India

ਹੁੱਡਾ ਦੀ ਧੁਰ ਵਿਰੋਧੀ ਬੰਸੀਲਾਲ ਖਾਨਦਾਨ ਦੀ ਨੂੰਹ ਧੀ ਨਾਲ ਬੀਜੇਪੀ ਵਿੱਚ ਹੋਵੇਗੀ ਸ਼ਾਮਲ!

ਬਿਉਰੋ ਰਿਪੋਰਟ – ਹਰਿਆਣਾ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਧੁਰ ਵਿਰੋਧੀ ਕਿਰਨ ਚੌਧਰੀ ਆਪਣੀ ਧੀ ਸ਼ਰੂਤੀ ਚੌਧਰੀ ਦੇ ਨਾਲ ਬੁੱਧਵਾਰ 19 ਜੂਨ ਨੂੰ ਬੀਜੇਪੀ ਵਿੱਚ ਸ਼ਾਮਲ ਹੋ ਸਕਦੀ ਹੈ। ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਨੂੰਹ ਅਤੇ ਭਿਵਾਨੀ ਦੇ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ ਕੱਲ੍ਹ ਕਾਂਗਰਸ ਛੱਡ ਰਹੀ ਹੈ। ਦੋਵੇਂ ਦਿੱਲੀ ਜਾ ਕੇ ਬੀਜੇਪੀ ਹੈੱਡਕੁਆਰਟਰ ‘ਚ ਪਾਰਟੀ ‘ਚ ਸ਼ਾਮਲ ਹੋਣਗੇ। ਦਰਾਅਸਲ ਕਿਰਨ ਚੌਧਰੀ ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਆਪਣੀ ਧੀ ਸ਼ਰੂਤੀ ਲਈ ਟਿਕਟ ਮੰਗ ਰਹੀ ਸੀ, ਪਰ ਲਗਾਤਾਰ 2 ਵਾਰ ਹਾਰ ਚੁੱਕੀ ਸ਼ਰੂਤੀ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਸੀ, ਜਿਸ ਕਰਕੇ ਉਹ ਪਾਰਟੀ ਨਾਲ ਨਰਾਜ਼ ਚਲ ਰਹੀ ਸੀ।

ਭਿਵਾਨੀ-ਮਹਿੰਦਰਗੜ੍ਹ ਵਿੱਚ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਕਿਰਨ ਚੌਧਰੀ ਦੀ ਪਾਰਟੀ ਦੇ ਉਮੀਦਵਾਰ ਰਾਓ ਧੰਨ ਸਿੰਘ ਨਾਲ ਮੰਚ ‘ਤੇ ਬਹਿਸ ਵੀ ਹੋ ਗਈ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਉੱਥੋ ਉੱਠ ਕੇ ਚੱਲੇ ਗਏ ਸਨ। ਹਾਲਾਂਕਿ ਇਸ ਸੀਟ ਤੇ ਬੀਜੇਪੀ ਦੇ ਉਮੀਦਵਾਰ ਧਰਮਵੀਰ ਸਿੰਘ ਦੀ ਜਿੱਤ ਹੋਈ ਸੀ। ਸ਼ਰੂਤੀ ਤੋਂ ਇਲਾਵਾ ਇੱਕ ਹੋਰ ਕਾਂਗਰਸੀ ਦਿੱਗਜ ਆਗੂ ਦੇ ਪਾਰਟੀ ਛੱਡਣ ਦੀ ਚਰਚਾ ਹੈ।

ਸਾਬਕਾ ਵਿਧਾਨ ਸਭਾ ਸਪੀਕਰ ਅਤੇ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਰਹੇ ਕੁਲਦੀਪ ਸ਼ਰਮਾ ਦੇ ਪਾਰਟੀ ਛੱਡਣ ਦੀ ਚਰਚਾ ਹੈ। ਹਾਲਾਂਕਿ ਕੁਲਦੀਪ ਅਜੇ ਕਾਂਗਰਸ ‘ਚ ਹਨ ਪਰ ਸੂਤਰਾਂ ਮੁਤਾਬਕ ਉਹ ਜਲਦ ਹੀ ਬੀਜੇਪੀ ‘ਚ ਵੀ ਸ਼ਾਮਲ ਹੋ ਸਕਦੇ ਹਨ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਅਤੇ ਕਾਂਗਰਸ ਨੇ ਹਰਿਆਣਾ ਵਿੱਚ 5-5 ਸੀਟਾਂ ਜਿੱਤੀਆਂ ਹਨ। ਲਗਾਤਾਰ 2 ਲੋਕਸਭਾ ਚੋਣਾਂ ਵਿੱਚ ਬੁਰੀ ਹਾਰ ਤੋਂ ਬਾਅਦ ਕਾਂਗਰਸ ਨੇ 5 ਸੀਟਾਂ ਜਿੱਤ ਕੇ ਸੂਬੇ ਦੀ ਸੱਤਾ ਵਿੱਚ ਵੀ ਵਾਪਸੀ ਦਾ ਰਾਹ ਸਾਫ ਕੀਤਾ ਹੈ, ਇਸ ਸਾਲ ਅਕਤੂਬਰ ਵਿੱਚ ਹਰਿਆਣਾ ਵਿਧਾਨ ਸਭਾ ਦੀ ਚੋਣ ਹੋਣੀ ਹੈ ਅਜਿਹੇ ਵਿੱਚ ਕਿਰਨ ਚੌਧਰੀ ਦਾ ਬੀਜੇਪੀ ਵਿੱਚ ਜਾਣਾ ਪਾਰਟੀ ਲਈ ਵੱਡਾ ਝਟਕਾ ਹੈ। ਚੌਧਰੀ ਬੰਸੀਲਾਲ ਦਾ ਪਰਿਵਾਰ ਹਰਿਆਣਾ ਦੀ ਕਈ ਸੀਟਾਂ ‘ਤੇ ਆਪਣਾ ਅਸਰ ਰੱਖਦਾ ਹੈ।

ਇਹ ਵੀ ਪੜ੍ਹੋ –  ਬਿਹਾਰ ’ਚ ਉਦਘਾਟਨ ਤੋਂ ਪਹਿਲਾਂ ਹੀ ਡਿੱਗਿਆ ਪੁਲ! 12 ਕਰੋੜ ਗਏ ਪਾਣੀ ’ਚ, ਵੇਖੋ ਵੀਡੀਓ