Punjab

ਮੁੱਖ ਮੰਤਰੀ ਮਾਨ ਨੇ ਕੀਤੀ ਯੂਨੀਵਰਸਿਟੀ ਨੂੰ ਕਿਸਾਨਾਂ ਨਾਲ ਤਾਲਮੇਲ ਬਣਾਉਣ ਦੀ ਅਪੀਲ,ਕਿਹਾ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ ਲੋੜ

ਲੁਧਿਆਣਾ :  ਦੋ ਸਾਲਾਂ ਬਾਅਦ ਪੰਜਾਬ ਕਿਸਾਨ ਯੂਨੀਵਰਸਿਟੀ ਦੇ ਵਿਹੜੇ ਦੋ ਦਿਨਾਂ ਕਿਸਾਨ ਮੇਲੇ ਦਾ ਆਯੋਜਨ ਹੋਇਆ ਹੈ । ਇਸ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿਥੇ ਮੁੱਖ ਮੰਤਰੀ ਪੰਜਾਬ ਨੇ ਕਈ ਅਪੀਲਾਂ ਕੀਤੀਆਂ ਹਨ,ਉਥੇ ਕਿਸਾਨੀ ਨੂੰ ਮੁਸ਼ਕਿਲਾਂ ਵਿੱਚੋਂ ਕੱਢਣ ਦੀ ਵਚਨਬੱਧਤਾ ਵੀ ਦੁਹਰਾਈ ਹੈ । ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਵਿੱਚ ਆਪਣੇ ਪੁਰਾਣੇ ਦਿਨ ਚੇਤੇ ਕਰਦਿਆਂ ਹੋਇਆ ਕਿਹਾ ਕਿ ਉਹ ਬਚਪਨ ਤੋਂ ਹੀ ਇਹਨਾਂ ਮੇਲਿਆਂ ਵਿੱਚ ਸ਼ਿਰਕਤ ਕਰਦੇ ਆ ਰਹੇ ਹਨ।

ਉਹਨਾਂ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਯੂਨੀਵਰਸਿਟੀ ਨੂੰ ਕਿਸਾਨਾਂ ਨਾਲ ਤਾਲਮੇਲ ਬਣਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਕਿਸਾਨੀ ਖਤਰੇ ਵਿੱਚ ਹੈ,ਮੁਸੀਬਤਾਂ ਵਿੱਚ ਹੈ। ਸੋ ਹੁਣ ਯੂਨੀਵਰਸਿਟੀ ਨੂੰ ਖੇਤਾਂ ਵਿੱਚ ਜਾਣਾ ਪਵੇਗਾ। ਪੰਜਾਬ ਦਾ ਕਿਸਾਨ ਮਿਹਨਤੀ ਹੈ,ਜੋ ਆਪਣੇ ਪਰਿਵਾਰ ਸਣੇ ਖੇਤਾਂ ਵਿੱਚ ਮਿਹਨਤ ਕਰਨ ਲੱਗਿਆ ਹੁੰਦਾ ਹੈ। ਸੋ ਇਸ ਨੂੰ ਦਰਪੇਸ਼ ਆਉਂਦੀਆਂ ਮੁਸੀਬਤਾਂ ਦੇ ਹੱਲ ਲਈ ਹੁਣ ਏਸੀ ਵਾਲੇ ਕਮਰਿਆਂ ਵਿੱਚੋਂ ਬਾਹਰ ਨਿਕਲ ਕੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਫਸਲਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਦਾ ਇਲਾਜ ਬਿਨਾਂ ਯੂਨੀਵਰਸਿਟੀ ਦੀ ਸਲਾਹ ਤੋਂ ਨਾ ਕਰਨ ਤੇ ਨਾਂ ਹੀ ਕਿਸੇ ਹੋਰ ਦੇ ਆਖੇ ਲੱਗ ਕੇ ਦਵਾਈਆਂ ਦੀ ਵਰਤੋਂ ਕਰਨ। ਉਹਨਾਂ ਇਹ ਵੀ ਕਿਹਾ ਕਿ ਖਰਾਬ ਬੀਜ ਮਿੱਟੀ ਵਿੱਚ ਹੀ ਰੱਲ ਗਿਆ ਹੈ,ਇਸ ਦਾ ਹੱਲ ਲੱਭਣਾ ਪਵੇਗਾ।ਯੂਨੀਵਰਸਿਟੀ ਪਹਿਲਾਂ ਆਪਣੀ ਜ਼ਮੀਨ ਤੇ ਪਹਿਲਾਂ ਤਜ਼ਰਬਾ ਕਰੇ,ਕਿਸਾਨ ਫਿਰ ਉਸ ਨੂੰ ਆਪੇ ਅਪਨਾ ਲੈਣਗੇ।

