ਚੰਡੀਗੜ੍ਹ -ਪੰਜਾਬ ਵਿੱਚ ਹੜ੍ਹਾਂ ਕਾਰਨ ਕਿਸਾਨੀ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਸਾਉਣੀ ਸੀਜ਼ਨ ਦੀਆਂ ਫ਼ਸਲਾਂ ਤਬਾਹ ਹੋਣ ਕਾਰਨ ਹੁਣ ਮੁੜ ਤੋਂ ਕਾਸ਼ਤ ਕਰਨੀ ਪੈਣੀ ਹੈ। ਅੱਜ ਅਸੀਂ ਹੜ੍ਹਾਂ ਦੇ ਮੱਦੇਨਜ਼ਰ ਕਿਸਾਨਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਇੱਕ ਅਚਨਚੇਤੀ ਯੋਜਨਾ ਬਾਰੇ ਗੱਲ ਕਰਾਂਗੇ।
ਅਚਨਚੇਤੀ ਫ਼ਸਲ ਯੋਜਨਾ
-ਜਿੱਥੇ ਵੀ ਪਾਣੀ ਭਰਿਆ ਓਥੇ ਝੋਨੇ ਦੀ ਛੇਤੀ ਪੱਕਣ ਵਾਲੀ ਕਿਸਮ ਪੀਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਢੁਕਵਾਂ ਬਦਲ ਹੋ ਸਕਦੀ ਹੈ।
-ਲੰਮੀ ਮਿਆਦ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਖੇਤ ਵਿਚ ਲਾਉਣ ਤੋਂ ਬਾਅਦ ਪੱਕਣ ਲਈ 110 ਤੋਂ 130 ਦਿਨ ਲਗਦੇ ਹਨ, ਇਸ ਲਈ ਇਨ੍ਹਾਂ ਕਿਸਮਾਂ ਦੀ ਪਿਛੇਤੀ ਬਿਜਾਈ ਸੰਭਵ ਨਹੀਂ। ਪਰ ਪੀ.ਏ.ਯੂ. ਦੀ ਕਿਸਮ ਪੀ ਆਰ126 ਇਸ ਸਥਿਤੀ ਵਿੱਚ ਢੁਕਵੀਂ ਹੈ। ਇਹ ਖੇਤ ਵਿਚ ਲਾਉਣ ਤੋਂ 93 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ।
-ਛੇਤੀ ਪੱਕਣ ਕਾਰਨ ਇਹ ਕਿਸਮ ਸਮੇਂ ਦੀ ਬੱਚਤ ਕਰੇਗੀ, ਜਿਸ ਨਾਲ ਅਗਲੀ ਫ਼ਸਲ ਦੀ ਬਿਜਾਈ ਲਈ ਸਮੇਂ ਸਿਰ ਖੇਤ ਵਿਹਲੇ ਹੋ ਸਕਣਗੇ।
-ਇਸ ਤੋਂ ਇਲਾਵਾ ਪੀਆਰ 126 ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੀਜਣ ਜਾਣ ਲਈ ਢੁਕਵੀਂ ਹੈ ਤੇ ਇਸ ਸੰਕਟ ਦੇ ਸਮੇਂ ਇਹ ਹੀ ਬਿਹਤਰ ਬਦਲ ਹੋ ਸਕਦੀ ਹੈ।
