ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਰਹਿਣ ਵਾਲੇ ਹਰੀਸ਼ ਭਾਰਦਵਾਜ ਕੋਲ XC90 ਕਾਰ ਸੀ । ਤੇਜ਼ ਮੀਂਹ ਦੀ ਵਜ੍ਹਾ ਕਰਕੇ ਇੰਜਣ ਵਿੱਚ ਪਾਣੀ ਚੱਲਾ ਗਿਆ ਅਤੇ ਗੱਡੀ ਖਰਾਬ ਹੋ ਗਈ ਸੀ । ਕਾਰ ਮਾਲਿਕ ਨੇ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਮੰਗਿਆ ਤਾਂ ਉਨ੍ਹਾਂ ਨੇ ਰੱਦ ਕਰ ਦਿੱਤਾ । ਜਦਕਿ ਕਾਰ ਦੇ ਮਾਲਿਕ ਹਰੀਸ਼ ਭਾਰਦਵਾਜ ਨੇ 39,629 ਰੁਪਏ ਦਾ ਪ੍ਰੀਮੀਅਮ ਭਰਿਆ ਸੀ । ਕੰਪਨੀ ਤੋਂ ਸਰਵੇਂ ਕਰਨ ਆਏ ਮੁਲਾਜ਼ਮ ਨੂੰ ਜਦੋਂ ਕ੍ਰਿਸ਼ਨਾ ਆਟੋ ਸੇਲਸ ਨੇ ਰਿਪੇਅਰ ਦੇ ਲਈ 2,10,737 ਰੁਪਏ ਦਾ ਖਰਚਾ ਦੱਸਿਆ ਤਾਂ ਸਵੇਅਰ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕੀ ਗੱਡੀ ਦੇ ਇੰਜਣ ਵਿੱਚ ਪਾਣੀ ਭਰਿਆ ਸੀ। ਗੱਡੀ ਨੂੰ ਬਾਹਰੋ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ । ਅਜਿਹੇ ਵਿੱਚ ਇੰਸ਼ੋਰੈਂਸ ਕਲੇਮ ਨਹੀਂ ਕੀਤਾ ਜਾ ਸਕਦਾ ਹੈ,ਕੰਪਨੀ ਦੇ ਮੁਲਾਜ਼ਮ ਨੇ ਹਰੀਸ਼ ਭਾਰਦਵਾਜ ਦਾ ਕਲੇਮ ਰੱਦ ਕਰ ਦਿੱਤਾ । ਜਿਸ ਦੇ ਖਿਲਾਫ਼ ਕਾਰ ਦੇ ਮਾਲਿਕ ਨੇ ਕੰਜ਼ਿਊਮਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ।ਕੰਜ਼ਿਊਮਰ ਕਮਿਸ਼ਨ ਨੇ ਇੰਸ਼ੋਰੈਂਸ ਕੰਪਨੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ,ਕੰਪਨੀ ‘ਤੇ ਜੁਰਮਾਨਾ ਠੋਕਿਆ ਅਤੇ ਪੂਰੀ ਕਲੇਮ ਦੇਣ ਦੇ ਨਿਰਦੇਸ਼ ਦਿੱਤੇ ।
ਕੰਜ਼ਿਊਮਰ ਕਮਿਸ਼ਨ ਦੇ ਫੈਸਲੇ ਵਿੱਚ ਤਰਤ
