ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ‘ਮੋਦੀ ਸਰਨੇਮ’ ਮਾਮਲੇ ਵਿੱਚ ਦੋ ਸਾਲ ਦੀ ਸਜ਼ੀ ਹੋਣ ਤੋਂ ਬਾਅਦ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ਵਿੱਚ ਅੱਜ ਯਾਨੀ ਐਤਵਾਰ ਨੂੰ ਕਾਂਗਰਸ ਵਲੋਂ ਦੇਸ਼ ਵਿਆਪੀ ਸੱਤਿਆਗ੍ਰਹਿ ਕੀਤਾ ਜਾ ਰਿਹਾ ਹੈ। ਸੱਤਿਆਗ੍ਰਹਿ ਵਿੱਚ ਸ਼ਾਮਿਲ ਹੋਣ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਕਈ ਸੀਨੀਅਰ ਆਗੂ ਰਾਜਘਾਟ,ਦਿੱਲੀ ਪਹੁੰਚੇ ਹਨ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਸ ਦੇਸ਼ ਦੇ ਲੋਕਤੰਤਰ ਨੂੰ ਮੇਰੇ ਪਰਿਵਾਰ ਨੇ ਖੂਨ ਨਾਲ ਸਿੰਜਿਆ ਹੈ। ਜੋ ਸੋਚਦੇ ਹਨ ਕਿ ਸਾਨੂੰ ਅਪਮਾਨਿਤ ਕਰਕੇ, ਏਜੰਸੀਆਂ ਦੇ ਛਾਪੇ ਮਰਵਾ ਕੇ ਸਾਨੂੰ ਡਰਾ ਦੇਣਗੇ, ਉਹ ਗਲਤ ਸੋਚਦੇ ਹਨ ਪਰ ਅਸੀਂ ਡਰਨ ਵਾਲੇ ਨਹੀਂ ਹਾਂ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਦੇਸ਼ ਦੀ ਜਨਤਾ ਲਈ ਲੜ ਰਹੇ ਹਨ, ਜਿਨ੍ਹਾਂ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ।
ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਹੱਕ ਵਿਚ ਰਾਜਘਾਟ ’ਤੇ ਸੰਕਲਪ ਸੱਤਿਆਗ੍ਰਹਿ ਸ਼ੁਰੂ ਕਰਨ ਤੋਂ ਬਾਅਦ ਦਿੱਲੀ ਪੁਲੀਸ ਨੇ ਰਾਜਘਾਟ ਲਾਗੇ ਧਾਰਾ 144 ਲਾ ਦਿੱਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਕਾਂਗਰਸ ਨੇ ਇਥੇ ਪ੍ਰਦਰਸ਼ਨ ਕਰਨ ਦੀ ਅਗਾਉਂ ਇਜਾਜ਼ਤ ਨਹੀਂ ਲਈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਬਿਆਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਦਿੱਤਾ ਸੀ ਪਰ ਕੇਸ ਗੁਜਰਾਤ ਵਿਚ ਤਬਦੀਲ ਕਰ ਦਿੱਤਾ ਗਿਆ। ਭਾਜਪਾ ਕੋਲ ਕਰਨਾਟਕ ’ਚ ਮਾਣਹਾਨੀ ਦਾ ਮਾਮਲਾ ਦਰਜ ਕਰਨ ਦੀ ਤਾਕਤ ਨਹੀਂ।
23 ਮਾਰਚ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਫ਼ੌਰੀ ਜ਼ਮਾਨਤ ਮਿਲ ਗਈ ਸੀ ਤੇ ਉਨ੍ਹਾਂ ਨੂੰ ਉੱਚ ਅਦਾਲਤ ਵਿੱਚ ਅਪੀਲ ਕਰਨ ਲਈ ਇੱਕ ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ 24 ਮਾਰਚ ਨੂੰ ਹੀ ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੰਦਿਆ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਇਸ ਘਟਨਾਕ੍ਰਮ ਤੋਂ ਬਾਅਦ ਸਿਆਸਤ ਗਰਮਾ ਗਈ ਸੀ, ਜੋ ਹਾਲੇ ਤੱਕ ਜਾਰੀ ਹੈ। ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਆਪਣੀ ਪਛਾਣ ਬਦਲਕੇ ‘ਡਿਸਕੁਆਲੀਫ਼ਾਈਡ ਐੱਮਪੀ’ ਯਾਨੀ ਅਯੋਗ ਮੈਂਬਰ ਪਾਰਲੀਮੈਂਟ ਲਿਖ ਦਿੱਤਾ ਹੈ। ਸ਼ਨੀਵਾਰ ਨੂੰ ਰਾਹੁਲ ਗਾਂਧੀ ਨੇ ਦਿੱਲੀ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਸਿਆਸੀ ਹਮਲਾ ਕੀਤਾ ਸੀ।