ਪੰਜਾਬ ਤੋਂ ਵਿਦੇਸ਼ਾਂ ਨੂੰ ਰੁੱਖ ਕਰਦੀ ਨੌਜਵਾਨੀ ਦੀ ਗੱਲ ਕਰਦਿਆ ਉਹਾਨਂ ਕਿਹਾ ਹੈ ਕਿ ਇਸ ਦਾ ਪੱਕਾ ਹੱਲ ਕਢਣਾ ਪਊਗਾ ਤੇ ਹੋਰ ਸੰਭਾਵਨਾਵਾਂ ਪੰਜਾਬ ਵਿੱਚ ਹੀ ਤਲਾਸ਼ ਕਰਨੀਆਂ ਪੈਣਗੀਆਂ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਉਹਨਾਂ  ਇਹ ਵੀ ਕਿਹਾ ਹੇੈ ਕਿ ਹਰੀ ਕ੍ਰਾਂਤੀ ਤੋਂ ਬਾਅਦ ਹੋਰ ਸੂਬਿਆਂ ਦੀ ਜ਼ਮੀਨ ਵੀ ਉਪਜ ਦੇਣ ਲੱਗ ਪਈ ਸੀ ,ਜਿਸ ਕਾਰਣ ਹੁਣ ਪੰਜਾਬ ਨੂੰ ਅਣਦੇਖਿਆਂ ਕੀਤਾ ਜਾ ਰਿਹਾ ਹੈ। ਪੰਜਾਬੀਆਂ ਦੀ ਖੁਰਾਕ ਵਿੱਚ ਚੋਲ ਸ਼ਾਮਲ ਨਹੀਂ ਹਨ। ਇਸ ਲਈ ਝੋਨੇ ਦੀ ਫਸਲ ‘ਤੇ ਜ਼ੋਰ ਘਟਾਇਆ ਜਾਵੇ। ਪੰਜਾਬ ਵਿੱਚ ਪਾਣੀ ਦੇ ਪੱਧਰ ਦੇ ਖਤਰਨਾਕ ਹਾਲਾਤ ਹਨ। ਅੱਜ ਪਾਣੀ ਤੀਜੀ ਪਰਤ ਤੱਕ ਪਹੁੰਚ ਗਿਆ ਹੈ। ਪੰਜਾਬ ਨੇ ਦੇਸ਼ ਨੂੰ ਚੌਲ ਨਹੀਂ ਦਿਤੇ ,ਸਗੋਂ ਆਪਣਾ ਪਾਣੀ ਦੇ ਦਿੱਤਾ ਹੈ।

ਐਮਐਸਪੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਕਿਸਾਨ ਹੋਰ ਫਸਲ ਬੀਜਣ ਨੂੰ ਤਿਆਰ ਹਨ,ਜੇਕਰ ਉਹਨਾਂ ਨੂੰ ਐਮਐਸਪੀ ਮਿਲੇ। ਉਹਨਾਂ ਦੱਸਿਆ ਕਿ ਨੀਤੀ ਆਯੋਗ ਦੀ ਮੀਟਿੰਗ ਵਿੱਚ ਐਮਐਸਪੀ ਦੀ ਮੰਗ ਕੀਤੀ ਗਈ ਸੀ। ਕੋਂਦਰ ਤੋਂ ਵੀ ਹੋਰ ਫਸਲਾਂ ‘ਤੇ ਐਮਐਸਪੀ ਦੀ ਮੰਗ ਕੀਤੀ ਗਈ ਹੈ । ਯੂਨੀਵਰਸਿਟੀ ਵੀ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਵਰਤਣ ਦਾ ਤਜ਼ਰਬਾ ਕਰ ਰਹੀ ਹੈ ।

ਉਹਨਾਂ ਪਾਣੀਆਂ ਨੂੰ ਸਾਫ ਕਰਨ ਦੀ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਪਹਿਲੀ ਵਾਰ ਸੋਚਿਆ ਜਾ ਰਿਹਾ ਹੈ ਕਿ ਪੰਜਾਬ ਦੇ ਪਾਣੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ।ਪੰਜਾਬ ਦੇ ਦਰਿਆਵਾਂ ,ਨਹਿਰਾਂ ਦਾ ਬੁਰਾ ਹਾਲ ਹੋ ਗਿਆ ਹੈ । ਪਹਿਲਾਂ ਪਾਣੀ ਸਾਫ ਸੀ ਪਰ ਹੁਣ ਇਸ ਵਿੱਚ ਕਚਰਾ ਤੇ ਹੋਰ ਖਤਰਨਾਕ ਰਾਸਾਇਣ  ਮਿਲ ਗਏ ਹਨ।

ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਕੂੜਾ ਖਤਮ ਕਰਨ ਵਾਲੀਆਂ ਨਵੀਆਂ ਤਕਨੀਕਾਂ ਲੈ ਕੇ ਆ ਰਹੀ ਹੈ।ਪਰਾਲੀ ਨੂੰ ਸਾਂਭਣ ਲਈ ਵੀ ਸਰਕਾਰ ਹੱਲ ਕੱਢਣ ਦੀਆਂ ਕੋਸ਼ਿਸਾਂ ਕਰ ਰਹੀ ਹੈ। ਪਰਾਲੀ ਨੂੰ ਸਾੜਨ ਦੇ ਕਾਰਨਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਕਿਸਾਨ ਨੇ ਝੋਨਾ ਵੱਢਣ ਤੋਂ ਬਾਅਦ 10 ਦਿਨ ਤੱਕ ਅਗਲੀ ਫਸਲ ਬੀਜਣੀ ਹੁੰਦਾ ਹੈ ,ਇਸ ਲਈ ਕਿਸਾਨ ਕੋਲ ਕੋਈ ਹੋਰ ਹੱਲ ਨਹੀਂ ਹੁੰਦਾ। ਇਸ ਲਈ ਉਹਨਾਂ ਨੂੰ ਪਰਾਲੀ ਦਾ ਹੱਲ ਕਰਨ ਲਈ ਨਵੇਂ ਸਾਧਨ ਉਪਲਬਧ ਕਰਵਾਏ ਦਾਣੇ ਚਾਹੀਦੇ ਹਨ। ਪੰਜਾਬ ਸਰਕਾਰ ਆਉਂਦੇ 2-3 ਦਿਨਾਂ ਤੱਕ  ਪਰਾਲੀ ਬਾਰੇ ਨਵੀਂ ਨੀਤੀ ਦਾ ਐਲਾਨ ਕਰ ਸਕਦੀ ਹੈ। ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਲਈ ਬਾਇਓ ਗੈਸ ਪਲਾਂਟ ਲੱਗ ਰਹੇ ਹਨ। ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਲਹਿਰਾਗਾਗਾ ਦੇ ਕੋਲ ਇੱਕ ਵਿਦੇਸ਼ੀ ਕੰਪਨੀ ਗੈਸ ਬਣਾਉਣ ਦਾ ਪਲਾਂਟ ਲਗਾਏਗੀ ,ਜਿਸ ਵਿੱਚ 33 ਟੱਨ ਪਰਾਲੀ ਦਾ ਇੱਕ ਦਿਨ ਵਿੱਚ ਨਿਪਟਾਰਾ ਹੋਵੇਗਾ ਤੇ ਆਉਣ ਵਾਲੀ 18 ਤਰੀਕ ਨੂੰ ਇਸ ਦਾ ਉਦਘਾਟਨ ਹੋਵੇਗਾ।

