Lok Sabha Election 2024 Punjab

ਕਾਂਗਰਸ ਨੇ ਫਿਰੋਜ਼ਪੁਰ ਤੋਂ ਐਲਾਨਿਆ ਅਖ਼ੀਰਲਾ ਉਮੀਦਵਾਰ! 2 ਵਾਰ ਦੇ MP ਨੂੰ ਮਿਲੀ ਟਿਕਟ, 50 ਸਾਲ ਤੋਂ ਕਾਂਗਰਸ ਨਹੀਂ ਜਿੱਤੀ

ਕਾਂਗਰਸ ਨੇ ਲੋਕਸਭਾ ਚੋਣਾਂ ਦੇ ਲਈ ਆਪਣੇ ਅਖ਼ੀਰਲੇ 13ਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਇੱਕ ਵਾਰ ਮੁੜ ਤੋਂ 2 ਵਾਰ ਦੇ ਐੱਮਪੀ ਸ਼ੇਰ ਸਿੰਘ ਘੁਬਾਇਆ ’ਤੇ ਭਰੋਸਾ ਜਤਾਉਂਦੇ ਹੋਏ ਫਿਰੋਜ਼ਪੁਰ ਤੋਂ ਉਨ੍ਹਾਂ ਨੂੰ ਦੂਜੀ ਵਾਰ ਮੈਦਾਨ ਵਿੱਚ ਉਤਾਰਿਆ ਹੈ।

ਪਿਛਲੀ ਵਾਰ ਉਹ ਅਕਾਲੀ ਦਲ ਦੇ ਉਮੀਦਵਾਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋ ਤਕਰੀਬਨ 2 ਲੱਖ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਜਦਕਿ 2009 ਅਤੇ 2014 ਵਿੱਚ ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਲਗਾਤਾਰ 2 ਵਾਰ ਇਹ ਸੀਟ ਜਿੱਤੀ ਸੀ। ਪਰ 2014 ਵਿੱਚ ਅਕਾਲੀ ਦਲ ਨਾਲ ਮਤਭੇਦ ਹੋਣ ਦੀ ਵਜ੍ਹਾ ਕਰਕੇ ਉਹ ਪਾਰਟੀ ਤੋਂ ਵੱਖ ਹੋ ਗਏ ਸਨ।

1998 ਤੋਂ ਲੈਕੇ 2019 ਤੱਕ ਅਕਾਲੀ ਦਲ ਨੇ ਲਗਾਤਾਰ 6 ਵਾਰ ਫਿਰੋਜ਼ਪੁਰ ਸੀਟ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ।। ਫਿਰੋਜ਼ਪੁਰ ਪੰਜਾਬ ਦਾ ਪਹਿਲਾ ਹਲਕਾ ਹੈ ਜਿੱਥੇ ਕਾਂਗਰਸ ਦਾ ਉਮੀਦਵਾਰ ਪਿਛਲੇ 50 ਸਾਲਾਂ ਤੋਂ ਨਹੀਂ ਜਿੱਤ ਸਕਿਆ। 2019 ਵਿੱਚ ਤਾਂ ਅਕਾਲੀ ਦਲ ਦੇ ਸਭ ਤੋਂ ਬੁਰੇ ਦੌਰ ਦੌਰਾਨ ਵੀ ਫਿਰੋਜ਼ਪੁਰ ਦੀ ਜਨਤਾ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਜਿੱਤ ਦਿਵਾਈ ਸੀ।

ਹੁਣ ਸਿਰਫ਼ ਬੀਜੇਪੀ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਨੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਹਾਲਾਂਕਿ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਅਵਲਾ ਦੇ ਬੀਜੇਪੀ ਵੱਲੋਂ ਚੋਣ ਮੈਦਾਨ ਵਿੱਚ ਉਤਰਨ ਦੀਆਂ ਚਰਚਾਵਾਂ ਹਨ ਉਨ੍ਹਾਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਵੀ ਹੋ ਸਕਦੇ ਹਨ।

ਆਮ ਆਦਮੀ ਪਾਰਟੀ ਨੇ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਬਣਾਇਆ ਹੈ। ਜਦਕਿ ਅਕਾਲੀ ਦਲ ਨੇ ਆਪਣੇ ਗੜ੍ਹ ਤੋਂ ਫਿਰੋਜ਼ਪੁਰ ਤੋਂ ਤਿੰਨ ਵਾਰ ਦੇ ਜੇਤੂ ਐਮਪੀ ਜ਼ੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬਾਬੀ ਮਾਨ ‘ਤੇ ਦਾਅ ਖੇਡਿਆ ਹੈ।

ਹੋਰ ਤਾਜ਼ਾ ਖ਼ਬਰਾਂ –
ਸੁਮੇਧ ਸੈਣੀ ਖ਼ਿਲਾਫ਼ ਤੀਹਰੇ ਕਤਲ ਕੇਸ ਦੀ ਸੁਣਵਾਈ ਜਲਦੀ ਮੁਕੰਮਲ ਕੀਤੀ ਜਾਵੇ: ਹਾਈ ਕੋਰਟ

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