‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ ਬੇਮੌਸਮੇ ਮੀਂਹ ਤੇ ਗੜ੍ਹਿਆਂ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਮੋਗਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਖਾਈ ਵਿਚ ਜਾਇਜ਼ਾ ਲਿਆ। ਉਹ ਮਾਨਸਾ, ਬਠਿੰਡਾ, ਪਟਿਆਲਾ, ਮੁਕਤਸਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਵੀ ਦੌਰਾ ਕਰਨਗੇ। ਉਹ ਹੈਲੀਕਾਪਟਰ ਰਾਹੀਂ ਸਭ ਤੋਂ ਪਹਿਲਾਂ ਇਥੇ ਪੁੱਜੇ। ਉਨ੍ਹਾਂ ਨੁਕਸਾਨੀ ਕਣਕ ਦੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰਦਿਆਂ ਦੱਸਿਆ ਕਿ ਸੱਤ ਦਿਨ ਅੰਦਰ ਅੰਦਰ ਵਿਸ਼ੇਸ਼ ਗਿਰਦਾਵਰੀ ਮੁਕੰਮਲ ਕਰਕੇ 5 ਅਪਰੈਲ ਤੱਕ ਕਿਸਾਨਾ ਨੂੰ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਕਈ ਦਿਨ ਤੱਕ ਰੁਕ ਰੁਕ ਪਏ ਮੀਂਹ ਕਾਰਨ ਤਿਆਰ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ, ਜਿਸ ਕਰਕੇ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕਣਕ ਤੋਂ ਇਲਾਵਾ ਮੀਂਹ ਨਾਲ ਢਹਿ ਢੇਰੀ ਹੋਏ ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਦੀ ਰਿਪੋਰਟ ਹਾਸਲ ਕਰਕੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਦੂਜੇ ਪਾਸੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਅੱਜ ਹਲਕਾ ਜੰਡਿਆਲਾ ਗੁਰੂ ‘ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਥੇ ਬੇਮੌਸਮੀ ਬਰਸਾਤ ਨਾਲ ਫ਼ਸਲਾਂ ਜ਼ਮੀਨ ਉਤੇ ਵਿੱਛ ਗਈਆਂ ਹਨ। ਇਸ ਮੌਕੇ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇੱਕ ਹਫ਼ਤੇ ਵਿੱਚ ਗਿਰਦਾਵਰੀ ਪੂਰੀ ਹੋਵੇਗੀ। ਖਰਾਬ ਹੋਈ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਜਲਦ ਜਾਰੀ ਕਰ ਦਿੱਤਾ ਜਾਵੇਗਾ।