The Khalas Tv Blog Punjab ਕੀ ਹੁਣ ਗਾਂਧੀ ਪਰਿਵਾਰ ਦਾ ਕਾਂਗਰਸ ਤੋਂ ਕਬਜ਼ਾ ਹੋਵੇਗਾ ਖ਼ਤਮ ? ਨਵੇਂ ਕੌਮੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਤਰੀਕਾਂ ਦਾ ਐਲਾਨ
Punjab

ਕੀ ਹੁਣ ਗਾਂਧੀ ਪਰਿਵਾਰ ਦਾ ਕਾਂਗਰਸ ਤੋਂ ਕਬਜ਼ਾ ਹੋਵੇਗਾ ਖ਼ਤਮ ? ਨਵੇਂ ਕੌਮੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਤਰੀਕਾਂ ਦਾ ਐਲਾਨ

ਬਿਊਰੋ ਰਿਪੋਰਟ : ਕਾਂਗਰਸ ਵਿੱਚ ਲਗਾਤਾਰ ਉੱਠ ਰਹੀਆਂ ਬਾਗੀ ਅਵਾਜ਼ਾਂ ਨੂੰ ਸ਼ਾਂਤ ਕਰਨ ਦੇ ਲਈ ਪਾਰਟੀ ਨੂੰ ਕੌਮੀ ਪ੍ਰਧਾਨ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰਨਾ ਪਿਆ ਹੈ। ਵਾਰ-ਵਾਰ ਸੋਨੀਆ ਗਾਂਧੀ ਦੇ ਕਾਰਜਕਾਰੀ ਪ੍ਰਧਾਨ ਨੂੰ ਲੈ ਕੇ ਆਵਾਜ਼ਾਂ ਉੱਠ ਰਹੀਆਂ ਸਨ। ਗੁਲਾਮ ਨਬੀ ਆਜ਼ਾਦ ਨੇ ਵੀ ਇਸੇ ਵਜ੍ਹਾ ਕਰਕੇ 50 ਸਾਲ ਬਾਅਦ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਹੈ। ਐਤਵਾਰ ਹੋਈ ਕਾਂਗਰਸ ਵਰਕਿੰਗ ਕਮੇਟੀ ਵਿੱਚ ਨਵਾਂ ਪ੍ਰਧਾਨ ਚੁਣਨ ਦਾ ਫੈਸਲਾ ਹੋਇਆ ਅਤੇ ਚੋਣਾਂ ਦੀਆਂ ਤਰੀਕਾਂ ‘ਤੇ ਵੀ ਮੋਹਰ ਲਾ ਦਿੱਤੀ ਗਈ ਹੈ। ਕੌਮੀ ਕਾਂਗਰਸ ਪ੍ਰਧਾਨ ਚੁਣਨ ਦੇ ਲਈ 17 ਅਕਤੂਬਰ ਨੂੰ ਚੋਣ ਹੋਵੇਗੀ ਅਤੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਸਿਹਤ ਠੀਕ ਨਾ ਹੋਣ ਦੀ ਵਜ੍ਹਾ ਕਰਕੇ ਸੋਨੀਆ ਗਾਂਧੀ ਵਰਚੁਅਲ ਹੀ ਮੀਟਿੰਗ ਵਿੱਚ ਸ਼ਾਮਲ ਹੋਈ। ਸੋਨੀਆ ਗਾਂਧੀ ਵਿਦੇਸ਼ ਦੌਰੇ ‘ਤੇ ਨੇ ਅਤੇ ਰਾਹੁਲ ਅਤੇ ਪ੍ਰਿਯੰਕਾ ਵੀ ਉਨ੍ਹਾਂ ਦੇ ਨਾਲ ਹਨ।


ਕਾਂਗਰਸ ਪ੍ਰਧਾਨ ਦੀ ਚੋਣ ਪ੍ਰਕਿਆ

ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਦੇ ਲਈ 22 ਸਤੰਬਰ ਨੂੰ ਨੋਟਿਫਿਕੇਸ਼ਨ ਜਾਰੀ ਕੀਤਾ ਜਾਵੇਗਾ। 24 ਸਤੰਬਰ ਨੂੰ ਨਾਮਜ਼ਦਗੀਆਂ ਦਾਖਲ ਹੋਣਗੀਆਂ। 30 ਸਤੰਬਰ ਨਾਮਜ਼ਦਗੀ ਦੀ ਅਖੀਰਲੀ ਤਰੀਕ ਹੋਵੇਗੀ। 17 ਅਕਤੂਬਰ ਨੂੰ ਕਾਂਗਰਸ ਪ੍ਰਧਾਨ ਚੁਣਨ ਲਈ ਚੋਣ ਹੋਵੇਗੀ ਜਦਕਿ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਵੇਂ ਕੌਮੀ ਕਾਂਗਰਸ ਪ੍ਰਧਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਤਕਰੀਬਨ 1 ਮਹੀਨੇ ਤੱਕ ਚੋਣ ਪ੍ਰਕਿਆ ਚੱਲੇਗੀ।

ਰਾਹੁਲ ਗਾਂਧੀ ਨੇ ਦਿੱਤਾ ਸੀ ਅਸਤੀਫਾ

2019 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪਾਰਟੀ ਦੇ ਸਾਹਮਣੇ ਧਰਮ ਸੰਕਟ ਖੜਾ ਹੋ ਗਿਆ ਸੀ। ਲੰਮੇ ਵਿਚਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਕਾਰਜਕਾਰੀ ਪ੍ਰਧਾਨ ਬਣਨ ਦਾ ਫੈਸਲਾ ਲਿਆ। 2020 ਵਿੱਚ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਬਗਾਵਤ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ ਪਰ ਨਵੇਂ ਪ੍ਰਧਾਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਸਕਿਆ। ਕਾਂਗਰਸ ਦੇ ਅੰਦਰ ਬਾਗੀ G-23 ਗਰੁੱਪ ਲੰਮੇ ਵਕਤ ਤੋਂ ਪਾਰਟੀ ਵਿੱਚ ਬਦਲਾਅ ਕਰਨ ਦੀ ਮੰਗ ਕਰ ਰਿਹਾ ਹੈ। G-23 ਗਰੁੱਪ ਦੇ 2 ਵੱਡੇ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਅਤੇ ਕਪਿੱਲ ਸਿੱਬਲ ਨੇ ਤਾਂ ਬਦਲਾਅ ਦੀ ਉਮੀਦ ਵਿੱਚ ਪਾਰਟੀ ਤੋਂ ਅਸਤੀਫ਼ਾ ਵੀ ਦੇ ਦਿੱਤਾ ਹੈ। ਅਗਲਾ ਨੰਬਰ ਆਨੰਦ ਸ਼ਰਮਾ ਦਾ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਗੁਲਾਬ ਨਬੀ ਆਜ਼ਾਦ ਵਾਂਗ ਹਿਮਾਚਲ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਉੁਨ੍ਹਾਂ ਨੇ ਟਿਕਟ ਵੰਡਣ ਵਿੱਚ ਜ਼ਿਆਦਾ ਪਾਵਰ ਨਾ ਮਿਲਣ ਦੀ ਵਜ੍ਹਾ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

Exit mobile version