ਕੰਜ਼ਿਊਮਰ ਕਮਿਸ਼ਨ ਨੇ ਇਸ ਕੇਸ ਦੀ ਸੁਣਵਾਈ ਦੌਰਾਨ ਸਾਫ ਕੀਤਾ ਕੀ ਇੰਸ਼ੋਰੈਂਸ ਕੰਪਨੀ ਪਾਲਿਸੀ ਨਿਯਮ ਦੀ ਧਾਰਾ 1 (5) ਦੇ ਤਹਿਤ ਹੜ੍ਹ,ਹਨੇਰੀ,ਤੁਫਾਨ,ਸੈਲਾਬ,ਬਰਫਬਾਰੀ ਸਮੇਂ ਜੇਕਰ ਗੱਡੀ ਨੂੰ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਕਲੇਮ ਮੰਨਿਆ ਜਾਂਦਾ ਹੈ । ਅਜਿਹੇ ਵਿੱਚ ਕੰਪਨੀ ਕਲੇਮ ਤੋਂ ਪਲਾ ਨਹੀਂ ਝਾੜ ਸਕਦੀ ਹੈ । ਇਸ ਲਈ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਦੇਣਾ ਹੋਵੇਗਾ । ਕਮਿਸ਼ਨ ਨੇ ਇੰਸ਼ੋਰੈਂਸ ਕੰਪਨੀ ਦੇ ਉਸ ਤਰਕ ਨੂੰ ਖਾਰਜ ਕਰ ਦਿੱਤਾ ਕੀ ਸ਼ਿਕਾਇਤਕਰਤਾ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਗੱਡੀ ਦੇ ਇੰਜਣ ਵਿੱਚ ਪਾਣੀ ਗਿਆ। ਕਮਿਸ਼ਨ ਨੇ ਕਿਹਾ ਜਿਸ ਨੇ ਆਪਣੇ ਮਿਹਨਤ ਦੀ ਕਮਾਈ ਨਾਲ ਲਗਜ਼ਰੀ ਗੱਡੀ ਖਰੀਦੀ ਹੋਵੇ ਉਸ ਨੂੰ ਪਤਾ ਹੈ ਕੀ ਗੱਡੀ ਨੂੰ ਕਿਵੇਂ ਨੁਕਸਾਨ ਤੋਂ ਬਚਾਉਣਾ ਹੈ । ਅਜਿਹੇ ਵਿੱਚ ਕੰਪਨੀ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕੀ ਸ਼ਿਕਾਇਤਕਰਤਾ ਨੂੰ ਗੱਡੀ ਠੀਕ ਕਰਵਾਉਣ ਦੇ ਲਈ ਖਰਚ 2,56,442 ਰੁਪਏ ਦਿੱਤੇ ਜਾਣ। ਇਸ ਦੇ ਨਾਲ ਇੰਸ਼ੋਰੈਂਸ ਕੰਪਨੀ ਨੂੰ 10 ਹਜ਼ਾਰ ਦਾ ਹਰਜਾਨਾ ਵੀ ਭਰਨਾ ਹੋਵੇਗਾ ਅਤੇ 10 ਹਜ਼ਾਰ ਅਦਾਲਤੀ ਖਰਚ ਵੀ ਦੇਣਾ ਹੋਵੇਗਾ ।
5 ਸਾਲ ਬਾਅਦ ਆਇਆ ਫੈਸਲਾ