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਪਰਾਲੀ ਨਹੀਂ ਸਾੜੀ, ਉਨ੍ਹਾਂ ਦਾ ਫਸਲੀ ਝਾੜ ਵਧੀਆ ਹੋਇਆ ਹੈ,ਸੋ ਇਹ ਤਜ਼ਰਬਾ ਵੀ ਕਿਸਾਨ ਕਰ ਕੇ ਦੇਖਣ । ਕਿਸਾਨਾਂ ਨੂੰ ਸਵਾਲ ਕਰਦੇ ਹੋਏ ਉਹਨਾਂ ਕਿਹਾ ਕਿ ਕਿਸਾਨ ਦੱਸਣ ਕਿ ਕੀ ਬੀਜਣਾ ਹੈ, ਸਰਕਾਰ ਉਹਨਾਂ ਦੇ  ਨਾਲ ਚੱਲੇਗੀ। ਉਹਦੀ ਮਾਰਕਿਟਿੰਗ ਵਿੱਚ ਸਰਕਾਰ ਮਦਦ ਕਰੇਗੀ।
ਉਹਨਾਂ ਖੁਲਾਸਾ ਕੀਤਾ ਕਿ ਪਠਾਨਕੋਟ ਦੀ ਲੀਚੀ ਸੰਸਾਰ ਭਰ ਵਿੱਚ ਸਭ ਤੋਂ ਮੀਠੀ ਮੰਨੀ ਗਈ ਹੈ ਤੇ ਇਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੇਚਿਆ ਜਾ ਸਕਦਾ ਹੈ ।ਇਸੇ ਤਰਾਂ ਨਾਲ ਅਬੋਹਰ ਫਾਜ਼ਿਲਕਾ ਦੇ ਕਿਨੂੰ ,ਗੁੱੜ ਤੇ ਗੰਨੇ ਦੀ ਵੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚੰਗੀ ਕੀਮਤ ਮਿਲ ਸਕਦੀ ਹੈ।ਵੇਰਕਾ ਦੇ ਪਦਾਰਥਾਂ ਨੂੰ ਦੁਨਿਆ ਭਰ ਵਿੱਚ ਵੇਚਿਆ ਜਾ ਸਕਦਾ ਹੈ । ਪੰਜਾਬ ਦੀਆਂ ਵਸਤਾਂ ਨੂੰ ਅੰਤਰਾਸ਼ਟਰੀ ਪੱਧਰ ਤੇ ਮੰਗ ਵੱਧ ਸਕਦੀ ਹੈ ਪਰ ਇਸ ਲਈ ਪ੍ਰੋਸੈਸਿੰਗ ਪਲਾਂਟਾਂ ਦੀ ਜ਼ਰੂਰਤ ਹੋਵੇਗੀ ਤੇ ਸਰਕਾਰ ਇਸ ਲਈ ਕੰਮ ਕਰੇਗੀ।

ਉਹਨਾਂ ਪੰਜਾਬ ਦੇ ਲੋਕਾਂ ਨੂੰ ਫੋਕੇ ਦਿਖਾਵਿਆਂ ਤੋਂ ਬਚਣ ਤੇ ਵਿਆਹਾਂ, ਹੋਰ ਸਮਾਜਿਕ ਸਮਾਗਮਾਂ ਵਿੱਚ ਬੇਲੋੜੇ ਖਰਚੇ ਤੇ ਰਿਵਾਜ਼ ਬੰਦ ਕਰਨ ਦੀ ਸਲਾਹ ਵੀ ਦਿੱਤੀ ਹੈ।
ਮਾਨ ਨੇ ਪੰਜਾਬ ਨੂੰ ਕਾਮਯਾਬ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ ਤੇ ਕਿਹਾ ਹੈ ਕਿ ਜੇਕਰ ਕੋਈ ਨਵਾਂ ਤਜਰਬਾ ਕਰਦਾ ਹੈ,ਕਾਮਯਾਬ ਹੁੰਦਾ ਹੈ ਤਾਂ ਉਸ ਨੂੰ ਖੁੱਦ ਵੀ ਕਰ ਕੇ ਦੇਖੋ।ਪੰਜਾਬ ਦੇ ਕਿਸਾਨਾਂ ਦੀ ਮਿਹਨਤ ‘ਤੇ ਕੋਈ ਸ਼ੱਕ ਨਹੀਂ ਹੈ। ਪੰਜਾਬੀ ਅਮਰੀਕਾ ਕੈਨੇਡਾ ਜਾ ਕੇ ਸਫਲ ਹੋ ਸਕਦੇ ਹਨ ਤਾਂ ਪੰਜਾਬ ਵਿੱਚ ਵੀ ਹੋ ਸਕਦੇ ਹਨ। ਬੱਸ ਇਥੇ ਖਰਾਬ ਸਿਸਟਮ ਨੂੰ ਸਹੀ ਕਰਨ ਦੀ ਲੋੜ ਹੈ ।

ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਨੌਕਰੀਆਂ ਵੇਲੇ ਯੋਗਤਾ ਦੇਖੀ ਜਾਵੇਗੀ,ਰਿਸ਼ਵਤਖੋਰੀ ਤੇ ਸਿਫਾਰਸ਼ ਨਹੀਂ ਚਲੇਗੀ। ਸਰਕਾਰੀ ਦਫਤਰਾਂ ਵਿੱਚ ਵੀ ਜੇਕਰ ਤੁਹਾਡੇ ਤੋਂ ਕੋਈ ਰਿਸ਼ਵਤ ਦੀ ਮੰਗ ਨਹੀਂ ਕਰੇਗਾ ।ਉਹਨਾਂ ਸਰਕਾਰੀ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਮਦਦ ਕਰਨ।