ਆਮ ਆਦਮੀ ਪਾਰਟੀ (AAP) ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਲਈ ਕਮਰ ਕੱਸੀ ਹੋਈ ਹੈ। ਇਸੇ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਚਰਖੀ ਦਾਦਰੀ ਵਿੱਚ ਰੈਲੀ ਕਰ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਵੱਲੋਂ ਹਰਿਆਣਾ ਵਿੱਚ ਬਦਲਾਅ ਲਿਆਉਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਭਾਜਪਾ ‘ਤੇ ਤੰਜ ਕੱਸਦੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਨੂੰ ਡਬਲ ਇੰਜਣ ਦੀ ਸਰਕਾਰ ਦਿੱਤੀ ਸੀ ਪਰ ਭਾਜਪਾ ਨੇ ਹਰਿਆਣਾ ਵਿੱਚ ਆਪਣਾ ਇੰਜਣ ਕਿਉਂ ਬਦਲ ਦਿੱਤਾ। ਉਨ੍ਹਾਂ ਪੁੱਛਿਆ ਕਿ ਕੀ ਮਨੋਬਰ ਲਾਲ ਖੱਟਰ ਦਾ ਇੰਜਣ ਖਰਾਬ ਹੋ ਗਿਆ ਸੀ, ਇਸ ਕਰਕੇ ਉਸ ਨੂੰ ਬਦਲ ਕੇ ਨਵਾਂ ਇੰਜਣ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਡਬਲ ਇੰਜਣ ਦੀ ਨਹੀਂ ਨਵੇਂ ਇੰਜਣ ਦੀ ਲੋੜ ਹੈ। ਦੇਸ਼ ਵਿੱਚ ਹੁਣ ਸੀ.ਐਨ.ਜੀ ਵਾਲੇ ਇੰਜਣ ਆ ਗਏ ਹਨ ਪਰ ਭਾਜਪਾ ਵਾਲੇ ਹਾਲੇ ਵੀ ਕੋਲੇ ਵਾਲੇ ਇੰਜਣ ਚਲਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿ ਰਹੇ ਹਨ ਵਿਰੋਧੀ ਪਾਰਟੀਆਂ ਜੇਕਰ ਸੱਤਾ ਵਿੱਚ ਆਈਆਂ ਤਾਂ ਇਹ ਤੁਹਾਡੇ ਮੰਗਲ ਸੂਤਰ ਅਤੇ ਭੇਡਾਂ ਬੱਕਰੀਆਂ ਲੁੱਟ ਲੈਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਬੰਗਲਾਦੇਸ਼ ਵਿੱਚ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਦੇ ਘਰ ਨੂੰ ਲੁੱਟਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਤਾਨਾਸ਼ਾਹੀ ਵੱਧ ਜਾਂਦੀ ਹੈ ਤਾਂ ਲੋਕ ਲੀਡਰਾਂ ਦੀਆਂ ਬੱਕਰੀਆਂ ਵੀ ਖੋਲ ਲੈਂਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਦਾ ਅੰਤ ਮਾੜਾ ਹੁੰਦਾ ਹੈ। ਜੇਕਰ ਲੋਕਾਂ ਨੂੰ ਤੰਗ ਕਰੋਗੇ ਤਾਂ ਫਿਰ 15 -20 ਮਿੰਟਾਂ ਵਿੱਚ ਦੇਸ਼ ਛੱਡ ਕੇ ਭੱਜਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ੇਖ ਹਸੀਨਾ ਭਾਰਤ ਵਿੱਚ ਹੀ ਆਈ ਹੈ। ਉਸ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਸਿਖਾ ਦੇਣ ਕਿ ਤਾਨਾਸ਼ਾਹੀ ਦਾ ਕੀ ਨਤੀਜਾ ਹੁੰਦਾ ਹੈ। ਸ਼ੇਖ ਹਸੀਨਾ ਪ੍ਰਧਾਨ ਮੰਤਰੀ ਨੂੰ ਦੱਸ ਦੇਣ ਕਿ ਕਿ ਭੱਜਣਾ ਕਿਵੇਂ ਹੈ ਜਾਂ ਫਿਰ ਇਹ ਸਿਖਾ ਦੇਣ ਕਿ ਅਜਿਹੇ ਕੰਮ ਨਹੀਂ ਕਰਨੇ ਜਿਸ ਨਾਲ ਭੱਜਣ ਦੀ ਲੋੜ ਨਾ ਪਵੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਬਦਲਾਅ ਦੀ ਜ਼ਰੂਰਤ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦੇ 90 ਫੀਸਦੀ ਘਰਾਂ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ। ਦਿੱਲੀ ਵਿੱਚ ਸਾਡੀ ਸਰਕਾਰ ਨੇ ਵਧੀਆ ਸਕੂਲ ਅਤੇ ਹਸਪਤਾਲ ਬਣਾਏ ਹਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੌਕਾ ਦੇ ਕੇ ਬਦਲਾਅ ਲਿਆਂਦਾ ਜਾਵੇ।
ਇਹ ਵੀ ਪੜ੍ਹੋ- ਕਬੱਡੀ ਜਗਤ ਵਿੱਚ ਸੋਗ ਦੀ ਲਹਿਰ! ਮਸ਼ਹੂਰ ਰੇਡਰ ਦੀ ਮੌਤ