India Punjab

CM ਮਾਨ ਨੇ ਵੇਖੀ ਫਿਲਮ ਲਾਲ ਸਿੰਘ ਚੱਢਾ,ਕਿਹਾ ਨਫਰਤੀਆਂ ਨੂੰ ਦਿੰਦੀ ਹੈ ਕਰਾਰਾ ਜਵਾਬ

11 ਅਗਸਤ ਨੂੰ ਫਿਲਮ ਲਾਲ ਸਿੰਘ ਭਾਰਤ ਸਮੇਤ ਪੂਰੀ ਦਨੀਆ ਵਿੱਚ ਰਿਲੀਜ਼ ਹੋਈ

ਦ ਖ਼ਾਲਸ ਬਿਊਰੋ : 11 ਅਗਸਤ ਨੂੰ ਵਿਵਾਦਾਂ ਦੇ ਵਿਚਾਲੇ ਰਿਲੀਜ ਫਿਲਮ ਲਾਲ ਸਿੰਘ ਚੱਢਾ ਬਾਕਸ ਆਫਿਸ ‘ਤੇ ਜ਼ਿਆਦਾ ਕਮਾਲ ਨਹੀਂ ਕਰ ਪਾ ਰਹੀ ਹੈ। ਇਸ ਦੇ ਪਿੱਛੇ ਕੁਝ ਲੋਕਾਂ ਵੱਲੋਂ ਆਮਿਰ ਖ਼ਾਨ ਖਿਲਾਫ਼ ਚਲਾਈ ਗਈ Boycott ਦੀ ਮੁਹਿੰਮ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਕਾਰਨ ਇਹ ਫਿਲਹਾਲ ਸਾਫ ਨਹੀਂ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸੰਧਵਾਂ ਨੂੰ ਫਿਲਮ ਬਹੁਤ ਪਸੰਦ ਆਈ ਹੈ। ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ‘ਅੱਜ ਲਾਲ ਸਿੰਘ ਚੱਢਾ ਫਿਲਮ ਵੇਖਣ ਦਾ ਮੌਕਾ ਮਿਲਿਆ, ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫਰਤਾਂ ਦੇ ਬੀਜ ਕੋਮਲ ਦਿਲਾਂ ਵਿੱਚ ਨਾਂ ਉਂਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ, ਆਮਿਰ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ’, ਇਸੇ ਤਰ੍ਹਾਂ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਫਿਲਮ ਦੀ ਜਮਕੇ ਤਾਰੀਫ਼ ਕੀਤੀ।

ਸਪੀਕਰ ਕੁਲਤਾਰ ਸੰਧਵਾਂ ਦਾ ਬਿਆਨ

ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਆਪਣੇ ਸਾਥੀਆਂ ਨਾਲ ਫਿਲਮ ਵੇਖਣ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ‘ਚਰਚਿਤ ਫਿਲਮ ‘ਲਾਲ ਸਿੰਘ ਚੱਢਾ’ ਦੇਖ ਕੇ ਮਹਿਸੂਸ ਹੋਇਆ ਕਿ ਨਿਰਮਲ, ਨਿਰਛਲ,ਭੋਲੇ ਭਾਲੇ ਮਨੁੱਖ ਦੀ ਮਦਦ ਕੁਦਰਤ ਆਪ ਕਰਦੀ ਹੈ। ਧਰਮ ਇੱਕ ਚੰਗੀ ਜੀਵਨ ਜਾਂਚ ਹੈ, ਪਰ ਜਦੋਂ ਕੁਝ ਗਲਤ ਲੋਕ ਧਰਮ ਨੂੰ ਨਫਰਤ ਫੈਲਾਉਣ ਲਈ ਵਰਤਦੇ ਨੇ ਤਾਂ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਸਾਨੂੰ ਇਸ ਨਫਰਤ ਦੇ ਮਲੇਰੀਏ ਤੋਂ ਬਚਣਾ ਚਾਹੀਦਾ ਹੈ।