21 ਅਗਸਤ 2017 ਨੂੰ ਸ਼ਿਕਾਇਤਕਰਤਾ ਨੇ ਆਪਣੀ ਕਾਰ ਚੰਡੀਗੜ੍ਹ ਦੇ ISBT-43 ਦੀ ਪਿਛਲੇ ਪਾਸੇ ਜ਼ਿਲ੍ਹਾਂ ਅਦਾਲਤ ਦੇ ਸਾਹਮਣੇ ਪਾਰਕ ਕੀਤੀ ਸੀ । ਉਸ ਦਿਨ ਤੇਜ਼ ਮੀਂਹ ਹੋਇਆ ਜਦੋਂ ਸ਼ਿਕਾਇਤਕਰਤਾ ਕੰਮ ਖਤਮ ਕਰਕੇ ਵਾਪਸ ਆਇਆ ਤਾਂ ਉਸ ਨੇ ਵੇਖਿਆ ਕੀ ਸੜਕ ‘ਤੇ 1 ਫੁੱਟ ਤੋਂ ਵੱਧ ਪਾਣੀ ਜਮਾ ਹੈ । ਕਾਰ ਦੇ ਮਾਲਿਕ ਹਰੀਸ਼ ਭਾਰਦਵਾਜ ਨੇ ਸਾਵਧਾਨੀ ਨਾਲ ਵਾਲਵੋ ਦੇ ਸਰਵਿਸ ਸੈਂਟਰ ਨੂੰ ਫੋਨ ਕੀਤਾ । ਸਰਵਿਸ ਸੈਂਟਰ ਨੇ ਕ੍ਰੇਨ ਦੀ ਮਦਦ ਨਾਲ ਗੱਡੀ ਨੂੰ ਪਾਣੀ ਤੋਂ ਕੱਢਿਆ ਅਤੇ ਸੁੱਕੀ ਥਾਂ ‘ਤੇ ਲੈ ਗਿਆ। ਕਾਰ START ਨਾ ਹੋਣ ‘ਤੇ ਇਸ ਨੂੰ ਕ੍ਰਿਸ਼ਨਾ ਆਟੋ ਸੇਲਸ ਕਾਰ ਨੂੰ ਵਰਕਸ਼ਾਪ ਲੈ ਗਏ । ਜਿੱਥੇ ਵਾਲਵੋ ਚੰਡੀਗੜ੍ਹ ਦੇ ਅਥਾਰਿਟੀ ਡੀਲਰ ਹਨ । ਗੱਡੀ ਦਾ ਨਿਰੀਖਣ ਕਰਨ ਦੇ ਬਾਅਦ ਦੱਸਿਆ ਗਿਆ ਕੀ ਗੱਡੀ ਦੇ ਏਅਰ ਫਿਲਟਰ ਵਿੱਚ ਪਾਣੀ ਵੜ ਗਿਆ ਹੈ ਹੋ ਸਕਦਾ ਹੈ ਇੰਜਣ ਵਿੱਚ ਵੀ ਦਾਖਲ ਹੋਇਆ ਹੋਵੇ । ਜਿਸ ਨਾਲ ਇੰਜਣ ਨੂੰ ਵੀ ਨੁਕਸਾਨ ਹੋ ਸਕਦਾ ਹੈ । ਜਦੋਂ ਗੱਡੀ ਦਾ ਇੰਜਣ ਖੋਲਿਆ ਗਿਆ ਤਾਂ ਡਰ ਸੱਚ ਸਾਬਿਤ ਹੋਇਆ ਅਤੇ ਕਾਰ ਕੰਪਨੀ ਨੇ ਰਿਪੇਅਰ ਦੇ ਲਈ ਢਾਈ ਲੱਖ ਦੇ ਖਰਚੇ ਦਾ ਅਨੁਮਾਨ ਦੱਸਿਆ । ਪਰ ਇੰਸ਼ੋਰੈਂਸ ਕੰਪਨੀ ਦੇ ਸਰਵੇਂ ਕਰਨ ਆਏ ਮੁਲਾਜ਼ਮ ਨੇ ਇਸ ਨੂੰ ਰੱਦ ਕਰ ਦਿੱਤਾ । ਪਰ ਹੁਣ 5 ਸਾਲ ਬਾਅਦ ਗੱਡੀ ਦੇ ਮਾਲਿਕ ਹਰੀਸ਼ ਭਾਰਦਵਾਜ ਦੇ ਹੱਕ ਵਿੱਚ ਕੰਜ਼ਿਊਮਰ ਕਮਿਸ਼ਨ ਨੇ ਫੈਸਲਾ ਸੁਣਾ ਕੇ ਸਾਫ਼ ਕਰ ਦਿੱਤਾ ਕੀ ਜੇਕਰ ਤੁਹਾਡੇ ਨਾਲ ਵੀ ਕੋਈ ਇੰਸ਼ੋਰੈਂਸ ਕੰਪਨੀ ਅਜਿਹਾ ਕਰਦੀ ਹੈ ਤਾਂ ਉਸ ਦੇ ਖਿਲਾਫ ਤੁਸੀਂ ਕੰਜ਼ਿਊਮਰ ਕਮਿਸ਼ਨ ਕੋਲ ਜਾ ਸਕਦੇ ਹੋ ।