Punjab

ਈਡੀ ਤੋਂ ਸਹਿਮੀ ਕਾਂਗਰਸ ਪਹੁੰਚੀ ਚੋਣ ਕਮਿਸ਼ਨ ਦੇ ਦਰਬਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਨੇ ਈਡੀ ਦੇ ਛਾਪਿਆਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਰੁਖ ਕੀਤਾ ਹੈ। ਕਾਂਗਰਸ ਨੇ ਪੰਜਾਬ ਵਿੱਚ ਈਡੀ ਦੀ ਰੇਡ ਦੇ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਿੱਤੀ ਹੈ। ਕਾਂਗਰਸ ਦੀ ਸ਼ਿਕਾਇਤ ‘ਤੇ ਆਨਲਾਈਨ ਸੁਣਵਾਈ ਹੋਈ ਹੈ। ਇਸ ਆਨਲਾਈਨ ਸੁਣਵਾਈ ਵਿੱਚ ਕਾਂਗਰਸ ਵੱਲੋਂ ਸਿੰਘਵੀ, ਸੁਰਜੇਵਾਲਾ ਅਤੇ ਹਰੀਸ਼ ਚੌਧਰੀ ਸ਼ਾਮਿਲ ਹੋਏ। ਕਾਂਗਰਸ ਵੱਲੋਂ ਈਡੀ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਕਾਂਗਰਸ ਨੇ ਦੋਸ਼ ਲਾਉਂਦਿਆਂ ਈਡੀ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਚੋਣ ਕਮਿਸ਼ਨ ਮਾਮਲੇ ਵਿੱਚ ਦਖਲ ਦੇ ਕੇ ਈਡੀ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰੇ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਚੰਨੀ ਦੇ ਭਤੀਜੇ ਸਮੇਤ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਕਰੀਬੀ ਬਨੇਗਾ ਕਲਾਂ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਸਮੇਤ ਹੋਰਨਾਂ ਖਿਲਾਫ ਵੀ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਈਡੀ ਨੇ ਨਜਾਇਜ਼ ਰੇਤ ਖਣਨ ਮਾਮਲੇ ਵਿੱਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਸਮੇਤ ਪੰਜਾਬ ਵਿੱਚ ਕਰੀਬ 10 ਹੋਰ ਥਾਂਵਾਂ ’ਤੇ ਵੀ ਛਾਪੇਮਾਰੀ ਕੀਤੀ ਸੀ।

ਹਾਲਾਂਕਿ, ਚੰਨੀ ਨੇ ਈਡੀ ਰੇਡ ‘ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਸੀ ਕਿ ਕਾਂਗਰਸ ਦੇ ਪਾਰਟੀ ਵਰਕਰਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਕਾਂਗਰਸ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਈਡੀ ਦੇ ਛਾਪਿਆਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਇਨ੍ਹਾਂ ਪਰੇਸ਼ਾਨੀਆਂ ਅਤੇ ਦਬਾਅ ਨੂੰ ਝੱਲਣ ਲਈ ਤਿਆਰ ਹਨ । ਉਨ੍ਹਾਂ ਕਿਹਾ ਸੀ ਕਿ ਈ ਡੀ ਵੱਲੋਂ ਮਾਰੇ ਜਾਂਦੇ ਛਾਪਿਆਂ ਕਾਰਨ ਪਾਰਟੀ ਆਪਣਾ ਚੋਣ ਪ੍ਰਚਾਰ ਬੰਦ ਨਹੀ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਿਨਾ ਕਿਸੇ ਸਬੂਤ ਦੇ ਈ ਡੀ ਵੱਲੋਂ ਛਾਪੇ ਮਾਰ ਕੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।