Punjab

ਅਕਾਲੀ ਦਲ ਦੇ ਸਾਬਕਾ ਵਿਧਾਇਕ ਆਪ ‘ਚ ਸ਼ਾਮਲ !

Akali dal ex mla jagbir brar join aap

ਬਿਊਰੋ ਰਿਪੋਰਟ : ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੀਜੇਪੀ ਦੀ ਹੱਥ ਫੜ ਲਿਆ ਤਾਂ ਉਨ੍ਹਾਂ ਦੇ ਕਰੀਬੀ ਅਤੇ ਰਿਸ਼ਤੇਦਾਰ ਜਗਬੀਰ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ । ਜਲੰਧਰ ਕੈਂਟ ਹਲਕੇ ਤੋਂ ਉਨ੍ਹਾਂ ਨੇ 3 ਵਾਰ ਚੋਣ ਲੜੀ ਪਰ 2 ਵਾਰ ਉਨ੍ਹਾਂ ਨੂੰ ਹਾਰ ਮਿਲੀ ਜਦਕਿ ਇੱਕ ਵਾਰ ਉਹ ਚੋਣ ਜਿੱਤੇ । 13 ਸਾਲਾਂ ਵਿੱਚ ਜਗਬੀਰ ਬਰਾੜ ਨੇ ਹੁਣ 5ਵੀਂ ਵਾਰ ਪਾਰਟੀ ਬਦਲੀ ਹੈ । ਜਲੰਧਰ ਲੋਕਸਭਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਜਗਬੀਰ ਸਿੰਘ ਬਰਾੜ ਨੇ ਅਕਾਲੀ ਦਲ ਨੂੰ ਅਲਵਿਦਾ ਕਹਿਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ।

ਜਗਬੀਰ ਸਿੰਘ ਬਰਾੜ ਦਾ ਕੈਂਟ ਹਲਕੇ ਵਿੱਚ ਰਸੂਕ

ਜਲੰਧਰ ਦੇ ਕੈਂਟ ਹਲਕੇ ਵਿੱਚ ਜਗਬੀਰ ਸਿੰਘ ਬਰਾੜ ਦਾ ਕਾਫੀ ਰਸੂਕ ਹੈ । 2007 ਵਿੱਚ ਉਨ੍ਹਾਂ ਨੇ ਅਕਾਲੀ ਦਲ ਦੀ ਟਿਕਟ ‘ਤੇ ਜਲੰਧਰ ਕੈਂਟ ਤੋਂ ਚੋਣ ਜਿੱਤੀ ਸੀ । 2012 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਜਗਬੀਰ ਬਰਾੜ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤੀ ਸੀ । ਬਰਾੜ 2012 ਵਿੱਚ ਜਲੰਧਰ ਕੈਂਟ ਹਲਕੇ ਤੋਂ ਮਨਪ੍ਰੀਤ ਬਾਦਲ ਦੀ PPP ਪਾਰਟੀ ਤੋਂ ਚੋਣ ਲੜੇ ਪਰ ਉਹ 6797 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੇ ਉਮੀਦਵਾਰ ਪਰਗਟ ਸਿੰਘ ਕੋਲੋ ਹਾਰ ਗਏ । ਇਹ ਦੂਜੀ ਵਾਰ ਸੀ ਜਦੋਂ ਉਨ੍ਹਾਂ ਨੇ ਪਾਰਟੀ ਬਦਲੀ । ਮਨਪ੍ਰੀਤ ਬਾਦਲ ਦੀ ਪਾਰਟੀ ਦਾ ਜਦੋਂ 2014 ਵਿੱਚ ਕਾਂਗਰਸ ਨਾਲ ਰਲੇਵਾ ਹੋਇਆ ਤਾਂ ਉਹ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ । ਯਾਨੀ 5 ਸਾਲਾਂ ਵਿੱਚ ਤੀਜੀ ਵਾਰ ਬਰਾੜ ਨੇ ਪਾਰਟੀ ਬਦਲੀ । ਜਗਬੀਰ ਬਰਾੜ 2017 ਵਿੱਚ ਜਲੰਧਰ ਕੈਂਟ ਤੋਂ ਕਾਂਗਰਸ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ ਅਤੇ ਕੈਪਟਨ ਦੇ ਕਰੀਬੀ ਵੀ ਸੀ । ਪਰ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਨਵਜੋਤ ਸਿੰਘ ਨੇ ਪਰਗਟ ਸਿੰਘ ਨੂੰ ਆਪਣੇ ਨਾਲ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਅਤੇ ਸ਼ਰਤ ਰੱਖੀ ਕਿ ਪਾਰਟੀ ਜਲੰਧਰ ਕੈਂਟ ਤੋਂ ਪਰਗਟ ਸਿੰਘ ਨੂੰ ਹੀ ਟਿਕਟ ਦੇਵੇਗੀ । ਸਿੱਧੂ ਦੇ ਦਬਾਅ ਹੇਠ ਜਗਬੀਰ ਬਰਾੜ ਦੀ ਜਲੰਧਰ ਕੈਂਟ ਤੋਂ ਟਿਕਟ ਕੱਟ ਗਈ ਅਤੇ ਉਨ੍ਹਾਂ ਨੂੰ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਨਕੋਦਰ ਹਲਕੇ ਤੋਂ ਟਿਕਟ ਦਿੱਤੀ ਗਈ, ਪਰ ਬਰਾੜ ਚੋਣ ਨਹੀਂ ਜਿੱਤ ਸਕੇ ।

