ਜਲੰਧਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪ ‘ਤੇ ਸਿੱਧੇ ਨਿਸ਼ਾਨੇ ਲਾਏ ਹਨ ਤੇ ਉਹਨਾਂ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਝੂਠ ਦੱਸਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਨੂੰ ਝੂਠ ਸਾਬਤ ਕਰਨ ਦਾ ਸਿੱਧੂ ਨੇ ਦਾਅਵਾ ਵੀ ਕੀਤਾ ਹੈ।
ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਹਨਾਂ ਨੂੰ ਵੋਟ ਪਾ ਕੇ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਵਿਦੇਸ਼ਾਂ ਨੂੰ ਪ੍ਰਵਾਸ ਕਰ ਗਏ ਬੱਚਿਆਂ ਬਾਰੇ ਸਿੱਧੂ ਨੇ ਕਿਹਾ ਹੈ ਕਿ ਪਹਿਲਾਂ ਮੁੱਖ ਮੰਤਰੀ ਮਾਨ ਆਪਣੇ ਬੱਚਿਆਂ ਨੂੰ ਵਾਪਸ ਬੁਲਾਵੇ ।ਨਸ਼ਿਆਂ ਸੰਬੰਧੀ,ਬੇਅਦਬੀ ਸੰਬੰਧੀ ਆਪ ਲੀਡਰਾਂ ਦੇ ਕੀਤੇ ਗਏ ਸਾਰੇ ਦਾਅਵੇ ਝੂਠੇ ਸਾਬਿਤ ਹੋਏ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੀ ਕਾਬੂ ਤੋਂ ਬਾਹਰ ਹੈ।
ਸਿੱਧੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਵੇਲੇ 3 ਸੈਂਕੜੇ ਰੇਤਾ 3700 ਨੂੰ ਮਿਲਦਾ ਸੀ ਪਰ ਆਪ ਦੇ ਪਹਿਲੇ ਸਾਲ ਵਿੱਚ 25000 ਦੀ ਟਰਾਲੀ ਵੀ ਵਿੱਕੀ ਹੈ। ਪੰਜਾਬ ਵਿੱਚ ਥਾਂ-ਥਾਂ ਤੇ ਲੱਗੇ ਧਰਨਿਆਂ ਦਾ ਵੀ ਜ਼ਿਕਰ ਸਿੱਧੂ ਨੇ ਕੀਤਾ ਹੈ।
ਅਖਬਾਰ ਟ੍ਰਿਬਿਊਨ ਵਿੱਚ ਲੱਗੀ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਪੰਜਾਬ ਵਿੱਚ ਸ਼ਰਾਬ ਨੂੰ 25 ਫੀਸਦੀ ਮਹਿੰਗੀ ਕੀਤੇ ਜਾਣ ‘ਤੇ ਇਤਰਾਜ਼ ਕੀਤਾ ਹੈ ਤੇ ਤੰਜ ਕਸਿਆ ਹੈ ਕਿ ਵਿਆਹ ਵਿੱਚ ਦਾਰੂ ਲੈਣ ਵਾਲਿਆਂ ਨੂੰ ਹੁਣ ਹੋਰ ਪੈਸੇ ਖ਼ਰਚਣੇ ਪੈਣਗੇ ਹਾਲਾਂਕਿ ਆਪ ਦੇ ਲੀਡਰ ਖੁੱਦ ਐਨੇ ਵਿਆਹ ਕਰਵਾਉਂਦੇ ਹਨ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਇਮਾਨਦਾਰ ਹਨ ਤਾਂ L1 ਦੀ ਸੂਚੀ ਨੂੰ ਜਾਰੀ ਕਰਨ।
ਇਸ ਤੋਂ ਇਲਾਵਾ ਧਨਾਢ ਲੋਕਾਂ ਦੀਆਂ ਬੱਸਾਂ ਦੇ ਲਾਇਸੈਂਸ ਆਮ ਲੋਕਾਂ ਨੂੰ ਦਿੱਤੇ ਜਾਣ ਦੇ ਕੀਤੇ ਵਾਅਦੇ ‘ਤੇ ਵੀ ਸਿੱਧੂ ਨੇ ਕਿਹਾ ਹੈ ਕਿ ਇਹ ਮਸਲਾ ਵੀ ਹਾਲੇ ਸੁਲਝਿਆ ਨਹੀਂ ਹੈ।