-ਪੀਆਰ 126 ਨੂੰ 2017 ਵਿੱਚ ਕਾਸ਼ਤ ਲਈ ਜਾਰੀ ਕੀਤਾ ਗਿਆ ਸੀ। ਇਹ ਕਿਸਮ ਪੂਸਾ 44 ਦੇ ਮੁਕਾਬਲੇ ਪੱਕਣ ਲਈ ਇੱਕ ਮਹੀਨਾ ਅਤੇ ਹੋਰ ਕਿਸਮਾਂ ਦੇ ਮੁਕਾਬਲੇ 2-3 ਹਫ਼ਤੇ ਘੱਟ ਲੈਂਦੀ ਹੈ। ਇਸ ਕਿਸਮ ਨੇ 38 ਕੁਇੰਟਲ ਪ੍ਰਤੀ ਏਕੜ ਤਕ ਝਾੜ ਦਿੱਤਾ ਹੈ ਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ।
-ਪੂਸਾ ਬਾਸਮਤੀ 1509 ਇੱਕ ਹੋਰ ਢੁਕਵੀਂ ਕਿਸਮ ਹੈ ਜੋ ਕਿ ਵੱਧ ਝਾੜ ਦੇਣ ਵਾਲੀ ਅਤੇ ਜਲਦੀ ਪੱਕਣ ਵਾਲੀ ਹੈ।
ਬਦਲਵੀਂ ਕਾਸ਼ਤ ਯੋਜਨਾ ਤਹਿਤ ਯੂਨੀਵਰਸਿਟੀ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਵਿਖੇ ਝੋਨੇ ਦੀ ਪਨੀਰੀ ਬੀਜੀ ਹੈ। ਇਹ ਪਨੀਰੀ ਹੜ੍ਹ ਪੀੜਤ ਕਿਸਾਨਾਂ ਨੂੰ ਦਿੱਤੀ ਜਾਵੇਗੀ।
-ਯੂਨੀਵਰਸਿਟੀ ਨੇ ਲਗਭਗ 30 ਏਕੜ ਜ਼ਮੀਨ ਵਿੱਚ ਪੀਆਰ 126 ਅਤੇ ਪੂਸਾ ਬਾਸਮਤੀ 1509 ਪਨੀਰੀ ਬੀਜ ਦਿੱਤੀ ਹੈ। ਇਹ ਪਨੀਰੀ 25-30 ਦਿਨਾਂ ਵਿੱਚ ਲਵਾਈ ਲਈ ਤਿਆਰ ਹੋ ਜਾਏਗੀ।
-ਕਿਸਾਨ 10 ਅਗਸਤ, 2023 ਤੱਕ ਪੀਏਯੂ ਦੇ ਵੱਖ ਵੱਖ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀਬਾੜੀ ਵਿਭਾਗ ਪੰਜਾਬ ਅਤੇ ਪਨਸੀਡ ਤੋਂ ਇਹ ਕਿਸਮਾਂ ਪ੍ਰਾਪਤ ਕਰ ਸਕਣਗੇ।
-ਚੰਗੀ ਉਪਜ ਲਈ ਇਨ੍ਹਾਂ ਕਿਸਮਾਂ ਦੀ ਲਵਾਈ 15 ਅਗਸਤ 2023 ਤੋਂ ਪਹਿਲਾਂ ਕਰਨ ਦੀ ਸਲਾਹ ਦਿੱਤੀ ਗਈ ਹੈ।
-ਝੋਨੇ ਦੀ ਵਢਾਈ ਤੋਂ ਬਾਅਦ ਹਾਲ ਹੀ ਵਿੱਚ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀ ਸਰਫੇਸ ਸੀਡਿੰਗ ਵਿਧੀ ਨਾਲ ਕਣਕ ਦੀ ਫ਼ਸਲ ਸਮੇਂ ਸਿਰ ਬੀਜੀ ਜਾ ਸਕਦੀ ਹੈ।
ਜਿਹੜੇ ਕਿਸਾਨ ਝੋਨੇ ਦੇ ਬਦਲ ਵਿਚ ਹੋਰ ਫ਼ਸਲਾਂ ਨੂੰ ਤਰਜੀਹ ਦਿੰਦੇ ਹਨ, ਉਹ ਤੋਰੀਆ, ਚਾਰੇ ਦੀਆਂ ਫ਼ਸਲਾਂ, ਗੰਨਾ, ਅਤੇ ਕੁਝ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ।
-ਕਿਸਾਨਾਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ PAU ਨੇ ਚੰਗੀ ਤਰ੍ਹਾਂ ਸੋਚੀ ਸਮਝੀ ਬਦਲਵੀਂ ਯੋਜਨਾ ਤਿਆਰ ਕੀਤੀ ਹੈ।
ਬਦਲਵੀਂ ਯੋਜਨਾ
-ਕਿਸਾਨਾਂ ਨੂੰ ਖੇਤਾਂ ਵਿਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ।
-ਪਾਣੀ ਕੱਢਣ ਤੋਂ ਬਾਅਦ ਝੋਨੇ ਦੇ ਮਰ ਗਏ ਬੂਟਿਆਂ ਦੀ ਥਾਂ ਨਵੇਂ ਬੂਟੇ ਲਾ ਦੇਣੇ ਚਾਹੀਦੇ ਹਨ। ਜਿੱਥੇ ਨਵੀਂ ਬਿਜਾਈ ਦੀ ਲੋੜ ਹੈ ਓਥੇ ਪੀਆਰ 126 ਅਤੇ ਪੂਸਾ ਬਾਸਮਤੀ 1509 ਦੀ ਪਨੀਰੀ ਬੀਜੀ ਜਾਵੇ।
-ਮੱਕੀ ਵਿਚੋਂ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ।ਇਸ ਤੋਂ ਇਲਾਵਾ 3% ਯੂਰੀਆ ਘੋਲ ਦੀ ਹਫ਼ਤਾਵਾਰੀ ਸਪਰੇਅ ਅਤੇ ਵਾਧੂ ਨਾਈਟ੍ਰੋਜਨ (25-50 ਕਿੱਲੋ ਯੂਰੀਆ/ਏਕੜ) ਪਾਉਣੀ ਚਾਹੀਦੀ ਹੈ।
-ਕੀੜੇ-ਮਕੌੜਿਆਂ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।
ਨਰਮੇ ਅਤੇ ਹੋਰ ਫ਼ਸਲਾਂ ਬਾਰੇ ਜ਼ਰੂਰੀ ਗੱਲਾਂ
ਨਰਮੇ ਦੀ ਫ਼ਸਲ ਬਾਰੇ ਪੀ.ਏ.ਯੂ. ਮਾਹਰਾਂ ਨੇ ਯੂਰੀਆ ਦੀ ਸਿਫ਼ਾਰਿਸ਼ ਕੀਤੀ, ਖ਼ੁਰਾਕ ਨੂੰ ਫੁੱਲ ਆਉਣ ‘ਤੇ, ਕੋਟਲਾ ਕਲੋਰਾਈਡ ਦੇ ਘੋਲ ਦੇ ਛਿੜਕਾਅ ਕਰਕੇ ਪੱਤਾ ਡਿੱਗਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਫੁੱਲ ਆਉਣ ਵੇਲੇ ਹਰ 7-10 ਦਿਨਾਂ ਬਾਅਦ 2% ਪੋਟਾਸ਼ੀਅਮ ਨਾਈਟ੍ਰੇਟ ਸਪਰੇਅ ਦੁਹਰਾਈ ਜਾਵੇ।
-ਪਿਛੇਤੀ ਬੀਜੀ ਗੰਨੇ ਨੂੰ ਪਾਣੀ ਦੇ ਨਿਕਾਸ ਤੋਂ ਬਾਅਦ ਖਾਦ ਪਾਉਣੀ ਚਾਹੀਦੀ ਹੈ, ਫ਼ਸਲ ਨੂੰ ਡਿੱਗਣ ਤੋਂ ਬਚਨ ਲਈ ਮੂੜ੍ਹੇ ਬੰਨ੍ਹ ਦਿਓ ਅਤੇ ਆਗ ਦੇ ਗੜੂਏਂ ਲਈ ਫਰਟੇਰਾ ਦੀ ਵਰਤੋਂ ਕਰੋ।
