ਪਟਿਆਲਾ : ਮਾਨ ਸਰਕਾਰ ਦੀਆਂ ਪਿਛਲੇ ਇੱਕ ਸਾਲ ਦੀਆਂ ਪ੍ਰਾਪਤੀਆਂ ਨੂੰ ਗਿਣਵਾਉਂਦੇ ਹੋਏ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਸਿਹਤ ਸੰਬੰਧ ਵਿੱਚ ਚੁੱਕੇ ਹੋਏ ਕਦਮਾਂ ਦੇ ਤਹਿਤ ਪਹਿਲਾਂ ਮੁਹੱਲਾ ਕਲੀਨਿਕ ਬਣਾਏ ਗਏ ਤੇ ਉਹਨਾਂ ਦੇ ਦਰਵਾਜੇ ਤੇ ਹੁਣ ਉਹਨਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਹਨ।ਇਸ ਤੋਂ ਇਲਾਵਾ ਹੁਣ ਪੰਜਾਬ ਸਰਕਾਰ ਵੱਲੋਂ ਸੀਐਮ ਦੀ ਯੋਗਸ਼ਾਲਾ ਯੋਜਨਾ ਦੇ ਤਹਿਤ ਸ਼ਹਿਰਾਂ ਤੇ ਪਿੰਡਾਂ ਵਿੱਚ ਮੁਹੱਲਿਆਂ ਤੇ ਕਾਲੋਨੀਆਂ ਵਿੱਚ ਲੋਕਾਂ ਦੀ ਮਰਜ਼ੀ ਦੀ ਜਗਾ ‘ਤੇ ਯੋਗਾ ਕਰਵਾਇਆ ਜਾਵੇਗਾ।
ਡਾ.ਬਲਬੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਅੰਮ੍ਰਿਤਸਰ,ਲੁਧਿਆਣਾ,ਫਗਵਾੜਾ ਤੇ ਪਟਿਆਲਾ ਵਿੱਚ ਇਹ ਸਕੀਮ ਲਾਗੂ ਕੀਤੀ ਜਾ ਰਹੀ ਹੈ ਪਰ ਇਸ ਮਗਰੋਂ ਇਸ ਦਾ ਪੂਰੇ ਪੰਜਾਬ ਵਿੱਚ ਵਿਸਤਾਰ ਕੀਤਾ ਜਾਵੇਗਾ। ਇਸ ਵਾਸਤੇ ਇੱਕ ਹੈਲਪਲਾਈਨ ਨੰਬਰ 7669400500 ਵੀ ਜਾਰੀ ਕੀਤਾ ਗਿਆ ਹੈ। ਜਿਸੇ ਇਲਾਕੇ ਵਿੱਚ ਵੀ ਯੋਗਾ ਅਧਿਆਪਕ ਦੀ ਲੋੜ ਹੋਵੇਗੀ,ਉਹ ਇਸ ਨੰਬਰ ਤੇ ਮਿਸ ਕਾਲ ਕਰ ਸਕਦੇ ਹਨ,ਜਿਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਯੋਗਾ ਟਰੇਨਰ ਉਪਲਬੱਧ ਕਰਵਾਏਗੀ।ਯੋਗ ਸ਼ਾਲਾ ਦੇ ਦੌਰਾਨ ਅਲੱਗ-ਅਲੱਗ ਬੀਮਾਰੀਆਂ ਦੇ ਇਲਾਜ ਲਈ ਸਲਾਹ ਵੀ ਦਿੱਤੀ ਜਾਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਅਲੱਗ-ਅਲੱਗ ਯੂਨੀਵਰਸਿਟੀਆਂ ਵਿੱਚ ਯੋਗ ਸੰਬੰਧੀ ਕੋਰਸ ਵੀ ਕਰਵਾਏ ਜਾ ਰਹੇ ਹਨ। ਗੰਭੀਰ ਬੀਮਾਰੀਆਂ ਦੇ ਇਲਾਜ਼ ਤੇ ਖਰਚਾ ਕਰਨ ਨਾਲੋਂ ਚੰਗਾ ਹੈ ਕਿ ਪਹਿਲਾਂ ਹੀ ਸ਼ਰੀਰ ਨੂੰ ਸਾਂਭਿਆ ਜਾਵੇ ਤੇ ਯੋਗਾ ਤੇ ਮੈਡੀਟੇਸ਼ਨ ਵਰਗੀਆਂ ਤਕਨੀਕਾਂ ਨੂੰ ਅਪਨਾਇਆ ਜਾਵੇ।
ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀ ਅਪੀਲ ਕਰਦਿਆਂ ਸਿਹਤ ਮੰਤਰੀ ਨੇ ਸਾਰਿਆਂ ਨੂੰ ਮੁਫਤ ਵਿੱਚ ਮਿਲ ਰਹੀ ਇਸ ਸਹੂਲਤ ਦਾ ਲਾਭ ਲੈਣ ਲਈ ਕਿਹਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ੁਰੂਆਤ ਕੱਲ ਪਟਿਆਲਾ ਤੋਂ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਦਾ ਉਦਘਾਟਨ ਕਰਨਗੇ।