ਕਾਂਗਰਸ ਵਿੱਚ ਜਗਬੀਰ ਬਰਾੜ ਨੂੰ ਜ਼ਿਆਦਾ ਤਵਜੋ ਨਹੀਂ ਮਿਲ ਰਹੀ ਸੀ ਫਿਰ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਅਕਾਲੀ ਦਲ ਦਾ ਰੁੱਖ ਕੀਤਾ ਅਤੇ 2022 ਦੀਆਂ ਚੋਣ ਜਲੰਧਰ ਕੈਂਟ ਤੋਂ ਅਕਾਲੀ ਦਲ ਦੀ ਟਿਕਟ ‘ਤੇ ਲੜੀ ਪਰ ਉਹ ਹਾਰ ਗਏ । ਇਹ ਚੌਥਾ ਮੌਕਾ ਸੀ ਜਦੋਂ ਉਨ੍ਹਾਂ ਨੇ ਪਾਰਟੀ ਬਦਲੀ । ਇਸ ਤੋਂ ਬਾਅਦ ਹੁਣ ਪੰਜਵੀਂ ਵਾਰ ਜਗਬੀਰ ਬਰਾੜ ਨੇ ਪਾਲਾ ਬਦਲਿਆ ਹੈ ਅਤੇ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ । ਉਨ੍ਹਾਂ ਨੂੰ ਆਮ ਆਦਮੀ ਪਾਰਟੀ ਉਮੀਦਵਾਰ ਨਹੀਂ ਬਣਾ ਸਕਦੀ ਹੈ ਕਿਉਂਕਿ ਇਹ ਰਿਜ਼ਰਵ ਸੀਟ ਹੈ । ਪਰ ਜਿਸ ਰਫ਼ਤਾਰ ਨਾਲ ਜਗਬੀਰ ਬਰਾੜ ਨੇ ਪਾਰਟੀਆਂ ਬਦਲਿਆਂ ਹਨ ਉਸ ਨੇ ਉਨ੍ਹਾਂ ਦੇ ਸਿਆਸਤ ਜੀਵਨ ਨੂੰ ਨੁਕਸਾਨ ਹੀ ਪਹੁੰਚਾਇਆ ਹੈ ਫਾਇਦਾ ਨਹੀਂ । 2012 ਤੋਂ ਬਾਅਦ ਉਹ ਸੱਤਾ ਤੋਂ ਬਾਹਰ ਹਨ । ਲਗਾਤਾਰ ਤਿੰਨ ਵਾਰ ਚੋਣ ਹਾਰ ਚੁੱਕੇ ਹਨ । ਹਾਲਾਂਕਿ ਇਸ ਦੇ ਬਾਵਜੂਦ ਜਲੰਧਰ ਕੈਂਟ ਵਿੱਚ ਉਹ ਸਰਗਰਮ ਹਨ ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਜਲੰਧਰ ਲੋਕਸਭਾ ਵਿੱਚ 9 ਵਿਧਾਨਸਭਾ ਹਲਕੇ ਆਉਂਦੇ ਹਨ । 4 ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਜਦਕਿ 5 ‘ਤੇ ਕਾਂਗਰਸ ।