ਬਿਜਲੀ ਸੰਬੰਧੀ ਕੀਤੇ ਐਲਾਨਾਂ ‘ਤੇ ਸਿੱਧੂ ਨੇ ਆਪ ਨੂੰ ਘੇਰਿਆ ਹੈ ਤੇ ਦਾਅਵਾ ਕੀਤਾ ਕਿ ਸਰਕਾਰ ਨੇ ਇੱਕ ਸਾਲ ਵਿੱਚ ਪੰਜਾਬ ‘ਤੇ 25 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਪੀਐਸਪੀਸੀਐਲ ਨੂੰ ਸਰਕਾਰ ਨੇ ਬੈਂਕਾਂ ਤੋਂ ਗਿਰਵੀ ਰੱਖ ਦਿੱਤਾ, 20 ਹਜ਼ਾਰ ਕਰੋੜ ਰੁਪਏ ਦੀ ਕਰਜ਼ਾਈ ਪੀਐਸਪੀਸੀਐਲ, ਸਰਕਾਰ ਜੋ ਦਾਅਵਾ ਕਰ ਰਹੀ ਕਿ ਅਸੀਂ ਬਿਜਲੀ ਬੋਰਡ ਨੂੰ ਪੈਸੇ ਦੇ ਦਿੱਤੇ ,ਇਹ ਸਭ ਡਰਾਮਾ ਹੈ ,ਕਰਜ਼ਾ ਚੁੱਕ ਕੇ ਅਦਾਇਗੀ ਕੀਤੀ ਤਾਂ ਕੀ ਕੀਤੀ। ਉਹਨਾਂ ਵੀਆਈਪੀ ਕਲਚਰ ਦੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਪਹਿਲਾਂ ਕੀਤੇ ਵਾਅਦੇ ਦੇ ਉਲਟ ਹੁਣ ਮੁੱਖ ਮੰਤਰੀ ਤੇ ਇਸ ਦੇ ਵਿਧਾਇਕਾਂ ਕੋਲ 1200 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ।ਜਦੋਂ ਕਿ ਪਹਿਲਾਂ ਇਹ ਕੁਝ ਹੋਰ ਕਹਿੰਦੇ ਹੁੰਦੇ ਸੀ।
ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੀ ਗੱਲ ਕਰਦਿਆਂ ਸਿੱਧੂ ਨੇ ਇਲਜ਼ਾਮ ਲਾਇਆ ਕਿ ਗਰੀਬ ਕਿਸਾਨਾਂ ਤੋਂ ਜ਼ਮੀਨ ਛੁੱਡਾ ਕੇ ਕੇਬਲ ਮਾਫੀਆ ਨੂੰ 5 ਕਿੱਲੇ ਜ਼ਮੀਨ ਦੇਣ ਕੌਡੀਆਂ ਦੇ ਭਾਅ ਦਿੱਤੀ ਗਈ ਤੇ ਇਹ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਕੇਸ ਸੀ। ਉਹਨਾਂ ਕਿਹਾ ਕਿ ਇਹ ਰਿਪੋਰਟ ਉਹਨਾਂ ਦੀ ਸਰਕਾਰ ਵੇਲੇ ਤਿਆਰ ਕੀਤੀ ਹੋਈ ਸੀ ਤੇ ਉਹਨਾਂ ਨੇ ਆਪਣੇ ਮੁੱਖ ਮੰਤਰੀ ਤੱਕ ਨੂੰ ਕਹਿ ਦਿੱਤਾ ਸੀ ਕਿ ਇਸ ਵਿੱਚ ਕੁੱਝ 300 ਕਿੱਲੇ ਮੁੱਖ ਮੰਤਰੀ ਦੇ ਵੀ ਸੀ । ਉਹਨਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਇਸ ਕੇਸ ਵਿੱਚ ਸ਼ਾਮਲ ਵੱਡੇ ਧਨਾਢਾਂ ਤੇ ਲੀਡਰਾਂ ਨੂੰ ਹੱਥ ਪਾਉਣ।
ਸਿੱਧੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮੀਰ ਆਦਮੀ ਨੂੰ ਆਮਦਨ ਕਰ ਤੇ ਕਾਰਪੋਰੇਟ ਟੈਕਸ ਚ 19000 ਦੇ ਕਰੀਬ ਪ੍ਰਤੀ ਆਦਮੀ ਟੈਕਸ ਦੇਣਾ ਪੈ ਰਿਹਾ ਹੈ,ਜੋ ਕਿ ਸਿੱਧਾ ਜਾਂਦਾ ਹੈ ਪਰ ਅਸਿੱਧੇ ਤੌਰ ਤੇ ਲਏ ਜਾਂਦੇ ਟੈਕਸਾਂ ਵਿੱਚ ਇੱਕ ਸਾਲ 135.14 ਰੁਪਏ ਦਾ ਗਰੀਬ ਆਦਮੀ ਅਦਾ ਕਰਦਾ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ,ਐਕਸਾਈਜ ਪਾਲਿਸੀ ਵਿੱਚ 10 ਫੀਸਦੀ ਸਰਚਾਰਜ ਤੇ ਹੋਰ ਵੀ ਕਈ ਅਸਿੱਧੇ ਟੈਕਸ ਲੱਗੇ ਹਨ।