-ਪਾਣੀ ਕੱਢਣ ਤੋਂ ਬਾਅਦ ਖੇਤਾਂ ਵਿੱਚ ਚਾਰੇ ਦੇ ਲਈ ਮੱਕੀ, ਜੁਆਰ ਅਤੇ ਬਾਜਰੇ ਦੀ ਬਿਜਾਈ ਕਰੋ।
-ਜਿੱਥੇ ਜ਼ਿਆਦਾ ਨੁਕਸਾਨ ਹੋਇਆ ਹੈ ਓਥੇ ਮੱਕੀ ਜਾਂ ਬਾਜਰੇ ਦੇ ਨਾਲ ਲੋਬੀਆ ਮਿਲਾ ਕੇ ਚਾਰੇ ਨੂੰ ਦੁਬਾਰਾ ਬੀਜੋ।
-ਅੱਧ ਸਤੰਬਰ ਵਿੱਚ ਹਾੜ੍ਹੀ ਦੇ ਚਾਰੇ ਦੀ ਬਿਜਾਈ ਕਰੋ। ਤਿਲ਼ਾਂ ਦੀ ਕਿਸਮ ਪੰਜਾਬ ਤਿਲ ਨੰਬਰ 2 ਜੁਲਾਈ ਦੇ ਅੰਤ ਤੱਕ ਬੀਜ ਦੇਣੇ ਚਾਹੀਦੇ ਹਨ।
ਫਲਦਾਰ ਫ਼ਸਲਾਂ ਬਾਰੇ ਜ਼ਰੂਰੀ ਸਲਾਹ(ਗ੍ਰਾਫਿਕਸ)
-ਫਲਦਾਰ ਫ਼ਸਲਾਂ ਵਿੱਚ ਨੁਕਸਾਨ ਦੀ ਜਾਂਚ ਕਰਨੀ ਚਾਹੀਦੀ ਹੈ, ਟੁੱਟੀਆਂ ਟਾਹਣੀਆਂ ਦੇ ਮਲਬੇ ਨੂੰ ਹਟਾ ਕੇ, ਸ਼ਾਖਾਵਾਂ ਦੀ ਛਾਂਟੀ ਕਰਕੇ, ਵਾਧੂ ਪਾਣੀ ਦਾ ਨਿਕਾਸ ਅਤੇ ਵਾਧੂ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਨਾਲ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
-ਕੀੜਿਆਂ ਅਤੇ ਬਿਮਾਰੀਆਂ ਲਈ ਨਿਯਮਤ ਤੌਰ ‘ਤੇ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਲੋੜ ਮਹਿਸੂਸ ਹੋਵੇ ਤਾਂ ਹੀ ਛਿੜਕਾਅ ਕਰੋ।
-ਸਬਜ਼ੀਆਂ ਦੀ ਫ਼ਸਲ ਵਿੱਚ ਭਿੰਡੀ ਦੀ ਪੰਜਾਬ ਸੁਹਾਵਾਨੀ, ਪੰਜਾਬ ਰੌਣਕ ਅਤੇ ਬੈਂਗਣ ਦੀ ਪੀਬੀਐਚਆਰ-42, ਟਮਾਟਰ, ਖੀਰੇ ਦੀ ਪੰਜਾਬ ਵਰਖਾਬਹਾਰ-4 ਅਤੇ ਕੱਦੂ ਦੀ ਪੰਜਾਬ ਨਵਾਬ ਕਿਸਮ ਬੀਜੋ।
-ਚਿੱਟੀ ਮੱਖੀ, ਫਰੂਟ ਫਲਾਈ ਅਤੇ ਕੀੜਿਆਂ ਦੀ ਰੋਕਥਾਮ ਢੁਕਵੇਂ ਛਿੜਕਾਅ ਨਾਲ ਕੀਤੀ ਜਾਵੇ।
ਯੂਨੀਵਰਸਿਟੀ ਦੀ ਇਸ ਯੋਜਨਾ ਉੱਤੇ ਅਮਲ ਕਰਕੇ ਕਿਸਾਨ ਅਜੋਕੀ ਮਾੜੀ ਸਥਿਤੀ ਵਿੱਚ ਵੀ ਖੇਤੀ ਕਰਕੇ ਆਪਣੇ ਨੁਕਸਾਨ ਨੂੰ ਘਟਾ ਸਕਦੇ ਹਨ।