ਆਮਿਰ ਖਾਨ ਨੇ ਘਰ ‘ਤੇ ਤਿਰੰਗਾ ਫਹਿਰਾਇਆ

ਆਮਿਰ ਖ਼ਾਨ ਦਾ ਬਾਇਕਾਟ ਕਰਨ ਵਾਲੇ ਇਲਜ਼ਾਮ ਲੱਗਾ ਰਹੇ ਸਨ ਕਿ ਉਨ੍ਹਾਂ ਨੇ ਆਪਣੀ ਪੁਰਾਣੀ ਫਿਲਮ PK ਵਿੱਚ ਹਿੰਦੂ ਦੇਵੀ ਦੇਵਤਾਵਾਂ ਦਾ ਮਜ਼ਾਕ ਉਡਾਇਆ ਹੈ। ਇਸ ਦੇ ਨਾਲ ਉਨ੍ਹਾਂ ਵੱਲੋਂ ਆਮਿਰ ਖਾਨ ਦੀ ਫਿਲਮ ਦੇ ਬਾਇਕਾਟ ਕਰਨ ਦੇ ਪਿੱਛੇ ਉਨ੍ਹਾਂ ਦੇ ਪੁਰਾਣੇ ਬਿਆਨ ਨੂੰ ਅਧਾਰ ਬਣਾਇਆ ਸੀ ਜਿਸ ਵਿੱਚ ਆਮਿਰ ਨੇ ਕਿਹਾ ਸੀ ਕਿ ਮੌਜੂਦਾ ਹਾਲਾਤਾਂ ਨੂੰ ਵੇਖ ਦੇ ਹੋਏ ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ‘ਤੇ ਡਰ ਲੱਗ ਦਾ ਹੈ। ਹਾਲਾਂਕਿ ਆਮਿਰ ਖਾਨ ਨੇ ਵਾਰ-ਵਾਰ ਕਿਹਾ ਕਿ ਉਹ ਆਪਣੇ ਮੁਲਕ ਨਾਲ ਬਹੁਤ ਪਿਆਰ ਕਰਦੇ ਹਨ ਕੁਝ ਲੋਕ ਉਨ੍ਹਾਂ ਨੂੰ ਗਲਤ ਸਮਝ ਰਹੇ ਹਨ। ਉਨ੍ਹਾਂ ਨੇ ਅਜ਼ਾਦੀ ਦਿਹਾੜੇ ਮੌਕੇ ਭਾਰਤ ਸਰਕਾਰ ਦੀ ਹਰ ਘਰ ਤਿਰੰਗਾ ਮੁਹਿੰਮ ਦੀ ਹਿਮਾਇਤ ਕਰਦੇ ਹੋਏ ਆਪਣੇ ਘਰ ‘ਤੇ ਝੰਡਾ ਵੀ ਲਗਾਇਆ।

ਲਾਲ ਸਿੰਘ ਚੱਢਾ ਲਈ ਆਮਿਰ ਦੀ ਫੀਸ

ਫਿਲਮ ਲਾਲ ਸਿੰਘ ਚੱਢਾ ਦੇ ਲਈ ਆਮਿਰ ਖਾਨ ਨੇ 50 ਕਰੋੜ ਰੁਪਏ ਆਪਣੀ ਫੀਸ ਲਈ ਸੀ, 11 ਤਰੀਕ ਨੂੰ ਰੱਖੜੀ ਵਾਲੇ ਦਿਨ ਫਿਲਮ ਨੇ ਸਿਰਫ਼ 12 ਕਰੋੜ ਦੀ ਕਮਾਈ ਕੀਤੀ, ਇਹ ਆਮਿਰ ਦੀ ਪਿਛਲੇ 15 ਸਾਲ ਦੀਆਂ ਰਿਲੀਜ਼ ਫਿਲਮਾਂ ਵਿੱਚੋਂ ਸਭ ਤੋਂ ਘੱਟ ਕਮਾਈ ਸੀ।

ਇਸ ਤੋਂ ਬਾਅਦ ਦੂਜੇ ਦਿਨ 12 ਅਗਸਤ ਨੂੰ ਫਿਲਮ ਨੇ ਸਿਰਫ਼ 8 ਕਰੋੜ ਹੀ ਕਮਾਏ, ਆਮਿਰ ਖ਼ਾਨ ਨੇ ਲੋਕਾਂ ਦੇ ਫੈਸਲੇ ਸਾਹਮਣੇ ਹੱਥ ਜੋੜ ਦੇ ਹੋਏ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਫਿਲਮ ਦੌਰਾਨ ਕੋਈ ਅਜਿਹੀ ਗਲਤੀ ਕੀਤੀ ਹੋਵੇ ਜੋ ਦਰਸ਼ਕਾਂ ਨੂੰ ਪਸੰਦ ਨਾ ਆਈ ਹੋਵੇ ।