਮਾਨਾ ਤਰੀਕੇ ਨਾਲ ਉਸ ਦੀ ਹੱਤਿਆ ਦੇ ਦੋਸ਼ੀ ਗੁੱਡੂ ਮਧੇਸ਼ ਯਾਦਵ ਨੂੰ ਸੂਰਤ ਦੀ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ਼ੂਅਲ ਆਫੈਂਸਿਜ਼) ਅਦਾਲਤ ਨੇ ਮੰਗਲਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸ ਨੂੰ ਅਤਿ-ਦੁਰਲੱਭ ਮਾਮਲਾ ਮੰਨਦੇ ਹੋਏ ਸਜ਼ਾ ਸੁਣਾਈ। ਨਾਲ ਹੀ ਸਰਕਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਪੀੜਤ ਪਰਿਵਾਰ ਨੂੰ ਦੇਣ ਦੇ ਵੀ ਹੁਕਮ ਦਿੱਤੇ ਹਨ। ਇਸ ਮਾਮਲੇ ਵਿਚ ਦੋਸ਼ੀ ਤੇ ਪੀੜਤ ਦੋਵੇਂ ਹੀ ਪਰਿਵਾਰ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਹਨ। ਖ਼ਾਸ ਗੱਲ ਇਹ ਹੈ ਕਿ ਮੁਲਜ਼ਮ ਦੀ ਗਿ੍ਰਫ਼ਤਾਰੀ ਦੇ 29 ਦਿਨਾਂ ਵਿਚ ਹੀ ਉਸ ’ਤੇ ਮੁਕੱਦਮਾ ਚਲਾ ਕੇ ਸਜ਼ਾ ਸੁਣਾ ਦਿੱਤੀ ਗਈ ਹੈ।
ਸੂਰਤ ਦੇ ਪਾਂਡੇਸਰਾ ਵਿਚ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਢਾਈ ਸਾਲ ਦੀ ਮਾਸੂਮ ਚਾਰ ਨਵੰਬਰ ਦੀਵਾਲੀ ਦੀ ਰਾਤ ਨੂੰ ਗਾਇਬ ਹੋ ਗਈ ਸੀ। ਸ਼ਿਕਾਇਤ ਮਿਲਣ ’ਤੇ ਲਗਪਗ ਸੌ ਪੁਲਿਸ ਮੁਲਾਜ਼ਮਾਂ ਨੇ 200 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਅਤੇ ਇਸ ਆਧਾਰ ’ਤੇ ਮਾਸੂਮ ਨੂੰ ਮੋਢੇ ’ਤੇ ਚੁੱਕ ਕੇ ਲੈ ਕੇ ਜਾਂਦੇ ਇਕ ਵਿਅਕਤੀ ਦੀ ਪਛਾਣ ਕੀਤੀ। ਇਸ ਦੌਰਾਨ ਸੱਤ ਨਵੰਬਰ ਨੂੰ ਪੁਲਿਸ ਨੂੰ ਮਾਸੂਮ ਦੀ ਲਾਸ਼ ਪਾਂਡੇਸਰਾ ਵਿਚ ਝਾੜੀਆਂ ਵਿਚ ਪਿਆ ਮਿਲਿਆ। ਸੀਸੀਟੀਵੀ ਫੁਟੇਜ ਅਤੇ ਤਿੰਨ ਪ੍ਰਤੱਖਦਰਸ਼ੀਆਂ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਅੱਠ ਨਵੰਬਰ ਨੂੰ ਗੁੱਡੂ ਨੂੰ ਦਬੋਚ ਲਿਆ ਸੀ, ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਸੀ। ਪੁਲਿਸ ਦੇ ਮੁਤਾਬਕ ਗੁੱਡੂ ਸੈਕਸ ਮੇਨਿਆਕ ਹੈ। ਉਹ ਵਿਆਹੁਤਾ ਹੈ, ਦੋ ਬੱਚਿਆਂ ਦਾ ਪਿਤਾ ਹੈ। ਉਹ ਪਾਂਡੇਸਰਾ ਵਿਚ ਹੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਪੁਲਿਸ ਨੂੰ ਜਾਂਚ ਦੌਰਾਨ ਉਸ ਦੇ ਮੋਬਾਈਲ ਤੋਂ 150 ਪੌਰਨ ਫਿਲਮਾਂ ਮਿਲੀਆਂ। ਪੁਲਿਸ ਨੇ ਮੋਬਾਈਲ ਵਿਚ ਅਸ਼ਲੀਲ ਕੰਟੈਂਟ ਅਪਲੋਡ ਕਰਨ ਵਾਲੇ ਮੋਬਾਈਲ ਸ਼ਾਪ ਮਾਲਿਕ ਸਾਗਰ ਸ਼ਾਹ ਨੂੰ ਵੀ ਗਿ੍ਰਫ਼ਤਾਰ ਕੀਤਾ ਹੈ।