ਸਿੱਧੂ ਮੂਸੇ ਵਾਲੇ ਦੀ ਗੱਲ ਕਰਦਿਆਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਗੱਲ ਵੀ ਉਹਨਾਂ ਕੀਤੀ ਹੈ ਤੇ ਕਿਹਾ ਹੈ ਕਿ ਉਹ ਆਪਣੀ ਘਰਵਾਲੀ ਦੇ ਕੈਂਸਰ ਹੋ ਜਾਣ ‘ਤੇ ਵੀ ਬਿਨਾਂ ਕਿਸੇ ਸ਼ਿਕਾਇਤ ਦੇ ਪੰਜਾਬ ਲਈ ਲੜ ਰਹੇ ਹਨ। ਆਪਣੀ ਪਾਰਟੀ ਦੇ ਉਮੀਦਵਾਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਇਲਾਕੇ ਦੀ ਆਵਾਜ਼ ਸੰਸਦ ਵਿੱਚ ਚੁੱਕਣ ਲਈ ਇੱਕ ਦਮਦਾਰ ਆਵਾਜ਼ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਕਾਂਗਰਸੀ ਉਮੀਦਵਾਰ ਤੋਂ ਵੱਧ ਕੋ ਹੋਰ ਕੋਈ ਯੋਗ ਨਹੀਂ ਹੈ।
ਮੁੱਖ ਮੰਤਰੀ ਮਾਨ ਵਲੋਂ ਕੱਸੇ ਗਏ ਤੰਜ ਦਾ ਜਵਾਬ ਵੀ ਸਿੱਧੂ ਨੇ ਦਿੱਤਾ ਹੈ ਤੇ ਕਿਹਾ ਹੈ ਕਿ ਉਹਨਾਂ ਦੇ ਅਪਡੇਟ ਹੋਣ ਦਾ ਜੇਲ੍ਹ ਨਾਲ ਕੀ ਸੰਬੰਧ ਹੈ ? ਮਾਨ ਹੁਣ ਆ ਕੇ ਉਸ ਨੂੰ ਅਪਡੇਟ ਕਰ ਦੇਣ।
ਮੁੱਖ ਮੰਤਰੀ ਮਾਨ ਦੇ ਬੀਐਮਡਬਲਿਉ ਤੇ ਸਿੱਧੂ ਦੇ ਦੋਸ਼ੀਆਂ ਨੂੰ ਵਿਦੇਸ਼ਾਂ ਵਿੱਚ ਡਿਟੇਨ ਕੀਤੇ ਜਾਣ ਦੀ ਵੀ ਗੱਲ ਕਰਦਿਆਂ ਸਿੱਧੂ ਨੇ ਕਿਹਾ ਹੈ ਕਿ ਇਹਨਾਂ ਨੂੰ ਖੁੱਦ ਨੂੰ ਵੀ ਨਹੀਂ ਪਤਾ ਕਿ ਕੀ ਦਾਅਵੇ ਕਰੀ ਜਾ ਰਹੇ ਹਨ।ਇਹਨਾਂ ਨੇ ਐਨਾ ਕੰਮ ਨਹੀਂ ਕੀਤਾ ਹੈ ,ਜਿੰਨੇ ਇਹ ਉਹਰ ਮਸ਼ਹੂਰੀਆਂ ਲਈ ਖ਼ਰਚਾ ਕਰੀ ਜਾ ਰਹੇ ਹਨ,ਜੋ ਕਿ ਲੋਕਾਂ ਦੇ ਟੈਕਸ ਚੋਂ ਅਦਾ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਹੈ ,ਚਾਹੇ ਸਰਕਾਰ ਸਾਰੀ ਸੁਰੱਖਿਆ ਵਾਪਸ ਲੈ ਲਵੇ।
ਸਿੱਧੂ ਨੇ ਰਵਨੀਤ ਬਿੱਟੂ ਬਾਰੇ ਪੁੱਛੇ ਸਵਾਲ ‘ਤੇ ਟਾਲਾ ਵੱਟਿਆ ਪਰ ਮਜੀਠੀਆ ਬਾਰੇ ਪੁੱਛੇ ਸਵਾਲ ਤੇ ਬੋਲੇ ਕਿ ਇਸ ਵੇਲੇ ਨਾ ਮੈਂ ਸੱਤਾ ਵਿੱਚ ਹਾਂ,ਨਾਂ ਹੀ ਮਜੀਠੀਆ, ਜਿਸ ਦੀ ਇਸ ਵੇਲੇ ਸਰਕਾਰ ਹੈ,ਸਵਾਲ ਉਸ ਨੂੰ ਕੀਤੇ ਜਾਣੇ ਚਾਹੀਦੇ ਹਨ।
ਚੰਨੀ ਦੇ ਰੋਣ ਬਾਰੇ ਕੀਤੇ ਸਵਾਲ ‘ਤੇ ਸਿੱਧੂ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਦੇ ਬੰਦੇ ਨਾਲ ਇਸ ਤਰਾਂ ਨਹੀਂ ਹੋਣੀ ਚਾਹੀਦੀ। ਰੋਣ ਵਿੱਚ ਕੋਈ ਬੁਰਾਈ ਨਹੀਂ। ਮੈਂ ਸਾਰੀ ਪਾਰਟੀ ਨਾਲ ਖੜਾ ਹਾਂ ਤੇ ਕਿਸੇ ਨਾਲ ਕੋਈ ਗਿਲਾ ਨਹੀਂ।