Punjab

“ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਸਮਝਦੇ ਹਨ PM ਮੋਦੀ”,ਵਿਦੇਸ਼ੀ ਧਰਤੀ ਤੇ ਰਾਹੁਲ ਗਾਂਧੀ ਵਰੇ ਭਾਰਤ ਦੀ ਕੇਂਦਰ ਸਰਕਾਰ ਤੇ

ਇੰਗਲੈਂਡ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਏ ਹਨ। ਆਪਣੀ ਇੰਗਲੈਂਡ ਯਾਤਰਾ ਦੇ ਦੌਰਾਨ ਕੈਂਬਰਿਜ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ‘ਲਰਨਿੰਗ ਟੂ ਲਿਸਨਿੰਗ’ ਵਿਸ਼ੇ ‘ਤੇ ਲੈਕਚਰ ਦਿੰਦੇ ਹੋਏ ਕਾਂਗਰਸੀ ਆਗੂ ਨੇ ਭਾਰਤ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ । ਉਹਨਾਂ  ਦੀ ਵੀਡੀਓ ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤਰੋਦਾ ਨੇ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕੀਤੀ ਹੈ। ਇਸ ਵੀਡੀਓ ‘ਚ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ, ਭਾਰਤੀ ਲੋਕਤੰਤਰ, ਮੀਡੀਆ, ਨਿਆਂਪਾਲਿਕਾ ਵਰਗੇ ਕਈ ਮੁੱਦਿਆਂ ‘ਤੇ ਗੱਲ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਵਿੱਚ ਜਿਥੇ ਇਕ ਪਾਸੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਕੀਤੀ ਹੈ,ਉਥੇ ਜੰਮ ਕੇ ਆਲੋਚਨਾ ਵੀ ਕੀਤੀ ਹੈ ।

ਔਰਤਾਂ ਨੂੰ ਗੈਸ ਸਿਲੰਡਰ ਦੇਣਾ ਅਤੇ ਲੋਕਾਂ ਦੇ ਬੈਂਕ ਖਾਤੇ ਖੋਲ੍ਹਣਾ ਵਰਗੇ ਕੰਮਾਂ ਨੂੰ ਚੰਗੇ ਕਦਮ ਦੱਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਖਿਆਲ ਵਿਚ ਮੋਦੀ ਭਾਰਤ ਦੇ ਤਾਣੇ-ਬਾਣੇ ਨੂੰ ਤਬਾਹ ਕਰ ਰਹੇ ਹਨ। ਉਹ ਭਾਰਤ ‘ਤੇ ਅਜਿਹਾ ਵਿਚਾਰ ਥੋਪ ਰਹੇ ਹਨ, ਜਿਸ ਨੂੰ ਭਾਰਤ ਸਵੀਕਾਰ ਨਹੀਂ ਕਰ ਸਕਦਾ”।

ਜਦੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਭਾਰਤ ਦੇ ਹਿੱਤ ਵਾਲੀਆਂ ਚੰਗੀਆਂ ਨੀਤੀਆਂ ਬਾਰੇ ਦੱਸਣ ਲਈ ਕਿਹਾ ਗਿਆ ਤਾਂ ਉਹਨਾਂ ਕਿਹਾ, ”ਭਾਰਤ ਰਾਜਾਂ ਦਾ ਸੰਘ ਹੈ। ਭਾਰਤ ਵਿਚ ਧਾਰਮਿਕ ਵਿਭਿੰਨਤਾ ਹੈ। ਸਿੱਖ, ਮੁਸਲਮਾਨ, ਈਸਾਈ ਸਭ ਭਾਰਤ ਵਿਚ ਹਨ, ਪਰ ਮੋਦੀ ਉਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਹਨ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਜਦੋਂ ਤੁਹਾਡਾ ਵਿਰੋਧ ਇੰਨਾ ਬੁਨਿਆਦੀ ਹੋਵੇ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੀਆਂ ਦੋ, ਤਿੰਨ ਨੀਤੀਆਂ ਨਾਲ ਸਹਿਮਤ ਹੋ”।

ਇਸ ਤੋਂ ਇਲਾਵਾ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਮੀਡੀਆ ਅਤੇ ਨਿਆਂਪਾਲਿਕਾ ਕੰਟਰੋਲ ਵਿਚ ਹੈ। ਇਥੋਂ ਤੱਕ ਕਿ ਉਹਨਾਂ ਆਪਣੇ ਤੇ ਹੋਰ ਬਹੁਤ ਸਾਰੇ ਰਾਜਨੇਤਾਵਾਂ ਦੇ ਫੋਨਾਂ ਵਿਚ ਪੈਗਾਸਸ ਹੋਣ ਦੀ ਗੱਲ ਵੀ ਕਹੀ ਹੈ ਤੇ ਇਹ ਵੀ ਦੱਸਿਆ ਹੈ ਕਿ ਕਈ ਖੁਫੀਆ ਅਧਿਕਾਰੀਆਂ ਨੇ ਉਹਨਾਂ ਨੂੰ ਫੋਨ ‘ਤੇ ਗੱਲ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ ਫੋਨ ਰਿਕਾਰਡ ਹੋ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਕਰਵਾਏ ਗਏ ਹਨ, ਜਿਨ੍ਹਾਂ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ।