‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਡੇਰਾ ਬਾਬਾ ਨਾਨਕ ਪਹੁੰਚ ਗਏ ਹਨ। ਉਹ ਲਾਂਘੇ ਰਾਹੀਂ ਹੋਰ ਕੈਬਨਿਟ ਮੰਤਰੀਆਂ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਇੱਥੇ ਦੱਸ ਦਈਏ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਨਜੂਰੀ ਨਹੀਂ ਮਿਲੀ ਹੈ। ਉਹ 20 ਨਵੰਬਰ ਯਾਨੀ ਸ਼ਨੀਵਾਰ ਨੂੰ ਆਪਣੇ ਜਥੇ ਨਾਲ ਕਰਤਾਰਪੁਰ ਜਾਣਗੇ। ਸਿੱਧੂ ਨੇ ਮੰਗਲਵਾਰ ਨੂੰ ਕਰਤਾਰਪੁਰ ਜਾਣ ਲਈ ਅਪਲਾਈ ਕੀਤਾ ਸੀ। ਰਿਪੋਰਟ ਮੁਤਾਬਕ ਚੰਨੀ ਨਾਲ ਅੱਜ 100 ਦੇ ਕਰੀਬ ਲੋਕ ਇਤਿਹਾਸਕ ਕਰਤਾਰਪੁਰ ਜਾ ਰਹੇ ਹਨ। ਚੰਨੀ ਦੀ ਇਹ ਯਾਤਰਾ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਨਿਕਲ ਰਹੀ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।
ਮੁੱਖ ਮੰਤਰੀ ਨਾਲ ਜਥੇ ਵਿੱਚ 15 ਤੋਂ 20 ਮੰਤਰੀਆਂ/ ਵਿਧਾਇਕਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚ ਓ.ਪੀ.ਸੋਨੀ, ਅਰੁਣ ਚੌਧਰੀ, ਸੰਗਤ ਸਿੰਘ ਗਿਲਜੀਆਂ, ਪ੍ਰਗਟ ਸਿੰਘ, ਰਾਜਾ ਵੜਿੰਗ, ਹਰੀਸ਼ ਚੌਧਰੀ, ਕੁਲਜੀਤ ਨਾਗਰਾ, ਪਵਨ ਗੋਇਲ, ਕੁਲਬੀਰ ਜੀਰਾ, ਹਰਮਿੰਦਰ ਗਿੱਲ ਸ਼ਾਮਲ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਪਾ, ਭਾਰਤ ਭੂਸ਼ਣ ਆਸ਼ੂ, ਰਣਦੀਪ ਨਾਭਾ ਅਤੇ ਡਾ. ਰਾਜ ਕੁਮਾਰ ਵੇਰਕਾ ਸਮੇਤ ਕੁੱਲ 12 ਮੰਤਰੀ ਤੇ ਵਿਧਾਇਕ ਸ਼ੁੱਕਰਵਾਰ ਨੂੰ ਪਾਕਿਸਥਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਣਗੇ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਬੀਤੇ ਕੱਲ੍ਹ ਯਾਨੀ ਬੁੱਧਵਾਰ ਨੂੰ ਹੀ ਖੋਲ੍ਹਿਆ ਗਿਆ ਸੀ। ਇਹ ਵੀਜ਼ਾ ਮੁਕਤ ਕੋਰੀਡੋਰ ਹੈ। ਯਾਨੀ ਭਾਰਤੀ ਨਾਗਰਿਕਾਂ ਨੂੰ ਇੱਥੇ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੈ। 28 ਮੈਂਬਰੀ ਬੈਚ ਨੇ ਬੁੱਧਵਾਰ ਨੂੰ ਇੱਥੇ ਦੌਰਾ ਕੀਤਾ ਸੀ। ਇਸ ਵਿੱਚ ਪੰਜ ਪਿਆਰੇ ਵੀ ਸ਼ਾਮਲ ਸਨ। ਇਹ ਲੋਕ ਕੱਲ੍ਹ ਸਵੇਰੇ 11 ਵਜੇ ਪਾਕਿਸਤਾਨ ਵਿੱਚ ਦਾਖ਼ਲ ਹੋਏ ਸਨ।