Punjab

ਪੰਜਾਬ ‘ਚ ਝੋਨੇ ‘ਤੇ ਚੀਨੀ ਵਾਇਰਸ ਦਾ ਹਮਲਾ ! ਜੂਨ ਦੀ ਇਸ ਤਰੀਕ ਨੂੰ ਬੀਜੀ ਗਈ ਫਸਲ ਸਭ ਤੋਂ ਵੱਧ ਪ੍ਰਭਾਵਿਤ

ਬਿਊਰੋ ਰਿਪੋਰਟ : ਪੰਜਾਬ ਵਿੱਚ ਝੋਨਾ ਬੀਜਣ ਵਾਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਚੀਨੀ ਵਾਇਰਸ ਦਾ ਹਮਲਾ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਲੰਬਾਈ ਰੁਕਣ ਪਿੱਛੇ ਸਾਉਦਨ ਰਾਇਸ ਬਲੈਕ ਸਟ੍ਰੀਕਡ ਡਵਾਫ ਵਾਇਰਸ (SRBSDV) ਨੂੰ ਜ਼ਿੰਮੇਵਾਰ ਦੱਸਿਆ ਹੈ। ਵਿਗਿਆਨਿਕਾਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ (SRBSDV) ਵਾਇਰਸ ਦਾ ਹਮਲਾ ਹੋਇਆ ਹੈ। ਸਭ ਤੋਂ ਪਹਿਲਾਂ 2001 ਵਿੱਚ ਚੀਨ ਦੇ ਦੱਖਣੀ ਹਿੱਸੇ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਸੀ। ਇਸੇ ਲਈ ਇਸ ਨੂੰ ਚੀਨੀ ਵਾਇਰਸ ਕਿਹਾ ਜਾ ਰਿਹਾ ਹੈ। ਇਸ ਵਾਇਰਸ ਨਾਲ ਫਸਲਾਂ ‘ਤੇ ਬੁਰਾ ਅਸਰ ਵੇਖਣ ਨੂੰ ਮਿਲਿਆ ਹੈ।

ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦਾ ਦਾਅਵਾ

ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਤਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ (SRBSDV) ਵਾਇਰਸ ਨਾਲ ਝੋਨੇ ਦਾ ਪੌਦਾ ਛੋਟਾ ਰਹਿ ਜਾਂਦਾ ਹੈ। ਪਟਿਆਲਾ, ਹੁਸ਼ਿਆਰਪੁਰ,ਲੁਧਿਆਣਾ,ਪਠਾਨਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਵਿੱਚ ਚੀਨੀ ਵਾਇਰਸ ਦੀ ਸ਼ਿਕਾਇਤ ਕਿਸਾਨਾਂ ਵੱਲੋਂ ਮਿਲ ਰਹੀ ਹੈ। ਝੋਨੇ ਦੇ ਪੌਦੇ ਵੱਧ ਨਹੀਂ ਰਹੇ ਹਨ। ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਤੋਂ ਸੈਂਪਲ ਲਏ ਅਤੇ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 15-25 ਜੂਨ ਦੌਰਾਨ ਬੀਜੀ ਗਈ ਝੋਨੇ ਦੀ ਫਸਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ।

ਝੋਨਾ

ਇਸ ਤਰ੍ਹਾਂ ਦੇ ਹੋ ਗਏ ਨੇ ਪੌਦੇ

ਖੇਤੀਬਾੜੀ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਝੋਨੇ ਦੀ ਜਿਹੜੀ ਫਸਲ ਵੱਧ ਪ੍ਰਭਾਵਿਤ ਹੋਈ ਹੈ, ਉਨ੍ਹਾਂ ਦੇ ਪੌਦੇ ਬਹੁਤ ਛੋਟੇ ਸਨ ਅਤੇ ਪੱਤੀਆਂ ਪਤਲੀਆਂ ਅਤੇ ਸਿੱਧੀਆਂ ਸਨ। ਪੌਦੇ ਦੀਆਂ ਜੜਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਸਨ। ਜਿਹੜੇ ਪੌਦੇ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦੀ ਲੰਬਾਈ ਸਹੀ ਪੌਦਿਆਂ ਤੋਂ ਤਕਰੀਬਨ 1/3 ਫੀਸਦੀ ਘੱਟ ਹੈ। ਪੌਦੇ ਦੀਆਂ ਜੜਾ ਖੋਖਲੀਆਂ ਹੋ ਗਈਆਂ ਹਨ ਅਤੇ ਇਨ੍ਹਾਂ ਨੂੰ ਅਸਾਨੀ ਨਾਲ ਉਖਾੜਿਆ ਜਾ ਸਕਦਾ ਹੈ।