‘ਦ ਖ਼ਾਲਸ ਬਿਊਰੋ : ਸਾਬਕਾ ਕਾਂਗਰਸ ‘ਚ ਕੈਬਨਿਟ ਮੰਤਰੀ ਰਹੇ ਰਾਜ ਕੁਮਾਰ ਵੇਰਕਾ ਨੇ ਦਿਲ ਦੀ ਭੜਾਸ ਕੱਢਦੇ ਹੋਏ ਕਾਂਗਰਸ ਹਾਈਕਮਾਂਡ ਨੂੰ ਹੀ ਨਿਸ਼ਾਨੇ ‘ਤੇ ਲੈ ਲਿਆ। ਉਨ੍ਹਾਂ ਨੇ ਕਾਂਗਰਸ ਦੀ ਹਾਲਤ ਲਈ ਸਿੱਧਾ ਕਾਂਗਰਸ ਹਾਈਕਮਾਂਡ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ।
ਵੇਰਕਾ ਨੇ ਕਿਹਾ ਕਿ ਕਾਂਗਰਸ ਦੀ ਹੁਣ ਜੋ ਹਾਲਤ ਹੋਈ ਹੈ ਉਹ ਸਭ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਹੋਈ ਹੈ, ਜਿਸ ਲਈ ਹਾਈਕਮਾਂਡ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਚੱਲ ਰਹੇ ਕਲੇਸ਼ ਨੂੰ ਵੇਖ ਕੇ ਹਾਈਕਮਾਂਡ ਮੂਕ ਦਰਸ਼ਕ ਬਣ ਕੇ ਬੈਠੀ ਰਹੀ।
ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਦਿਨੋ-ਦਿਨ ਨੁਕਸਾਨ ਹੋ ਰਿਹਾ ਹੈ ਪਰੰਤੂ ਹਾਈਕਮਾਂਡ ਤਮਾਸ਼ਾ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਹੋਣਗੀਆਂ, ਕਿਤੇ ਅਜਿਹਾ ਨਾ ਹੋਵੇ ਕਿ ਹੋਰ ਵੀ ਲੋਕ ਕਾਂਗਰਸ ਛੱਡ ਕੇ ਚਲੇ ਜਾਣ।