India

ਚੰਡੀਗੜ੍ਹ ‘ਚ ਪਟਾਕਿਆਂ ‘ਤੇ ਲੱਗੀ ਪੂਰਨ ਪਾਬੰਦੀ, ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਹੁਕਮ ਜਾਰੀ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਯੂਟੀ ਪ੍ਰਸ਼ਾਸਨ ਵੱਲੋਂ ਦੀਵਾਲੀ ਮੌਕੇ ਸ਼ਹਿਰ ਵਿੱਚ ਪਟਾਕੇ ਤੇ ਆਤਿਸ਼ਬਾਜ਼ੀ ਵੇਚਣ ਤੇ ਚਲਾਉਣ ’ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਲਈ ਲਾਇਸੈਂਸ ਜਾਰੀ ਕਰਨ ਵਾਸਤੇ ਵਸੂਲੀ ਗਈ ਫੀਸ ਵਪਾਰੀਆਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਦੀ ਸਮੀਖਿਆ ਬੈਠਕ ਦੀ ਅਗਵਾਈ ਕਰਦਿਆਂ ਕੀਤੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਕ ਨੇ ਕੋਰੋਨਾਵਾਇਰਸ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਦੀਵਾਲੀ ਦੇ ਜਸ਼ਨਾਂ ਦੌਰਾਨ ਸਾਵਧਾਨੀ ਵਰਤਣ ਅਤੇ ਕੋਵਿਡ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ, ਤਾਂ ਜੋ ਕਰੋਨਾਵਾਇਰਸ ਦੇ ਕੇਸਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ।

ਪ੍ਰਸ਼ਾਸਕ ਨੇ PGI ਤੇ ਹੋਰਨਾਂ ਸਿਹਤ ਸੰਸਥਾਵਾਂ ਨੂੰ ਦੀਵਾਲੀ ਤੋਂ ਬਾਅਦ ਪੂਰੀ ਤਰ੍ਹਾਂ ਓਪੀਡੀ ਸੇਵਾ ਬਹਾਲ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਕਰ ਕੇ ਵੱਧ ਰਹੇ ਹਵਾ ਪ੍ਰਦੂਸ਼ਣ ਨਾਲ ਕੋਰੋਨਾਵਾਇਰਸ ਦੇ ਕੇਸ ਮੁੜ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਬਦਨੌਰ ਨੇ ਕੋਰੋਨਾਵਾਇਰਸ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਸਿਹਤ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ, ਕਿ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ। ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਜਦਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ 25 ਹਜ਼ਾਰ ਤੋਂ ਵੱਧ ਲੋਕਾਂ ਦੇ ਚਾਲਾਨ ਕੀਤੇ ਗਏ ਹਨ।

ਕਰੋਨਾਵਾਇਰਸ ਦੇ ਕੇਸਾਂ ਦੇ ਖਾਤਮੇ ਲਈ ਯੂਟੀ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ’ਤੇ ਕੋਰੋਨਾਵਾਇਰਸ ਦੀ ਜਾਂਚ ਲਈ ਟੈਸਟ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਅੱਜ 10 ਨਵੰਬਰ ਨੂੰ ਸਰਕਾਰੀ ਮਾਡਲ ਸਕੂਲ ਕਿਸ਼ਨਗੜ੍ਹ, ਰਾਮ ਦਰਬਾਰ ਮਾਰਕੀਟ, ਸੀਡੀ ਸੈਕਟਰ-50, ਸੀਡੀ ਸੈਕਟਰ-26 ਤੇ ਪੁਲੀਸ ਹਸਪਤਾਲ ਸੈਕਟਰ-26 ’ਚ ਕੋਰੋਨਾਵਾਇਰਸ ਦੇ ਟੈਸਟ ਕੀਤੇ ਜਾਣਗੇ।

ਤਿਉਹਾਰਾਂ ਵਿੱਚ ਕੇਸ ਵਧਣ ਦਾ ਖ਼ਦਸ਼ਾ

ਚੰਡੀਗੜ੍ਹ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਕੋਵਿਡ-19 ਦੇ ਕੇਸਾਂ ਦੀ ਲਗਾਤਾਰ ਵੱਧ ਰਹੀ ਗਿਣਤੀ ’ਤੇ PGI ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਅਤੇ ਸਰਦੀਆਂ ਵਿੱਚ ਵਧਣ ਵਾਲੇ ਵਾਇਰਲ ਦੇ ਵਿਸ਼ਾਣੂਆਂ ਕਾਰਨ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਕਾਰਨ ਲੋਕਾਂ ਵਿੱਚ ਚੌਕਸੀ ਕਾਫ਼ੀ ਘੱਟ ਗਈ ਹੈ। ਅਜਿਹੇ ਹਾਲਾਤ ਵਿੱਚ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਨਿਯਮਾਂ ਦੀ ਪਾਲਣਾ ਕਰਨਾ ਨਾ ਭੁੱਲਣ।