‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਫਤਾਵਾਰੀ ਲਾਈਵ ਦੌਰਾਨ ਪੰਜਾਬ ਵਿੱਚ ਡੀਜ਼ਲ-ਪੈਟਰੋਲ ਸਸਤਾ ਕਰਨ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੇ ਰੇਟ ਸਸਤੇ ਨਹੀਂ ਕੀਤੇ ਜਾ ਸਕਦੇ। ਪੰਜਾਬ ਵਿੱਚ ਪਹਿਲਾਂ ਹੀ ਦਿੱਲੀ ਨਾਲੋਂ ਪੈਟਰੋਲ-ਡੀਜ਼ਲ ‘ਤੇ ਲੱਗਣ ਵਾਲਾ ਵੈਟ ਘੱਟ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਡੀਜ਼ਲ ‘ਤੇ ਵੈਟ 16.75 ਫੀਸਦੀ ਹੈ, ਜਦਕਿ ਪੰਜਾਬ ਵਿੱਚ 15.98 ਫੀਸਦੀ ਹੈ ਅਤੇ ਦਿੱਲੀ ਵਿੱਚ ਪੈਟਰੋਲ ‘ਤੇ ਵੈਟ 30 ਫੀਸਦੀ ਹੈ, ਜਦਕਿ ਪੰਜਾਬ ਵਿੱਚ 26.43 ਫੀਸਦੀ ਹੈ। ਕੈਪਟਨ ਨੇ ਕਿਹਾ ਕਿ ਵਿੱਤੀ ਸੰਕਟ ਕਾਰਨ ਵੈਟ ਹੋਰ ਘਟਾਉਣਾ ਸੰਭਵ ਨਹੀਂ ਹੈ। ਇਸ ਲਈ ਪੈਟਰੋਲ ਤੇ ਡੀਜ਼ਲ ਦੇ ਭਾਅ ਇਸ ਤੋਂ ਘੱਟ ਨਹੀਂ ਸਕਦੇ।