ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡ ਸਿੰਬਲੀ ਵਿਖੇ ਛੋਟੀ ਵੇਈਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨਾਲ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਅਰੋੜੀ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਾਤਾਵਰਨ ਬਾਰੇ ਕੋਈ ਧਿਆਨ ਨਹੀਂ ਦਿੱਤਾ, ਸਿਰਫ਼ ਗੱਲਾਂ ਹੀ ਕੀਤੀਆਂ ਹਨ।
ਮਾਨ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਗੁਰੂ ਸਹਿਬਾਨ ਜੀ ਨੇ ਕਿਹਾ ਸੀ ਕਿ ਪਵਨ ਸਾਡਾ ਗੁਰੂ ਹੈ, ਪਾਣੀ ਪਿਤਾ , ਧਰਤੀ ਮਾਤਾ ਹੈ। ਮਾਨ ਨੇ ਕਿਹਾ ਕਿ ਸਾਨੂੰ ਉਪਦੇਸ਼ ਦਿੱਤਾ ਗਿਆ ਸੀ ਇਨ੍ਹਾਂ ਤਿੰਨ ਦਰਜਿਆਂ ਨੂੰ ਕਾਇਮ ਰੱਖਿਆ ਜਾਵੇ ਪਰ ਬਦਕਿਸਮਤੀ ਨਾਲ ਅਸੀਂ ਇਹ ਤਿੰਨੋ ਦਰਜੇ ਕਾਇਮ ਨਹੀਂ ਰੱਖ ਸਕੇ।
ਆਪਣੀ ਸਰਕਾਰ ਦੇ ਗੁਣ ਗਾਉਂਦਿਆਂ ਮਾਨ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਆਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਬਣੀ ਤਾਂ ਸਭ ਤੋਂ ਪਹਿਲਾਂ ਸਰਕਾਰ ਨੇ ਇਹ ਫੈਸਲਾ ਲਿਆ ਕਿ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਕੀਤਾ ਜਾਵੇ। ਮਾਨ ਨੇ ਕਿਹਾ ਕਿ ਪੁਰਾਣੀ ਕਿਸੇ ਵੀ ਸਰਕਾਰ ਦੇ ਮੈਨੀਫੈਸਟੋ ਵਿੱਚ ਵਾਤਾਵਰਨ ਦੀ ਗੱਲ ਨਹੀਂ ਕੀਤੀ ਗਈ ਪਰ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੌਸਟੋ ਵਿੱਚ ਵਾਤਾਵਰਨ ਰੱਖਿਆ ਸੀ।
ਮਾਨ ਨੇ ਕਿਹਾ ਕਿ ਤਤਕਾਲੀ ਸਰਕਾਰਾਂ ਦੇ ਮੈਨੀਫੈਸਟੋ ਵਿੱਚ ਸਿਰਫ਼ ਨਫ਼ਰਤ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਕੋਈ ਵੀ ਲੀਡਲ ਹਵਾ ,ਪਾਣੀ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਦੀ ਗੱਲ ਨਹੀਂ ਕਰਦਾ ,ਉਹ ਸਿਰਫ਼ ਵੋਟਾਂ ਦੇ ਭੁੱਖੇ ਸਨ। ਇਸ ਦੌਰਾਨ ਉਨ੍ਹਾਂ MP ਹਰਸਿਮਰਤ ਕੌਰ ਬਾਦਲ ਉਤੇ ਵੀ ਤੰਜ ਕੱਸਿਆ ਅਤੇ ਕਿਹਾ ਕਿ ‘ਗਰੀਬਾਂ ਘਰ ਇੰਨੇ ਦਾਣੇ ਨਹੀਂ ਜਿੰਨਾ ਇਨ੍ਹਾਂ ਕੋਲ ਸੋਨਾ ਹੈ
ਮਾਨ ਨੇ ਕਿਹਾ ਕਿ ਸਾਡਾ ਪੰਜਾਬ ਸਿਰਫ਼ ਨਾਂ ਦਾ ਪੰਜ ਦਰਿਆਵਾਂ ਦੀ ਧਰਤੀ ਰਹਿ ਗਿਆ ਕਿਉਂਕਿ ਧਰਤੀ ਹੇਠਲਾ ਪਾਣੀ 600 ਫੁੱਟ ਦੀ ਡੂੰਘਾਈ ‘ਤੇ ਚਲਾ ਗਿਆ। ਮਾਨ ਨੇ ਕਿਹਾ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ 80 ਫ਼ੀਸਦੀ ਪੰਜਾਬ ਡਾਰਕ ਜੋਨ ਵਿੱਚ ਆ ਗਿਆ ਹੈ। ਮਾਨ ਨੇ ਕਿਹਾ ਕਿ ਅਸੀਂ ਸਿਰਫ 34 ਫੀਸਦੀ ਨਹਿਰੀ ਪਾਣੀ ਦਾ ਉਪਯੋਗ ਕਰ ਰਹੇ ਹਾਂ ਜਦਕਿ ਰਾਜਸਤਾਨ 90 ਫੀਸਦੀ ਤੋਂ ਉੱਪਰ ਨਹਿਰੀ ਪਾਣੀ ਦਾ ਇਸਤੇਮਾਲ ਕਰ ਰਿਹਾ ਹੈ।
ਮਾਨ ਨੇ ਕਿਹਾ ਕਿ ਜੇਕਰ ਅਸੀਂ ਪਹਿਲੇ ਪੜਾਅ ਵਿੱਚ ਨਹਿਰੀ ਪਾਣੀ ਦੇ ਇਸਤੇਮਾਲ ਨੂੰ 34 ਫ਼ੀਸਦੀ ਤੋਂ 60 ਫ਼ੀਸਦੀ ਤੱਕ ਲੈ ਜਾਈਏ ਤਾਂ ਪੰਜਾਬ ਵਿੱਚ 14 ਲੱਖ ਟਿਊਵਬੈਲ ਵਿੱਚੋਂ 4 ਲੱਖ ਟਿਊਵਬੈਲ ਬੰਦ ਹੋ ਜਾਣਗੇ। ਮਾਨ ਨੇ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਨਾਲ ਜ਼ਮੀਨੀ ਪਾਣੀ ਬਚੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਹਿਰੀ ਪਾਣੀ ਦੀ ਵਰਤੋਂ ਕਰਨ ਦੀ ਵੱਧ ਲੋੜ ਹੈ।
ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਬਚਾਏਗੀ ਚਾਹੇ ਉਹਦੇ ਲਈ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਕੇ ਹੀ ਰਹਿਣਗੇ।